Home / ਪੰਜਾਬੀ ਖਬਰਾਂ / ਪੰਜਾਬ ‘ਚ ਮੀਂਹ-ਗੜ੍ਹੇਮਾਰੀ ਨੇ ਛੇੜਿਆ ਕਾਂਬਾ!

ਪੰਜਾਬ ‘ਚ ਮੀਂਹ-ਗੜ੍ਹੇਮਾਰੀ ਨੇ ਛੇੜਿਆ ਕਾਂਬਾ!

ਕੱਲ੍ਹ ਸਵੇਰ ਤੋਂ ਲਗਾਤਾਰ ਹੋ ਰਹੀ ਬਰਸਾਤ ਅਤੇ ਕਈ ਇਲਾਕਿਆਂ ਵਿਚ ਹੋਈ ਗੜੇਮਾਰੀ ਨੇ ਪੰਜਾਬ ਵਿਚ ਠੰਡ ਹੋਰ ਵਧਾ ਦਿੱਤੀ ਹੈ। ਲੋਕ ਮੋਟੀਆਂ-ਮੋਟੀਆਂ ਜੈਕਟਾਂ ਪਾਉਣ ਲਈ ਮਜਬੂਰ ਹੋ ਗਏ ਹਨ। ਕੱਲ੍ਹ ਸਾਰਾ ਦਿਨ ਹੀ ਰੁਕ-ਰੁਕ ਕੇ ਬਰਸਾਤ ਹੁੰਦੀ ਰਹੀ, ਜਿਸ ਕਾਰਨ ਲੋਕਾਂ ਦਾ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ। ਇਸ ਦੌਰਾਨ ਸੂਬੇ ਦੇ ਔਸਤ ਤਾਪਮਾਨ ਵਿਚ 7.2 ਡਿਗਰੀ ਦੀ ਗਿਰਾਵਟ ਆਏ। ਬਾਰਿਸ਼ ਦੇ ਮਗਰੋਂ ਹੁਣ ਸੂਬੇ ਵਿਚ ਕੋਹਰੇ ਦਾ ਅਸਰ ਵੇਖਣ ਨੂੰ ਮਿਲੇਗਾ। ਮੌਸਮ ਵਿਭਾਗ ਵੱਲੋਂ ਕੋਹਰੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।


ਮੌਸਮ ਵਿਭਾਗ ਵੱਲੋਂ ਪੰਜਾਬ ਦੇ 17 ਜ਼ਿਲ੍ਹਿਆਂ ਲਈ ਕੋਹਰੇ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿਚ ਚੰਡੀਗੜ੍ਹ ਤੋਂ ਇਲਾਵਾ ਜਲੰਧਰ, ਲੁਧਿਆਣਾ, ਬਰਨਾਲਾ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਮਾਨਸਾ, ਸੰਗਰੂਰ ਤੇ ਮਾਲੇਰਕੋਟਲਾ ਸ਼ਾਮਲ ਹਨ। ਵਿਭਾਗ ਦਾ ਮੰਨਣਾ ਹੈ ਕਿ ਇਨ੍ਹਾਂ ਵਿਚੋਂ ਕੁਝ ਇਲਾਕਿਆਂ ਵਿਚ ਤਾਂ ਵਿਜ਼ਿਬਿਲਿਟੀ 100 ਮੀਟਰ ਦੇ ਕਰੀਬ ਤਕ ਵੀ ਜਾ ਸਕਦੀ ਹੈ। ਇਸ ਕਾਰਨ ਵਾਹਨ ਚਾਲਕਾਂ ਨੂੰ ਬੇਹੱਦ ਅਹਿਤਿਆਤ ਨਾਲ ਵਾਹਨ ਚਲਾਉਣਾ ਪਵੇਗਾ।

ਬੀਤੇ ਕੱਲ੍ਹ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿਚ ਬਾਰਿਸ਼ ਹੁੰਦੀ ਰਹੀ। ਸਵੇਰ ਤੋਂ ਸ਼ੁਰੂ ਹੋਈ ਬਰਸਾਤ ਸਾਰਾ ਦਿਨ ਜਾਰੀ ਰਹੀ ਤੇ ਰੁਕ-ਰੁਕ ਕੇ ਅਸਮਾਨ ਤੋਂ ਪਾਣੀ ਵਰ੍ਹਦਾ ਰਿਹਾ। ਇਸ ਦੌਰਾਨ ਪੰਜਾਬ ਵਿਚੋਂ ਬਰਨਾਲਾ ਵਿਚ ਸਭ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ ਹੈ। ਵਿਭਾਗ ਮੁਤਾਬਕ ਇੱਥੇ 19 MM ਬਰਸਾਤ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਬਠਿੰਡਾ ਵਿਚ 12, ਮੋਗਾ ਵਿਚ 10.5, ਅੰਮ੍ਰਿਤਸਰ ਵਿਚ 10, ਚੰਡੀਗੜ੍ਹ ਵਿਚ 8.8, ਮੋਹਾਲੀ ਵਿਚ 7.5, ਪਟਿਆਲਾ ਵਿਚ 5, ਪਠਾਨਕੋਟ ਵਿਚ 4 MM ਮੀਂਹ ਦਰਜ ਕੀਤਾ ਗਿਆ ਹੈ।

ਮੌਸਮ ਵਿਭਾਗ ਮੁਤਾਬਕ ਉੱਤਰੀ ਭਾਰਤ ਵਿਚ ਪੱਛਮੀ ਗੜਬੜੀ ਅਜੇ ਵੀ ਸਰਗਰਮ ਹੈ, ਪਰ ਹੁਣ ਮੈਦਾਨੀ ਇਲਾਕਿਆਂ ਵਿਚ ਬਾਰਿਸ਼ ਦੀ ਸੰਭਾਵਨਾ ਬਹੁਤ ਘੱਟ ਹੈ। ਹਾਲਾਂਕਿ ਅੱਜ ਕਈ ਸ਼ਹਿਰਾਂ ਵਿਚ ਹਲਕੀ ਬਾਰਿਸ਼ ਜ਼ਰੂਰ ਹੋ ਸਕਦੀ ਹੈ। ਦੂਜੇ ਪਾਸੇ ਪਹਾੜਾਂ ‘ਤੇ ਬਰਫ਼ਬਾਰੀ ਅਜੇ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਦਾ ਅਸਰ ਮੈਦਾਨੀ ਇਲਾਕਿਆਂ ‘ਤੇ ਵੀ ਪਵੇਗਾ ਤੇ ਇੱਥੇ ਠੰਡ ਹੋਰ ਜ਼ੋਰ ਫੜ ਸਕਦੀ ਹੈ। ਵਿਭਾਗ ਵੱਲੋਂ ਸੂਬੇ ਵਿਚ ਕੱਲ੍ਹ ਯਾਨੀ ਐਤਵਾਰ ਲਈ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਿਭਾਗ ਦਾ ਇਹ ਵੀ ਮੰਨਣਾ ਹੈ ਕਿ ਸੂਬੇ ਵਿਚ 31 ਦਸੰਬਰ ਤਕ ਧੁੰਦ ਦਾ ਅਸਰ ਵੇਖਣ ਨੂੰ ਮਿਲੇਗਾ।

Check Also

ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ!

ਸਵੇਰੇ ਤੜਕਸਾਰ ਧੁੰਦ ਛਾਈ ਰਹਿੰਦੀ ਹੈ ਅਤੇ ਦੁਪਹਿਰ ਸਮੇਂ ਮੌਸਮ ਆਮ ਵੇਖਣ ਨੂੰ ਮਿਲ ਰਿਹਾ …