ਰਾਮ ਰਾਇ, ਬਾਬਾ (1646-1687 ਈ.): ਆਪ ਸੱਤਵੇਂ ਗੁਰੂ ਸ੍ਰੀ ਹਰਿ ਰਾਇ ਜੀ (ਵੇਖੋ) ਦੇ ਵੱਡੇ ਪੁੱਤਰ ਸਨ। ਆਪ ਨੇ ਮਾਤਾ ਕੋਟ ਕਲਿਆਣੀ ਦੀ ਕੁੱਖੋਂ ਸੰਮਤ 1703 ਬਿ. (ਸੰਨ 1646 ਈ.) ਵਿਚ ਕੀਰਤਪੁਰ ਵਿਚ ਜਨਮ ਲਿਆ। ਇਨ੍ਹਾਂ ਨੂੰ ਧਾਰਮਿਕ ਵਿਦਿਆ ਵਿਚ ਨਿਪੁਣ ਕਰਨ ਲਈ ਗੁਰੂ ਹਰਿ ਰਾਇ ਜੀ ਨੇ ਬਚਪਨ ਤੋਂ ਹੀ ਵਿਸ਼ੇਸ਼ ਵਿਵਸਥਾ ਕੀਤੀ ਹੋਈ ਸੀ। ਜਦੋਂ ਗੁਰੂ ਹਰਿ ਰਾਇ ਨੇ ਦਾਰਾ ਸ਼ਕੋਹ ਨੂੰ ਔਰੰਗਜ਼ੇਬ ਦੀ ਸੈਨਾ ਦੇ ਪਿਛਾ ਕਰਨ ਤੋਂ ਬਚਾਇਆ ਅਤੇ ਗੋਇੰਦਵਾਲ ਵਾਲੀ ਘਾਟ ਤੋਂ ਜੂਨ 1658 ਈ. ਵਿਚ ਪਾਰ ਕਰਾ ਕੇ ਸੁਰਖਿਅਤ ਸਥਾਨ ਉਤੇ ਪਹੁੰਚਾਇਆ, ਤਾਂ ਔਰੰਗਜ਼ੇਬ ਨਾਰਾਜ਼ ਹੋ ਗਿਆ। ਉਸ ਨੇ ਗੁਰੂ ਹਰਿ ਰਾਇ ਜੀ ਨੂੰ ਦਿੱਲੀ ਆਪਣੇ ਦਰਬਾਰ ਵਿਚ ਤਲਬ ਕੀਤਾ। ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਰਾਮ ਰਾਇ ਨੂੰ ਦੀਵਾਨ ਦਰਗਾਹ ਮੱਲ ਅਤੇ ਕੁਝ ਹੋਰ ਸਿੱਖਾਂ ਸਹਿਤ ਦਿੱਲੀ ਭੇਜ ਦਿੱਤਾ। ਇਸ ਨੇ ਆਪਣੀ ਸੋਚ ਅਨੁਸਾਰ ਬਾਦਸ਼ਾਹ ਦੀ ਨਾਰਾਜ਼ਗੀ ਦੂਰ ਕਰਨੀ ਸ਼ੁਰੂ ਕੀਤੀ। ਇਕ ਵਾਰ ਕਿਸੇ ਨੇ ਬਾਦਸ਼ਾਹ ਨੂੰ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿਚ ਮੁਸਲਮਾਨਾਂ ਦੇ ਵਿਰੁੱਧ ਕਈ ਗੱਲਾਂ ਸ਼ਾਮਲ ਕੀਤੀਆਂ ਹੋਈਆਂ ਹਨ। ਇਸ ਸੰਬੰਧ ਵਿਚ —ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹਿਆਰ। ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ। (ਗੁ.ਗ੍ਰੰ.466) ਵਾਲਾ ਸ਼ਲੋਕ ਉਚੇਚੇ ਤੌਰ ’ਤੇ ਦਸਿਆ ਗਿਆ।
ਬਾਬਾ ਰਾਮ ਰਾਇ ਨੇ ਚਤੁਰਾਈ ਨਾਲ ਇਸ ਇਤਰਾਜ਼ ਦਾ ਸਮਾਧਾਨ ਕਰਨ ਲਈ ਕਹਿ ਦਿੱਤਾ ਕਿ ‘ਮਿਟੀ ਮੁਸਲਮਾਨ ਕੀ’ ਨਹੀਂ , ‘ਮਿਟੀ ਬੇਈਮਾਨ ਕੀ’ ਹੈ। ਇਸ ਉੱਤਰ ਨਾਲ ਬਾਦਸ਼ਾਹ ਦੀ ਤਸੱਲੀ ਹੋ ਗਈ। ਜਦੋਂ ਗੁਰੂ ਹਰਿ ਰਾਇ ਜੀ ਨੂੰ ਗੁਰੂ ਨਾਨਕ ਬਾਣੀ ਵਿਚ ਇਸ ਪ੍ਰਕਾਰ ਦੀ ਬਦਲੀ ਕਰਨ ਦਾ ਪਤਾ ਲਗਿਆ ਤਾਂ ਆਪ ਨੇ ਰਾਮ ਰਾਇ ਨੂੰ ਮੱਥੇ ਨ ਲਗਣ ਲਈ ਕਹਿ ਦਿੱਤਾ। ਰਾਮ ਰਾਇ ਨੇ ਔਰੰਗਜ਼ੇਬ ਤੋਂ ਦੂਨ ਘਾਟੀ ਵਿਚ ਜਾਗੀਰ ਪ੍ਰਾਪਤ ਕਰਕੇ ਉਥੇ ਨਿਵਾਸ ਕਰਨਾ ਸ਼ੁਰੂ ਕਰ ਦਿੱਤਾ। ਉਥੇ ਹੀ ਸੰ. 1744 ਬਿ. (1687 ਈ.) ਵਿਚ ਆਪ ਦਾ ਦੇਹਾਂਤ ਹੋਇਆ। ਉਥੇ ਹੀ ਆਪ ਦੀ ਸਮਾਧ ਬਣਾਈ ਗਈ। ਰਵਾਇਤ ਹੈ ਕਿ ਜਦੋਂ ਰਾਮ ਰਾਇ ਸਮਾਧੀ ਦੀ ਅਵਸਥਾ ਵਿਚ ਸਨ, ਤਾਂ ਮਸੰਦਾਂ ਨੇ ਆਪ ਨੂੰ ਮ੍ਰਿਤ ਘੋਸ਼ਿਤ ਕਰਕੇ ਉਥੇ ਹੀ ਸਸਕਾਰ ਦਿੱਤਾ। ਪਤਾ ਲਗਣ’ਤੇ ਮਾਤਾ ਪੰਜਾਬ ਕੌਰ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਾਉਂਟਾ ਸਾਹਿਬ ਵਿਖੇ ਸਾਰੀ ਗੱਲ ਦਸ ਕੇ ਮਸੰਦਾਂ ਨੂੰ ਸਜ਼ਾ ਦਿਵਾਈ ਅਤੇ ਆਪ ਡੇਰੇ ਦਾ ਉਤਰਾਧਿਕਾਰ ਸੰਭਾਲਿਆ।
ਸੰਨ 1699 ਈ. ਵਿਚ ਬਾਬਾ ਰਾਮ ਰਾਇ ਦੀ ਸਮਾਧੀ ਵਾਲੀ ਥਾਂ ਉਤੇ ਇਕ ਧਾਮ (ਦੇਹੁਰਾ) ਬਣਵਾਇਆ ਗਿਆ। ਕਾਲਾਂਤਰ ਵਿਚ ਇਸ ਦੂਨ ਦਾ ਨਾਂ ‘ਦੇਹਰਾ-ਦੂਨ’ ਪ੍ਰਚਲਿਤ ਹੋਇਆ ਅਤੇ ਨਗਰ ਦਾ ਨਾਂ ਵੀ ਇਹੀ ਪ੍ਰਚਲਿਤ ਹੋ ਗਿਆ। ਸੰਨ 1741 ਈ. ਵਿਚ ਮਾਈ ਪੰਜਾਬ ਕੌਰ ਦੇ ਦੇਹਾਂਤ ਤੋਂ ਬਾਦ ਇਸ ਸਥਾਨ ਦੀ ਸੇਵਾ-ਸੰਭਾਲ ਬਾਲੂ ਹਸਨਾ ਦੀ ਪਰੰਪਰਾ ਦੇ ਉਦਾਸੀ ਸਾਧੂ ਕਰਦੇ ਆ ਰਹੇ ਹਨ। ਇਸ ਡੇਰੇ ਵਿਚ ਗੁਰੂ ਗ੍ਰੰਥ ਸਾਹਿਬ ਦੀਆਂ ਕਈ ਪੁਰਾਤਨ ਬੀੜਾਂ ਅਤੇ ਕੁਝ ਹੋਰ ਯਾਦਗਾਰੀ ਵਸਤੂਆਂ ਪਹਿਲਾਂ ਮੌਜੂਦ ਸਨ, ਪਰ ਹੁਣ ਉਨ੍ਹਾਂ ਦਾ ਕੁਝ ਪਤਾ ਨਹੀਂ ਚਲਦਾ।