ਵਾਹਿਗੁਰੂ ਜੀ ਦੀ ਸਾਜੀ ਸ੍ਰਿਸ਼ਟੀ ਵਿਚ ਕਿੰਨੇ ਹੀ ਦਰੱਖ਼ਤ, ਜੜ੍ਹੀ ਬੂਟੀਆਂ ਇਨਸਾਨ ਦੇ ਦੁਖਾਂ ਦਾ ਨਾਸ ਕਰਦੇ ਹਨ। ਅਸੀ ਜਾਗਰੂਕ ਨਾ ਹੁੰਦੇ ਹੋਏ, ਅਪਣਾ ਤੇ ਅਪਣੇ ਪੈਸੇ ਦਾ ਨੁਕਸਾਨ ਕਰ ਬੈਠਦੇ ਹਾਂ। ਵਿਦੇਸ਼ੀ ਕੰਪਨੀਆਂ ਇਨ੍ਹਾਂ ਉਤੇ ਖੋਜ ਕਰ ਕੇ ਸਾਨੂੰ ਹੀ ਮਹਿੰਗੇ ਭਾਅ ਵੇਚ ਦਿੰਦੀਆਂ ਹਨ ਜੋ ਸਾਡੇ ਮੂੰਹ ਉਤੇ ਵੱਜੀ ਇਕ ਕਰਾਰੀ ਚਪੇੜ ਹੈ। ਹਲਦੀ, ਪਿਆਜ਼, ਲੱਸਣ, ਐਲੋਵੇਰਾ ਨਾਂ ਦੇ ਉਤਪਾਦ ਬਾਜ਼ਾਰ ਵਿਚ ਆਮ ਹੀ ਵੇਖਣ ਨੂੰ ਮਿਲ ਜਾਂਦੇ ਹਨ। ਕੰਪਨੀਆਂ ਕਰੋੜਾਂ ਕਮਾ ਕੇ ਭੰਗੜਾ ਪਾਉਂਦੀਆਂ ਹਨ। ਇਨ੍ਹਾਂ ਅਨਮੋਲ ਕੀਮਤੀ ਜੜ੍ਹੀ-ਬੂਟੀਆਂ, ਰੁੱਖਾਂ ਤੋਂ ਅਣਜਾਣ ਹੋ ਕੇ, ਆਪਾਂ ਕੋਈ ਸਮਝਦਾਰੀ ਵਾਲਾ ਕੰਮ ਨਹੀਂ ਕਰ ਰਹੇ।
ਇਨ੍ਹਾਂ ਰੁੱਖਾਂ ਵਿਚ ਇਕ ਰੁੱਖ ਹੈ ਸੁਹਾਂਜਣਾ, ਜਿਸ ਨੂੰ ਹਿੰਦੀ ਵਿਚ ਸਹਿਜਨ, ਪੰਜਾਬੀ ਵਿਚ ਸੁਹਾਂਜਣਾ, ਅੰਗਰੇਜ਼ੀ ਵਿਗਿਆਨਕ ਨਾਂ ਹੋਰਸ ਟ੍ਰੀ ਮੋਰਿੰਗਾ, ਅੋਲੀਫੇਰਾ, ਅਲੱਗ-ਅਲੱਗ ਪ੍ਰਦੇਸ਼ਾਂ ਵਿਚ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਸ ਵਿਚ ਵਿਟਾਮਿਨ, ਪ੍ਰੋਟੀਨ, ਪੋਟਾਸ਼ੀਅਮ, ਆਇਰਨ, ਕੈਲਸ਼ੀਅਮ ਵਿਟਾਮਿਨ ਸੀ, ਏ, ਬੀ ਕੰਪਲੈਕਸ ਹੁੰਦੇ ਹਨ। ਦੁਨੀਆਂ ਦਾ ਬਹੁਤ ਵਧੀਆ ਮਲਟੀ ਵਿਟਾਮਿਨ ਹੈ, ਇਸ ਵਿਚ ਵਿਟਾਮਿਨ ਸੀ ਸੰਗਤਰੇ ਤੋਂ 7 ਗੁਣਾਂ, ਵਿਟਾਮਿਨ-ਏ ਗਾਜਰਾਂ ਤੋਂ 4 ਗੁਣਾਂ, ਕੈਲਸ਼ੀਅਮ ਦੁੱਧ ਤੋਂ 4 ਗੁਣਾਂ, ਪੋਟਾਸ਼ੀਅਮ ਕੇਲੇ ਤੋਂ 3 ਗੁਣਾਂ, ਪ੍ਰੋਟੀਨ ਦਹੀਂ ਤੋਂ 3 ਗੁਣਾਂ ਵੱਧ ਦਸਿਆ ਗਿਆ ਹੈ।
ਇਸ ਦੇ ਬੀਜ ਚਬਾਉਣ ਵੇਲੇ ਕੌੜੇ ਤੇ ਬਾਅਦ ਵਿਚ ਮੂੰਹ ਮਿੱਠਾ-ਮਿੱਠਾ ਤੇ ਤਰੋਤਾਜ਼ਾ ਕਰ ਦਿੰਦੇ ਹਨ। ਇਹ ਵੀ ਕੁਦਰਤ ਦਾ ਬਹੁਤ ਵੱਡਾ ਗੁਣ ਹੈ, ਨਹੀਂ ਤਾਂ ਕੌੜੇ ਤੇ ਮਿੱਠੇ ਦਾ ਇਕੋ ਚੀਜ਼ ਵਿਚੋਂ ਸੁਆਦ ਕਿਥੋਂ ਆ ਸਕਦਾ ਹੈ? ਇਹ ਰੁੱਖ ਬਹੁਤ ਉੱਚਾ ਨਹੀਂ ਹੁੰਦਾ, ਪੱਤੇ ਬਰੀਕ ਤੇ ਸੰਘਣੇ ਹੁੰਦੇ ਹਨ। ਅਪ੍ਰੈਲ, ਮਈ ਵਿਚ ਫਲੀਆਂ ਲਟਕਦੀਆਂ ਦਿਖ ਜਾਂਦੀਆਂ ਹਨ। ਵੱਡਾ ਹੀ ਗੁਣਕਾਰੀ ਰੁੱਖ ਹੈ। ਇਸ ਦੇ ਪੱਤੇ ਤੋੜ ਕੇ ਛਾਂ ਵਿਚ ਸੁਕਾ ਕੇ ਪਾਊਡਰ ਬਣਾ ਲਉ। ਇਕ ਚਮਚ ਦੁੱਧ ਨਾਲ ਲਉ, ਚੰਗੇ ਤਾਕਤ ਦੇ ਕੈਪਸੂਲ ਦਾ ਮੂੰਹ ਤੋੜ ਜਵਾਬ ਹੈ। ਇਸ ਦੀ ਜੜ੍ਹ ਦਾ ਪਾਊਡਰ ਅੱਧਾ ਚਮਚ ਦੁੱਧ ਨਾਲ ਸਵੇਰੇ ਸ਼ਾਮ, ਨਾਮਰਦੀ ਵਿਚ ਬਹੁਤ ਫਾਇਦੇ ਮੰਦ ਹੈ।
ਇਸ ਦੀ ਗੋਂਦ ਥੋੜੀ ਜਹੀ ਮੂੰਹ ਵਿਚ ਰੱਖ ਕੇ ਚੂਸੇ, ਦੰਦਾਂ ਦਾ ਗਲਣਾ ਰੁੱਕ ਜਾਵੇਗਾ। ਇਸ ਦੀ ਛਾਲ ਦਾ ਪਾਊਡਰ 100 ਗ੍ਰਾਮ, ਹਿੰਗ 5 ਗ੍ਰਾਮ, ਸੁੰਢ 20 ਗਰਾਮ, ਇਲਾਇਚੀ ਛੋਟੀ ਬੀਜ 20 ਗ੍ਰਾਮ, ਪੁਦੀਨਾ ਸੱਤ 5 ਗ੍ਰਾਮ ਮਿਲਾ ਕੇ ਪਾਊਡਰ ਬਣਾਉ। ਇਸ ਨੂੰ ਪਾਣੀ ਵਿਚ ਘੋਟ ਕੇ 1-1 ਗ੍ਰਾਮ ਦੀਆਂ ਗੋਲੀਆਂ ਬਣਾ ਲਉ 1-1 ਗੋਲੀਆਂ 3 ਵਾਰ ਲਉ, ਪੇਟ ਦਰਦ, ਅਫਾਰਾ, ਪੇਟ ਗੈਸ ਠੀਕ ਹੋਵੇਗੀ। ਔਰਤਾਂ ਵਿਚ ਬੱਚੇ ਜਨਮ ਦੇਣ ਵੇਲੇ ਔਲ ਨਹੀਂ ਨਿਕਲਦੀ।
ਉਸ ਸਮੇਂ 100 ਗ੍ਰਾਮ ਛਿੱਲੜ ਦਾ ਕਾੜ੍ਹਾ ਬਣਾਉ, 20 ਗ੍ਰਾਮ ਗੁੜ ਪਾ ਕੇ ਪਿਲਾਉ, ਔਲ ਡਿੱਗ ਜਾਵੇਗੀ। ਲਿਵਰ ਦਾ ਕੈਂਸਰ ਹੋਵੇ ਤਾਂ 20 ਗ੍ਰਾਮ ਛਾਲ ਦਾ ਕਾੜ੍ਹਾ ਬਣਾ ਕੇ ਅਰੋਗਿਆਵਰਧਨੀ ਬਟੀ 2-2 ਗੋਲੀਆਂ ਤਿੰਨ ਵਾਰ ਦਿਉ, ਫਾਇਦਾ ਹੋਵੇਗਾ। ਇਸ ਦੀ ਛਿੱਲ ਗਠੀਆ ਲਿਵਰ, ਛਾਤੀ, ਕਫ਼ ਰੋਗਾਂ ਵਿਚ ਬਹੁਤ ਫਾਇਦਾ ਕਰਦੀ ਹੈ। ਬੱਚਿਆਂ ਦੇ ਪੇਟ ਦੇ ਕੀੜੇ ਇਸ ਦੇ ਪੱਤਿਆਂ ਦੇ ਰਸ ਨਾਲ ਖ਼ਤਮ ਹੋ ਜਾਂਦੇ ਹਨ। ਇਸ ਦੇ ਬੀਜ ਪੀਹ ਕੇ ਪਾਣੀ ਵਿਚ ਪਾ ਦਿਉ। ਪਾਣੀ ਕਾਫ਼ੀ ਹੱਦ ਤਕ ਸ਼ੁੱਧ ਹੋ ਜਾਂਦਾ ਹੈ। ਜੇਕਰ ਖਾਂਸੀ ਜ਼ੁਕਾਮ ਹੋਵੇ ਤਾਂ ਇਸ ਦੇ ਪੱਤੇ ਪਾਣੀ ਵਿਚ ਉਬਾਲੋ, ਗਰਮ-ਗਰਮ ਪਾਣੀ ਦੀ ਭਾਫ਼ ਲਉ। ਨੱਕ ਖ਼ੁੱਲ੍ਹ ਜਾਂਦਾ ਹੈ।