ਜੇ ਕੋਈ ਮਨੁੱਖ ਚਿੱਤ ਲਗਾ ਕੇ ਸੇਵਾ ਕਰੇ, ਤਾਂ ਸਤਿਗੁਰੂ ਦੀ (ਦੱਸੀ) ਸੇਵਾ ਜ਼ਰੂਰ ਫਲ ਲਾਂਦੀ ਹੈ; ਮਨ-ਇੱਛਿਆ ਫਲ ਮਿਲਦਾ ਹੈ, ਅਹੰਕਾਰ ਮਨ ਵਿਚੋਂ ਦੂਰ ਹੁੰਦਾ ਹੈ; (ਗੁਰੂ ਦੀ ਦੱਸੀ ਕਾਰ ਮਾਇਆ ਦੇ) ਬੰਧਨਾਂ ਨੂੰ ਤੋੜਦੀ ਹੈ (ਬੰਧਨਾਂ ਤੋਂ) ਖ਼ਲਾਸੀ ਹੋ ਜਾਂਦੀ ਹੈ ਤੇ ਸੱਚੇ ਹਰੀ ਵਿਚ ਮਨੁੱਖ ਸਮਾਇਆ ਰਹਿੰਦਾ ਹੈ। ਇਸ ਸੰਸਾਰ ਵਿਚ ਹਰੀ ਦਾ ਨਾਮ ਦੁਰਲੱਭ ਹੈ, ਸਤਿਗੁਰੂ ਦੇ ਸਨਮੁਖ ਮਨੁੱਖ ਦੇ ਮਨ ਵਿਚ ਆ ਕੇ ਵੱਸਦਾ ਹੈ; ਹੇ ਨਾਨਕ ਜੀ! (ਆਖੋ-) ਮੈਂ ਸਦਕੇ ਹਾਂ ਉਹਨਾਂ ਤੋਂ ਜੋ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ ॥੧॥
ਮਨਮੁਖ ਦਾ ਮਨ ਉਸ ਦੇ ਕਾਬੂ ਤੋਂ ਬਾਹਰ ਹੈ, ਕਿਉਂਕਿ ਉਹ ਮਾਇਆ ਵਿਚ ਜਾ ਕੇ ਲੱਗਾ ਹੋਇਆ ਹੈ; (ਸਿੱਟਾ ਇਹ ਕਿ) ਉਸ ਨੂੰ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ, (ਉਸ ਦੀ ਉਮਰ) ਸਦਾ ਦੁੱਖ ਵਿਚ ਹੀ ਗੁਜ਼ਰਦੀ ਹੈ। ਅਨੇਕਾਂ ਪੰਡਿਤ ਲੋਕ ਪੜ੍ਹ ਪੜ੍ਹ ਕੇ ਤੇ ਸਿੱਧ ਸਮਾਧੀਆਂ ਲਾ ਲਾ ਕੇ ਥੱਕ ਗਏ ਹਨ, ਕਈ ਕਰਮ ਕਰ ਕੇ ਥੱਕ ਗਏ ਹਨ; (ਪੜ੍ਹਨ ਨਾਲ ਤੇ ਸਮਾਧੀਆਂ ਨਾਲ) ਇਹ ਮਨ ਕਾਬੂ ਨਹੀਂ ਆਉਂਦਾ। ਭੇਖ ਕਰਨ ਵਾਲੇ ਮਨੁੱਖ (ਭਾਵ, ਸਾਧੂ ਲੋਕ) ਕਈ ਭੇਖ ਕਰ ਕੇ ਤੇ ਅਠਾਹਠ ਤੀਰਥਾਂ ਤੇ ਨ੍ਹਾ ਕੇ ਥੱਕ ਗਏ ਹਨ; ਹਉਮੈ ਤੇ ਭਰਮ ਵਿਚ ਭੁੱਲੇ ਹੋਇਆਂ ਨੂੰ ਮਨ ਦੀ ਸਾਰ ਨਹੀਂ ਆਈ। ਵੱਡੇ ਭਾਗ ਨਾਲ ਸਤਿਗੁਰੂ ਦੀ ਕਿਰਪਾ ਰਾਹੀਂ ਭਉ ਉਪਜਦਾ ਹੈ ਤੇ ਮਨ ਵਿਚ ਆ ਕੇ ਵੱਸਦਾ ਹੈ; (ਹਰੀ ਦਾ) ਭਉ ਉਪਜਿਆਂ ਹੀ, ਤੇ ਹਉਮੈ ਸਤਿਗੁਰੂ ਦੇ ਸ਼ਬਦ ਨਾਲ ਸਾੜ ਕੇ ਹੀ ਮਨ ਵੱਸ ਵਿਚ ਆਉਂਦਾ ਹੈ। ਜੋ ਮਨੁੱਖ ਜੋਤੀ-ਪ੍ਰਭੂ ਵਿਚ ਆਪਣੀ ਬ੍ਰਿਤੀ ਮਿਲਾ ਕੇ ਸੱਚੇ ਵਿਚ ਰੰਗੇ ਗਏ ਹਨ, ਉਹ ਨਿਰਮਲ ਹੋ ਗਏ ਹਨ; (ਪਰ) ਹੇ ਨਾਨਕ ਜੀ!
ਸਤਿਗੁਰੂ ਦੇ ਮਿਲਿਆਂ ਹੀ ਨਾਮ ਮਿਲਦਾ ਹੈ ਤੇ ਸੁਖ ਵਿਚ ਸਮਾਈ ਹੁੰਦੀ ਹੈ ॥੨॥ ਰਾਜਿਆਂ ਤੇ ਰਾਣਿਆਂ ਦੇ ਇਹ ਰੰਗ ਚਾਰ ਦਿਨਾਂ (ਭਾਵ, ਥੋੜੇ ਚਿਰ) ਲਈ ਸੋਭਨੀਕ ਹੁੰਦੇ ਹਨ; ਮਾਇਆ ਦਾ ਇਹ ਰੰਗ ਕਸੁੰਭੇ ਦਾ ਰੰਗ ਹੈ (ਭਾਵ, ਕਸੁੰਭੇ ਵਾਂਗ ਛਿਨ-ਭੰਗੁਰ ਹੈ), ਛਿਨ ਮਾਤ੍ਰ ਵਿਚ ਲਹਿ ਜਾਏਗਾ, (ਸੰਸਾਰ ਤੋਂ) ਤੁਰਨ ਵੇਲੇ ਮਾਇਆ ਨਾਲ ਨਹੀਂ ਜਾਂਦੀ, (ਪਰ ਇਸ ਦੇ ਕਾਰਨ ਕੀਤੇ) ਪਾਪ ਆਪਣੇ ਸਿਰ ਤੇ ਲੈ ਜਾਈਦੇ ਹਨ। ਜਦੋਂ ਜਮ-ਕਾਲ ਨੇ ਫੜ ਕੇ ਅੱਗੇ ਲਾ ਲਿਆ, ਤਾਂ (ਜੀਵ) ਡਾਢਾ ਭੈ-ਭੀਤ ਹੁੰਦਾ ਹੈ; (ਮਨੁੱਖ-ਜਨਮ ਵਾਲਾ) ਉਹ ਸਮਾ ਫੇਰ ਮਿਲਦਾ ਨਹੀਂ, ਇਸ ਵਾਸਤੇ ਪਛੁਤਾਉਂਦਾ ਹੈ ॥੬॥*