ਪੰਜਾਬ ਵਿਚ ਮੌਸਮ ਦਾ ਮਿਜਾਜ਼ ਪੂਰੀ ਤਰ੍ਹਾਂ ਬਦਲ ਗਿਆ ਹੈ। ਸਵੇਰ ਤੋਂ ਪੰਜਾਬ ਵਿਚ ਕਈ ਥਾਵਾਂ ‘ਤੇ ਹਲਕੀ ਅਤੇ ਤੇਜ਼ ਬਾਰਿਸ਼ ਹੋ ਰਹੀ ਹੈ। ਪਿਛਲੇ ਦੋ ਤਿੰਨ ਦਿਨ ਤੋਂ ਪੈ ਰਹੀ ਗਰਮੀ ਤੇ ਤੇਜ਼ ਧੁੱਪ ਸਰਦੀਆਂ ਦਾ ਮੌਸਮ ਲਗਭਗ ਖ਼ਤਮ ਮੰਨਿਆ ਜਾ ਰਿਹਾ ਸੀ ਪਰ ਕੱਲ੍ਹ ਤੋਂ ਮੌਸਮ ਨੇ ਇਕ ਵਾਰ ਫ਼ਿਰ ਕਰਵਟ ਲੈਣੀ ਸ਼ੁਰੂ ਕਰ ਦਿੱਤੀ। ਜਲੰਧਰ ਵਿਚ ਜਿੱਥੇ ਭਾਰੀ ਬਾਰਿਸ਼ ਹੋ ਰਹੀ ਹੈ, ਉਥੇ ਹੀ ਗੜੇਮਾਰੀ ਵੀ ਹੋਈ। ਠੰਡੀਆਂ ਹਵਾਵਾਂ ਕਾਰਨ ਫਿਰ ਤੋਂ ਠੰਡ ਦਾ ਅਹਿਸਾਸ ਹੋ ਰਿਹਾ ਹੈ।
ਤੜਕਸਾਰ ਤੋਂ ਹੀ ਹੋ ਰਹੀ ਬਰਸਾਤ ਕਾਰਨ ਲੋਕ ਇਕ ਵਾਰ ਫ਼ਿਰ ਤੋਂ ਗਰਮ ਕੱਪੜੇ ਪਾਉਣ ਨੂੰ ਮਜਬੂਰ ਹੋ ਗਏ ਹਨ। ਇਸ ਬਾਰਿਸ਼ ਕਾਰਨ ਇਕ ਵਾਰ ਫਿਰ ਠੰਡ ਜ਼ੋਰ ਫੜੇਗੀ ਅਤੇ ਸਵੇਰ ਤੇ ਸ਼ਾਮ ਵੇਲੇ ਲੋਕਾਂ ਨੂੰ ਫਿਰ ਤੋਂ ਠੰਡ ਦਾ ਸਾਹਮਣਾ ਕਰਨਾ ਪਵੇਗਾ। ਮੀਂਹ ਤੋਂ ਬਾਅਦ ਗੜੇਮਾਰੀ ਦੀ ਚਿਤਾਵਨੀ ਕਿਸਾਨਾਂ ਨੂੰ ਡਰਾ ਰਹੀ ਹੈ। ਆਲੂਆਂ ਸਮੇਤ ਫ਼ਸਲ ਪੱਕ ਕੇ ਤਿਆਰ ਹੈ। ਵੀਰਵਾਰ ਸਵੇਰ ਤੋਂ ਹੀ ਜਲੰਧਰ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ ਅਤੇ ਠੰਡ ਵਾਪਸ ਆ ਗਈ ਹੈ ਪਰ ਹੁਣ ਜੇਕਰ ਮੀਂਹ ਤੋਂ ਬਾਅਦ ਪਏ ਗੜਿਆਂ ਕਾਰਨ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਵੇਗਾ।
ਅਜਿਹੀ ਸਥਿਤੀ ਵਿੱਚ ਇਲਾਕੇ ਦੇ ਕਿਸਾਨ ਚਿੰਤਤ ਹਨ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਸਵੇਰ ਤੋਂ ਹੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਹੋਈ ਹੈ। ਜਦਕਿ ਰਾਜ ਦੇ ਕੁਝ ਥਾਵਾਂ ‘ਤੇ ਫਿਰ ਤੋਂ ਗੜੇਮਾਰੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ, ਅਗਲੇ ਤਿੰਨ ਦਿਨਾਂ, 21, 22 ਅਤੇ 23 ਫਰਵਰੀ ਨੂੰ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਂਹ ਅਤੇ ਠੰਡ ਦੀ ਚਿਤਾਵਨੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਵਿਚ ਘੱਟੋ-ਘੱਟ ਤਾਪਮਾਨ ਵਿਚ 2 ਤੋਂ 3 ਡਿਗਰੀ ਦਾ ਵਾਧਾ ਹੋਵੇਗਾ ਤੇ ਫ਼ਿਰ ਇਸ ਵਿਚ 2 ਤੋਂ 3 ਡਿਗਰੀ ਦੀ ਹੀ ਗਿਰਾਵਟ ਵੀ ਆਵੇਗੀ।
ਇਸੇ ਤਰ੍ਹਾਂ ਵੱਧ ਤੋਂ ਵੱਧ ਤਾਪਮਾਨ ਵਿਚ ਪਹਿਲਾਂ 2 ਤੋਂ 3 ਡਿਗਰੀ ਤਕ ਗਿਰਾਵਟ ਦਰਜ ਕੀਤੀ ਜਾਵੇਗੀ ਤੇ 24 ਘੰਟਿਆਂ ਬਾਅਦ ਇਹ 2 ਤੋਂ 4 ਡਿਗਰੀ ਤਕ ਵੱਧ ਸਕਦਾ ਹੈ। ਅੱਜ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਬਾਰਿਸ਼ ਦੇ ਨਾਲ-ਨਾਲ ਹਨੇਰੀ ਤੂਫ਼ਾਨ ਅਤੇ ਬਿਜਲੀ ਗਰਜਨ ਦੀ ਭਵਿੱਖਬਾਣੀ ਕੀਤੀ ਗਈ ਹੈ। ਇਨ੍ਹਾਂ ਸੂਬਿਆਂ ਲਈ ਅੱਜ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।