ਪ੍ਰੇਤ ਆਤਮਾ ਬਾਰੇ ਅਸੀਂ ਸਭ ਨੇ ਹੀ ਸੁਣਿਆ ਹੋਇਆ ਹੈ। ਆਪਣੀ ਸਮਝ ਤੇ ਸਿੱਖਿਆ ਦੇ ਮੁਤਾਬਿਕ ਕੁਝ ਲੋਕ ਪ੍ਰੇਤ ਆਤਮਾ ਵਿਚ ਵਿਸ਼ਵਾਸ਼ ਕਰਦੇ ਹਨ ਤੇ ਕੁਝ ਲੋਕ ਨਹੀਂ ਕਰਦੇ। ਸਾਡਾ ਪੜ੍ਹਿਆ ਲਿਖਿਆ ਵਰਗ ਜੋ ਕਿ ਵਿਗਿਆਨਕ ਤਰਕ ਰਾਹੀਂ ਦੇਖਦਾ ਹੈ, ਪ੍ਰੇਤ ਆਤਮਾ ਵਿਚ ਵਿਸ਼ਵਾਸ਼ ਨਹੀਂ ਰੱਖਦਾ। ਪਰ ਪੜ੍ਹੇ ਲਿਖੇ ਵਰਗ ਵਿਚੋਂ ਵੀ ਅਜਿਹੀ ਬਹੁਤ ਵੱਡੀ ਗਿਣਤੀ ਹੈ ਜੋ ਪ੍ਰੇਤ ਆਤਮਾਵਾਂ ਦੇ ਹੋਣ ਬਾਰੇ ਯਕੀਨ ਕਰਦੀ ਹੈ। ਲੋਕਾਂ ਦਾ ਵਿਸ਼ਵਾਸ਼ ਹੈ ਕਿ ਪ੍ਰੇਤ ਆਤਮਾਵਾਂ ਹੁੰਦੀਆਂ ਹਨ ਤੇ ਇਹ ਰਾਤ ਦੇ ਸਮੇਂ ਕਿਰਿਆਸ਼ੀਲ ਹੁੰਦੀਆਂ ਹਨ। ਹਨੇਰੇ ਤੇ ਧੁੰਦ ਆਦਿ ਵਿਚ ਇਹ ਰਹਿੰਦੀਆਂ ਹਨ ਤੇ ਕਦੇ ਕਦਾਈ ਦਿਖ ਵੀ ਜਾਂਦੀਆਂ ਹਨ। ਕੀ ਪ੍ਰੇਤ ਆਤਮਾਵਾਂ ਸੱਚ ਮੁੱਚ ਹੁੰਦੀਆਂ ਹਨ ਜਾਂ ਇਹ ਸਿਰਫ਼ ਮਨ ਦਾ ਵਹਿਮ ਹੀ ਹਨ, ਇਸ ਬਾਰੇ ਨਿਰਣਾ ਕਰਨਾ ਥੋੜਾ ਮੁਸ਼ਕਿਲ ਹੈ। ਆਉ ਅਸੀਂ ਜਾਣਦੇ ਹਾਂ ਕਿ ਪ੍ਰੇਤ ਆਤਮਾਵਾਂ ਬਾਰੇ ਸਾਡੇ ਧਰਮ ਗ੍ਰੰਥ ਤੇ ਰਿਸ਼ੀਮੁਨੀ ਕੀ ਕਹਿੰਦੇ ਹਨ
ਤੁਲਸੀਦਾਸ ਜੀ ਸਾਡੇ ਭਾਰਤ ਦੇ ਸਤਿਕਾਰਤ ਰਿਸ਼ੀ ਹਨ ਅਤੇ ਉਹਨਾਂ ਬਾਰੇ ਇਹ ਮਾਨਤਾ ਹੈ ਕਿ ਹਨੂੰਮਾਨ ਜੀ ਦਾ ਪਤਾ ਤੁਲਸੀਦਾਸ ਜੀ ਨੂੰ ਇਕ ਭੂਤ ਨੇ ਹੀ ਦਿੱਤਾ ਸੀ। ਇਸ ਤੋਂ ਸਿਵਾ ਗਰੁੜ ਪੁਰਾਣ ਇਕ ਅਜਿਹਾ ਗ੍ਰੰਥ ਹੈ ਜਿਸ ਵਿਚ ਪ੍ਰੇਤ ਆਤਮਾਵਾਂ ਬਾਰੇ ਬਹੁਤ ਹੀ ਵਿਸਥਾਰ ਨਾਲ ਦੱਸਿਆ ਗਿਆ ਹੈ। ਇਸ ਪੁਰਾਣ ਵਿਚ ਪ੍ਰੇਤ ਆਤਮਾਵਾਂ ਦੀਆਂ ਕਈ ਸ਼੍ਰੇਣੀਆਂ ਦਾ ਵਰਣਨ ਪੇਸ਼ ਕੀਤਾ ਗਿਆ ਹੈ, ਜਿਵੇਂ ਕਿ ਭੂਤ, ਪ੍ਰੇਤ, ਰਾਕਸ਼ਸ, ਡੈਣ, ਡਾਕਿਨੀ, ਸ਼ਾਕਿਨੀ ਅਤੇ ਯਮ ਆਦਿ। ਸਾਡੇ ਸ਼ਾਸਤਰਾਂ ਵਿਚ ਅਜਿਹੀਆਂ 84 ਲੱਖ ਜਾਤੀਆਂ ਦਾ ਉਲੇਖ ਮਿਲਦਾ ਹੈ ਜਿਨ੍ਹਾਂ ਵਿਚ ਮਨੁੱਖ ਦੀ ਆਤਮਾ ਸਰੀਰ ਛੱਡਣ ਬਾਦ ਪ੍ਰਵੇਸ਼ ਕਰਦੀ ਹੈ। ਇਸ ਤੋਂ ਇਲਾਵਾਂ ਸ਼੍ਰੀਮਦ ਭਗਵਤ ਪੁਰਾਣ ਵਿਚ ਵੀ ਭੂਤਾਂ ਦਾ ਕਾਫੀ ਲੰਮਾ ਵਰਣਨ ਪੇਸ਼ ਕੀਤਾ ਗਿਆ ਹੈ।
ਭੂਤ ਰਾਤ ਸਮੇਂ ਕਿਉਂ ਦਿਖਦੇ ਹਨ———ਅਸੀਂ ਅਕਸਰ ਹੀ ਦੇਖਦੇ ਹਾਂ ਕਿ ਜੋ ਲੋਕ ਭੂਤ ਪ੍ਰੇਤ ਦੇ ਦਿਖਣ ਦਾ ਦਾਅਵਾ ਕਰਦੇ ਹਨ ਉਹਨਾਂ ਸਭ ਨੇ ਹੀ ਰਾਤ ਵੇਲੇ ਭੂਤ ਪ੍ਰੇਤ ਦੇਖੇ ਹੁੰਦੇ ਹਨ। ਅਜਿਹਾ ਕਿਉਂ ਹੁੰਦਾ ਹੈ ਕਿ ਭੂਤ ਸਿਰਫ਼ ਰਾਤ ਨੂੰ ਹੀ ਦਿਖਦੇ ਹਨ। ਇਸ ਬਾਰੇ ਸ਼ਾਸਤਰਾਂ ਵਿਚ ਦੱਸਿਆ ਗਿਆ ਹੈ ਕਿ ਰਾਤ ਸਮੇਂ ਪ੍ਰੇਤ ਆਤਮਾਵਾਂ ਦੀ ਸ਼ਕਤੀ ਵਧ ਜਾਂਦੀ ਹੈ। ਇਸੇ ਤਰ੍ਹਾਂ ਮੱਸਿਆ ਦੀ ਹਨੇਰੀ ਰਾਤ ਅਤੇ ਕ੍ਰਿਸ਼ਨ ਪੱਖ ਜੋ ਕਿ ਹਨੇਰੇ ਵਾਲਾ ਹੁੰਦਾ ਹੈ, ਵਿਚ ਪ੍ਰੇਤਾਂ ਦੀ ਸ਼ਕਤੀ ਵਧ ਜਾਂਦੀ ਹੈ। ਹਨੇਰੇ ਸਮੇਂ ਪ੍ਰੇਤ ਸ਼ਕਤੀ ਵਧਣ ਕਾਰਨ ਹੀ ਉਹ ਮਨੁੱਖਾਂ ਉੱਪਰ ਹਾਵੀ ਹੋ ਜਾਂਦੀਆਂ ਹਨ। ਇਸ ਸੰਬੰਧ ਵਿਚ ਇਕ ਵਿਸ਼ਵਾਸ਼ ਇਹ ਵੀ ਹੈ ਕਿ ਰਾਤ ਸਮੇਂ ਦੈਵੀ ਸ਼ਕਤੀਆਂ ਕਮਜ਼ੋਰ ਹੁੰਦੀਆਂ ਹਨ ਕਿਉਂ ਜੋ ਰਾਤ ਸਮੇਂ ਮੰਦਰਾਂ ਵਿਚ ਪੂਜਾ ਪਾਠ ਨਹੀਂ ਹੁੰਦਾ ਤੇ ਇਸ ਕਾਰਨ ਮਾੜੀਆਂ ਰੂਹਾਂ ਤੇ ਭੂਤਾਂ ਦੀ ਸ਼ਕਤੀ ਵਧੇਰੇ ਹੋ ਜਾਂਦੀ ਹੈ।