ਦਿੱਲੀ ਸਮੇਤ ਭਾਰਤ ਦੇ ਕਈ ਹਿੱਸਿਆਂ ‘ਚ ਆਉਣ ਵਾਲੇ 2 ਦਿਨਾਂ ‘ਚ ਭਿਆਨਕ ਗਰਮੀ ਦੀ ਸਥਿਤੀ ਬਣੀ ਰਹੇਗੀ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ ਅਗਲੇ 2 ਦਿਨਾਂ ਦੌਰਾਨ ਦੇਸ਼ ਦੇ ਉੱਤਰ-ਪੱਛਮੀ ਅਤੇ ਮੱਧ ਹਿੱਸਿਆਂ ਵਿੱਚ ਗਰਮੀ ਦਾ ਕਹਿਰ ਜਾਰੀ ਰਹੇਗਾ ਅਤੇ ਇਸ ਤੋਂ ਬਾਅਦ ਮੌਸਮ ਵਿੱਚ ਤਬਦੀਲੀ ਸੰਭਵ ਹੈ।
ਆਈਐਮਡੀ ਨੇ ਆਪਣੇ ਮੌਸਮ ਬੁਲੇਟਿਨ ਵਿੱਚ ਕਿਹਾ ਹੈ ਕਿ ਅਗਲੇ 2 ਦਿਨਾਂ ਦੌਰਾਨ ਉੱਤਰ ਪੱਛਮੀ ਅਤੇ ਮੱਧ ਭਾਰਤ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ ਅਤੇ ਅਗਲੇ 3 ਦਿਨਾਂ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਦੀ ਗਿਰਾਵਟ ਆਵੇਗੀ।
ਇਸ ਦੌਰਾਨ ਅਗਲੇ ਦੋ ਦਿਨਾਂ ਦੌਰਾਨ ਮਹਾਰਾਸ਼ਟਰ ਦੇ ਦੱਖਣੀ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਹੌਲੀ-ਹੌਲੀ 3 ਤੋਂ 4 ਡਿਗਰੀ ਤੱਕ ਵਧੇਗਾ। 15 ਮਈ ਨੂੰ ਰਾਜਸਥਾਨ ਦੇ ਪੱਛਮੀ ਅਤੇ ਪੂਰਬੀ ਹਿੱਸਿਆਂ ਵਿੱਚ ਅਲੱਗ-ਥਲੱਗ ਥਾਵਾਂ ‘ਤੇ ਅਤਿ ਦੀ ਗਰਮੀ ਦੀ ਸੰਭਾਵਨਾ ਹੈ। ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ 17 ਮਈ ਤੱਕ ਅਜਿਹਾ ਹੀ ਮੌਸਮ ਰਹਿਣ ਦੀ ਸੰਭਾਵਨਾ ਹੈ।
ਐਤਵਾਰ ਨੂੰ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਹੀਟਵੇਵ ਦੀ ਸੰਭਾਵਨਾ ਹੈ। ਤਾਜ਼ੀ ਪੱਛਮੀ ਗੜਬੜੀ ਦੇ ਪ੍ਰਭਾਵ ਹੇਠ, ਐਤਵਾਰ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਖਿੰਡੇ ਹੋਏ ਮੀਂਹ ਜਾਂ ਗਰਜ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ।
ਆਈਐਮਡੀ ਨੇ ਕਿਹਾ, ‘ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ 16 ਅਤੇ 17 ਮਈ ਨੂੰ ਤੇਜ਼ ਹਵਾਵਾਂ, ਬਾਰਸ਼ ਤੇ ਗੜੇਮਾਰੀ ਦੀ ਬਹੁਤ ਸੰਭਾਵਨਾ ਹੈ। 16 ਅਤੇ 17 ਮਈ ਨੂੰ ਉੱਤਰੀ ਪੰਜਾਬ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਵੀ ਹਲਕੀ ਬਾਰਿਸ਼ ਅਤੇ ਬਿਜਲੀ ਡਿੱਗਣ ਦੀ ਭਵਿੱਖਬਾਣੀ ਕੀਤੀ ਗਈ ਹੈ।
16 ਮਈ ਨੂੰ ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਵੱਖ-ਵੱਖ ਥਾਵਾਂ ‘ਤੇ ਧੂੜ ਭਰੀ ਹਨੇਰੀ ਜਾਂ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਐਤਵਾਰ ਨੂੰ ਉੱਤਰੀ ਰਾਜਸਥਾਨ ਦੇ ਵੱਖ-ਵੱਖ ਥਾਵਾਂ ‘ਤੇ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਧੂੜ ਭਰੀ ਹਵਾ ਚੱਲਣ ਦੀ ਸੰਭਾਵਨਾ ਹੈ।