ਅਮਰੀਕਾ ਵਲੋਂ ਪਨਾਮਾ ਦੇਸ਼ ‘ਚ ਡਿਪੋਰਟ ਕੀਤੇ ਗਏ ਲੋਕਾਂ ਲਈ ਹੁਣ ਨਵੀਂ ਮੁਸੀਬਤ ਪੈ ਗਈ ਹੈ । ਪਹਿਲੇ ਦਿਨ ਹੋਟਲ ‘ਚ ਰੱਖਣ ਤੋਂ ਬਾਅਦ ਜਿਹੜੇ ਲੋਕਾਂ ਨੇ ਆਪਣੇ ਮੁਲਕ ਵਾਪਿਸ ਜਾਣ ਤੋਂ ਨਾਂਹ ਕਰ ਦਿੱਤੀ ਹੈ ਉਹਨਾਂ 100 ਦੇ ਕਰੀਬ ਲੋਕਾਂ ਨੂੰ ਪਨਾਮਾ ਕੋਲੰਬੀਆ ਬਾਰਡਰ ਦੇ ਕੋਲ ਸੰਘਣੇ ਜੰਗਲੀ ਇਲਾਕੇ ਦੇ ਕੈਂਪ San Vicente shelter” (Darién province) ਭੇਜ ਦਿੱਤਾ ਗਿਆ ਹੈ ।ਆਪਣੇ ਦੇਸ਼ ਵਾਪਿਸ ਜਾਣ ਲਈ ਸਹਿਮਤ ਹੋਏ 41 ਲੋਕਾਂ ਦੀਆਂ ਜਹਾਜ਼ ਦੀਆਂ ਟਿਕਟਾਂ ਦਾ ਪ੍ਰਬੰਧ ਵੀ ਮੁਕੰਮਲ ਹੋ ਗਿਆ ਹੈ ਜਿਹਨਾਂ ਵਿਚੋਂ 17 ਭਾਰਤੀ ਨੇ ।ਅਮਰੀਕਾ ਨੇ ਪਨਾਮਾ , ਕੋਸਟਾਰੀਕਾ ਤੇ ਗੁਆਟੇਮਾਲਾ ਨੂੰ ਗੈਰ ਕਾਨੂੰਨੀ ਲੋਕ ਧੜਾਧੜ ਭੇਜਣੇ ਸ਼ੁਰੂ ਕਰ ਦਿੱਤੇ ਨੇ ।
ਪਨਾਮਾ ਦੀ ਰਾਜਧਾਨੀ ਪਨਾਮਾ ਸਿਟੀ ਦੇ ਹੋਟਲ ਵਿੱਚ ਮੌਜੂਦ ਲੋਕ ਪਿਛਲੇ ਹਫ਼ਤੇ ਤਿੰਨ ਉਡਾਣਾਂ ਰਾਹੀਂ ਇੱਥੇ ਪਹੁੰਚੇ ਸਨ।ਜ਼ਿਕਰਯੋਗਾ ਹੈ ਕਿ ਰਾਸ਼ਟਰਪਤੀ ਜੋਸ ਰਾਉਲ ਮੁਲੀਨੋ ਨੇ ਸਹਿਮਤੀ ਦਿੱਤੀ ਕਿ ਪਨਾਮਾ ਉਨ੍ਹਾਂ ਲੋਕਾਂ ਲਈ ਪੁਲ ਦਾ ਕੰਮ ਕਰੇਗਾ ਜਿਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ ਅਤੇ ਹਾਲੇ ਉਨ੍ਹਾਂ ਨੂੰ ਮੂਲ ਦੇਸ਼ ਵਿੱਚ ਵਾਪਸ ਭੇਜਿਆ ਜਾਣਾ ਹੈ।
ਹਾਲਾਂਕਿ, ਭਾਰਤ, ਚੀਨ, ਉਜ਼ਬੇਕਿਸਤਾਨ, ਈਰਾਨ, ਵੀਅਤਨਾਮ, ਤੁਰਕੀ, ਨੇਪਾਲ, ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਸ਼੍ਰੀਲੰਕਾ ਤੋਂ ਆਏ 299 ਗ਼ੈਰ-ਦਸਤਾਵੇਜ਼ੀ ਪ੍ਰਵਾਸੀਆਂ ਵਿੱਚੋਂ ਸਿਰਫ਼ 171 ਹੀ ਆਪਣੇ ਮੂਲ ਦੇਸ਼ਾਂ ਨੂੰ ਵਾਪਸ ਜਾਣ ਲਈ ਸਹਿਮਤ ਹੋਏ ਹਨ।ਜੋ ਲੋਕ ਪਿੱਛੇ ਬਚ ਜਾਣਗੇ ਉਨ੍ਹਾਂ ਦਾ ਭਵਿੱਖ ਹੁਣ ਅਨਿਸ਼ਚਿਤ ਹੈ। ਪਨਾਮਾ ਦੇ ਅਧਿਕਾਰੀ ਹੀ ਇਹ ਨਿਰਧਾਰਿਤ ਕਰਨਗੇ ਕਿ ਹੁਣ ਅੱਗੇ ਕੀ ਕਰਨਾ ਹੈ।
ਸਰਕਾਰ ਦੇ ਅਨੁਸਾਰ, ਇਸ ਸਮੂਹ ਨੂੰ ਡਾਰੀਅਨ ਸੂਬੇ ਦੇ ਇੱਕ ਕੈਂਪ ਵਿੱਚ ਤਬਦੀਲ ਕੀਤਾ ਜਾਵੇਗਾ, ਜਿੱਥੇ ਜੰਗਲ ਪਾਰ ਕਰਕੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰਨ ਵਾਲੇ ਪਰਵਾਸੀਆਂ ਲਈ ਅਸਥਾਈ ਰਿਹਾਇਸ਼ਗਾਹ ਦਾ ਪ੍ਰਬੰਧ ਕੀਤਾ ਗਿਆ ਹੈ।ਭਾਰਤ ਸਰਕਾਰ ਦਾ ਕਹਿਣਾ ਹੈ ਕਿ ਪਨਾਮਾ ਸਿਟੀ ਦੇ ਇਸ ਹੋਟਲ ਵਿੱਚ ਨਜ਼ਰਬੰਦ ਭਾਰਤੀ ਸੁਰੱਖਿਅਤ ਹਨ ਤੇ ਉਨ੍ਹਾਂ ਨੂੰ ਕੌਂਸਲਰ ਦੀ ਮਦਦ ਵੀ ਦਿੱਤੀ ਜਾ ਰਹੀ ਹੈ।