ਸ਼੍ਰੋਮਣੀ ਕਮੇਟੀ ਸਿਕਲੀਗਰ ਸਿੱਖ ਬੱਚਿਆਂ ਦੀ ਪੜ੍ਹਾਈ ਲਈ ਵੀ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੀ ਹੈ, ਜਿਸ ਤਹਿਤ ਇਸ ਸਾਲ ਵੀ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਪੜ੍ਹਦੇ ਸਿਕਲੀਗਰ ਸਿੱਖ ਬੱਚਿਆਂ ਦੀਆਂ ਫੀਸਾਂ ਅਦਾ ਕੀਤੀਆਂ ਜਾਣਗੀਆਂ। ਇਸ ਤਹਿਤ ਛੱਤੀਸਗੜ੍ਹ, ਆਂਧਰਾ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਵੱਖ-ਵੱਖ ਥਾਵਾਂ ’ਤੇ ਪੜ੍ਹਦੇ 150 ਤੋਂ ਵਧੇਰੇ ਬੱਚਿਆਂ ਨੂੰ ਫੀਸਾਂ ਦੀ ਸਹੂਲਤ ਦਿੱਤੀ ਜਾਵੇਗੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਗੁਰੂ ਘਰਾਂ ਅੰਦਰ ਸਿਰੋਪਾਓ ਦੀ ਵਰਤੋਂ ਸੀਮਤ ਕਰਨ ਲਈ ਵੀ ਅੰਤ੍ਰਿੰਗ ਕਮੇਟੀ ਨੇ ਵਿਚਾਰ ਕੀਤਾ ਹੈ।
ਇਸ ਤਹਿਤ ਭਵਿੱਖ ਵਿਚ ਗੁਰਦੁਆਰਾ ਸਾਹਿਬਾਨ ਅੰਦਰ ਦਰਬਾਰ ਵਿਚ ਸਿਰੋਪਾਓ ਲਈ ਨਿਯਮ ਬਣਾਏ ਜਾਣਗੇ, ਜਿਸ ਵਿਚ ਪੰਥਕ ਰਵਾਇਤਾਂ ਲਾਗੂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਗੁਰੂ ਘਰਾਂ ਵਿਚ ਪੁੱਜਦੀਆਂ ਅਹਿਮ ਸ਼ਖ਼ਸੀਅਤਾਂ ਨੂੰ ਗੁਰਦੁਆਰਾ ਸਾਹਿਬਾਨ ’ਚ ਗੁਰੂ ਦਰਬਾਰ ਦੀ ਥਾਂ ਪ੍ਰਬੰਧਕੀ ਦਫ਼ਤਰਾਂ ਵਿਚ ਸਨਮਾਨ ਦਿੱਤਾ ਜਾਇਆ ਕਰੇਗਾ। ਬਹੁਤਾਤ ਵਿਚ ਸਿਰੋਪਾਓ ਦੇ ਵਰਤੋਂ ਨੂੰ ਸੰਕੋਚਿਆ ਜਾਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਵਿਦਿਅਕ ਅਦਾਰਿਆਂ ਵਿਚ ਪੜ੍ਹਦੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਸਾਲਾਨਾ ਵਜੀਫਾ ਰਾਸ਼ੀ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅੰਤ੍ਰਿੰਗ ਕਮੇਟੀ ਨੇ ਛੱਤੀਸਗੜ੍ਹ, ਆਂਧਰਾ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਸੂਬਿਆਂ ਵਿਚ ਸਿਕਲੀਗਰ ਸਿੱਖਾਂ ਦੇ ਬੱਚਿਆਂ ਦੀਆਂ ਸਕੂਲ ਫੀਸਾਂ ਦੇਣ ਨੂੰ ਵੀ ਪ੍ਰਵਾਨਗੀ ਦਿੱਤੀ ਹੈ।
ਇਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸਿੱਖ ਨੌਜੁਆਨੀ ਨੂੰ ਸਿੱਖ ਵਿਰਸੇ ਅਤੇ ਪਛਾਣ ਨਾਲ ਜੋੜੀ ਰੱਖਣ ਦੇ ਮੰਤਵ ਨਾਲ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਹਰ ਸਾਲ ਵਜ਼ੀਫੇ ਦਿੱਤੇ ਜਾਂਦੇ ਹਨ, ਜਿਸ ਦੀ ਲਗਾਤਾਰਤਾ ਬਰਕਰਾਰ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਵਿਦਿਅਕ ਸੈਸ਼ਨ ਵਿਚ ਛੇਵੀਂ ਤੋਂ ਦੱਸਵੀਂ ਪੱਧਰ ਤੱਕ 3500 ਰੁਪਏ, ਗਿਆਰ੍ਹਵੀਂ ਤੋਂ ਬਾਰ੍ਹਵੀਂ ਤੱਕ 5000 ਰੁਪਏ, ਗ੍ਰੈਜੂਏਟ ਪੱਧਰ ਲਈ 8000 ਅਤੇ ਪੋਸਟ ਗ੍ਰੈਜੂਏਟ ਲਈ 10000 ਰੁਪਏ ਸਾਲਾਨਾ ਵਜੀਫਾ ਰਾਸ਼ੀ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ।