ਸਲੋਕ ਮਃ ੫ ॥ ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥ ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥ {ਪੰਨਾ 518} ਪਦਅਰਥ: ਧੂਰਿ = ਧੂੜ, ਖ਼ਾਕ। ਪੇਖਉ = ਵੇਖਾਂ। ਹਜੂਰਿ = ਅੰਗ ਸੰਗ, ਆਪਣੇ ਨਾਲ। ਅਰਥ: ਹੇ ਨਾਨਕ! ਇਉਂ ਆਖ, ਕਿ) ਹੇ ਸੱਜਣ! ਮੈਂ ਸਦਾ ਤੇਰੇ ਪੈਰਾਂ ਦੀ ਖ਼ਾਕ ਹੋਇਆ ਰਹਾਂ, ਮੈਂ ਤੇਰੀ ਸਰਨ ਪਿਆ ਰਹਾਂ ਅਤੇ ਤੈਨੂੰ ਹੀ ਆਪਣੇ ਅੰਗ-ਸੰਗ ਵੇਖਾਂ।੧। ਮਃ ੫ ॥ ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਣੀ ਮਨੁ ਲਾਗ ॥ ਅਠਸਠਿ ਤੀਰਥ ਨਾਮੁ ਪ੍ਰਭ ਜਿਸੁ ਨਾਨਕ ਮਸਤਕਿ ਭਾਗ ॥੨॥ {ਪੰਨਾ 518}
ਪਦਅਰਥ: ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਪੁਨੀਤ = ਪਵਿਤ੍ਰ। ਅਸੰਖ = ਬੇਅੰਤ (ਜੀਵ। ਅਠਸਠਿ = ਅਠਾਹਠ। ਮਸਤਕਿ = ਮੱਥੇ ਤੇ। ਅਰਥ: (ਵਿਕਾਰਾਂ ਵਿਚ) ਡਿੱਗੇ ਹੋਏ ਭੀ ਬੇਅੰਤ ਜੀਵ ਪਵਿਤ੍ਰ ਹੋ ਜਾਂਦੇ ਹਨ ਜੇ ਉਹਨਾਂ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਲੱਗ ਜਾਏ, ਪ੍ਰਭੂ ਦਾ ਨਾਮ ਹੀ ਅਠਾਹਠ ਤੀਰਥ ਹੈ, ਪਰ, ਹੇ ਨਾਨਕ! ਇਹ ਨਾਮ ਉਸ ਮਨੁੱਖ ਨੂੰ ਮਿਲਦਾ ਹੈ) ਜਿਸ ਦੇ ਮੱਥੇ ਤੇ ਭਾਗ (ਲਿਖੇ) ਹਨ।੨। ਪਉੜੀ ॥ ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ ॥ ਜਿਸ ਨੋ ਕਰੇ ਰਹੰਮ ਤਿਸੁ ਨ ਵਿਸਾਰਦਾ ॥ ਆਪਿ ਉਪਾਵਣਹਾਰ ਆਪੇ ਹੀ ਮਾਰਦਾ ॥ ਸਭੁ ਕਿਛੁ ਜਾਣੈ ਜਾਣੁ ਬੁਝਿ ਵੀਚਾਰਦਾ ॥ ਅਨਿਕ ਰੂਪ ਖਿਨ ਮਾਹਿ ਕੁਦਰਤਿ ਧਾਰਦਾ ॥ ਜਿਸ ਨੋ ਲਾਇ ਸਚਿ ਤਿਸਹਿ ਉਧਾਰਦਾ ॥ ਜਿਸ ਦੈ ਹੋਵੈ ਵਲਿ ਸੁ ਕਦੇ ਨ ਹਾਰਦਾ ॥ ਸਦਾ ਅਭਗੁ ਦੀਬਾਣੁ ਹੈ ਹਉ ਤਿਸੁ ਨਮਸਕਾਰਦਾ
॥੪॥ {ਪੰਨਾ 518-519} ਪਦਅਰਥ: ਸਾਸਿ = ਸਾਹ ਨਾਲ। ਗਿਰਾਸਿ = ਗਿਰਾਹੀ ਨਾਲ। ਸਾਸਿ ਗਿਰਾਸਿ = ਸਾਹ ਲੈਂਦਿਆਂ ਤੇ ਖਾਂਦਿਆਂ। ਪਰਵਦਿਗਾਰ = ਪਾਲਣ ਵਾਲਾ। ਰਹੰਮ = ਰਹਿਮ, ਤਰਸ। ਜਾਣੁ = ਅੰਤਰਜਾਮੀ। ਬੁਝਿ = ਬੁੱਝ ਕੇ, ਸਮਝ ਕੇ। ਸਚਿ = ਸੱਚ ਵਿਚ। ਅਭਗੁ = ਅ+ਭਗੁ, ਨਾਹ ਨਾਸ ਹੋਣ ਵਾਲਾ। ਦੀਬਾਣੁ = ਦਰਬਾਰ।
ਅਰਥ: (ਹੇ ਭਾਈ!) ਪਾਲਣਹਾਰ ਪ੍ਰਭੂ ਦਾ ਨਾਮ ਸਾਹ ਲੈਂਦਿਆਂ ਖਾਂਦਿਆਂ ਹਰ ਵੇਲੇ ਜਪਣਾ ਚਾਹੀਦਾ ਹੈ, ਉਹ ਪ੍ਰਭੂ ਜਿਸ ਬੰਦੇ ਉੱਤੇ ਮਿਹਰ ਕਰਦਾ ਹੈ ਉਸ ਨੂੰ (ਆਪਣੇ ਮਨੋਂ) ਭੁਲਾਂਦਾ ਨਹੀਂ, ਉਹ ਆਪ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਮਾਰਦਾ ਹੈ, ਉਹ ਅੰਤਰਜਾਮੀ (ਜੀਵਾਂ ਦੇ ਦਿਲ ਦੀ) ਹਰੇਕ ਗੱਲ ਜਾਣਦਾ ਹੈ ਤੇ ਉਸ ਨੂੰ ਸਮਝ ਕੇ (ਉਸ ਤੇ) ਵਿਚਾਰ ਭੀ ਕਰਦਾ ਹੈ, ਇਕ ਪਲਕ ਵਿਚ ਕੁਦਰਤਿ ਦੇ ਅਨੇਕਾਂ ਰੂਪ ਬਣਾ ਦੇਂਦਾ ਹੈ, ਜਿਸ ਮਨੁੱਖ ਨੂੰ ਉਹ ਸੱਚ ਵਿਚ ਜੋੜਦਾ ਹੈ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.