ਹੇ ਭਾਈ! ਜਿਸ ਗੁਰੂ ਨੇ (ਸਰਨ ਆਏ ਹਰੇਕ ਮਨੁੱਖ ਦਾ) ਬੋਦੀ ਵਾਲਾ ਤਾਰਾ ਹੀ ਸਦਾ ਕੱਟ ਦਿੱਤਾ ਹੈ (ਜੇਹੜਾ ਗੁਰੂ ਹਰੇਕ ਸਰਨ ਆਏ ਮਨੁੱਖ ਦੇ ਦੁੱਖਾਂ ਦੀ ਜੜ੍ਹ ਹੀ ਕੱਟ ਦੇਂਦਾ ਹੈ) , ਉਹ ਗੁਰੂ ਮੇਰਾ ਭੀ ਸਦਾ ਲਈ ਮਦਦਗਾਰ ਬਣ ਗਿਆ ਹੈ (ਤੇ, ਉਸ ਦੀ ਕਿਰਪਾ ਨਾਲ) ਮੇਰਾ ਪਰਮਾਤਮਾ ਨਾਲ ਪਿਆਰ ਬਣ ਗਿਆ ਹੈ।੧।ਰਹਾਉ।
(ਹੇ ਭਾਈ! ਉਹ ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ) ਹੱਥ ਦੇ ਕੇ (ਦੁੱਖਾਂ ਤੋਂ) ਬਚਾਂਦਾ ਹੈ, (ਸੇਵਕਾਂ ਨੂੰ) ਆਪਣੇ ਬਣਾ ਕੇ ਉਹਨਾਂ ਦਾ ਸਾਰਾ ਦੁੱਖ-ਦਰਦ ਮਿਟਾ ਦੇਂਦਾ ਹੈ। ਪਰਮਾਤਮਾ ਆਪਣੇ ਸੇਵਕਾਂ ਦਾ ਆਪ ਮਦਦਗਾਰ ਬਣਦਾ ਹੈ, ਤੇ, ਉਹਨਾਂ ਦੀ ਨਿੰਦਾ ਕਰਨ ਵਾਲਿਆਂ ਦੇ ਮੂੰਹ ਕਾਲੇ ਕਰਦਾ ਹੈ।੧।ਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਮਾਲਕ (ਆਪਣੇ ਸੇਵਕਾਂ ਦਾ ਆਪ) ਰਾਖਾ ਬਣਦਾ ਹੈ, ਉਹਨਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ। ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਗੁਣ ਗਾ ਗਾ ਕੇ, ਤੇ, ਸਦਾ ਆਤਮਕ ਆਨੰਦ ਮਾਣ ਕੇ (ਦੁੱਖਾਂ ਕਲੇਸ਼ਾਂ ਵਲੋਂ) ਨਿਡਰ ਹੋ ਜਾਂਦੇ ਹਨ।੨।੧੭।
ਵਿਚਾਰਾ ਬਗਲਾ ਛਪੜੀ ਵਿਚ ਕਾਹਦੇ ਲਈ ਨ੍ਹਾਉਂਦਾ ਹੈ? (ਕੁੱਝ ਨਹੀਂ ਖੱਟਦਾ, ਸਗੋਂ ਛਪੜੀ ਵਿਚ ਨ੍ਹਾ ਕੇ) ਚਿੱਕੜ ਵਿਚ ਡੁੱਬਦਾ ਹੈ, (ਉਸ ਦੀ ਇਹ) ਮੈਲ ਦੂਰ ਨਹੀਂ ਹੁੰਦੀ (ਜੇਹੜਾ ਮਨੁੱਖ ਗੁਰੂ-ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਹੋਰ ਦੇ ਆਸਰੇ ਭਾਲਦਾ ਹੈ ਉਹ, ਮਾਨੋ, ਛਪੜੀ ਵਿਚ ਹੀ ਨ੍ਹਾ ਰਿਹਾ ਹੈ। ਉਥੋਂ ਉਹ ਹੋਰ ਮਾਇਆ-ਮੋਹ ਦੀ ਮੈਲ ਸਹੇੜ ਲੈਂਦਾ ਹੈ) ।੧।ਰਹਾਉ।
ਗੁਰੂ (ਮਾਨੋ) ਇਕ ਸਮੁੰਦਰ (ਹੈ ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਰਤਨਾਂ ਨਾਲ ਨਕਾਨਕ ਭਰਿਆ ਹੋਇਆ ਹੈ। ਗੁਰਮੁਖ ਸਿੱਖ (ਉਸ ਸਾਗਰ ਵਿਚੋਂ) ਆਤਮਕ ਜੀਵਨ ਦੇਣ ਵਾਲੀ ਖ਼ੁਰਾਕ (ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ) ਚੁਗਦੇ ਹਨ, (ਤੇ ਗੁਰੂ ਤੋਂ) ਦੂਰ ਨਹੀਂ ਰਹਿੰਦੇ। ਪ੍ਰਭੂ ਦੀ ਮੇਹਰ ਅਨੁਸਾਰ ਸੰਤ-ਹੰਸ ਹਰਿ-ਨਾਮ ਰਸ (ਦੀ) ਚੋਗ ਚੁਗਦੇ ਹਨ। (ਗੁਰਸਿੱਖ) ਹੰਸ (ਗੁਰੂ-) ਸਰੋਵਰ ਵਿਚ (ਟਿਕਿਆ ਰਹਿੰਦਾ ਹੈ, ਤੇ) ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ।੧।ਗੁਰਸਿੱਖ ਬੜਾ ਸੁਚੇਤ ਹੋ ਕੇ ਪੂਰੀ ਵੀਚਾਰ ਨਾਲ (ਜੀਵਨ-ਸਫ਼ਰ ਵਿਚ) ਪੈਰ ਰੱਖਦਾ ਹੈ। ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਛੱਡ ਕੇ ਪਰਮਾਤਮਾ ਦਾ ਹੀ ਬਣ ਜਾਂਦਾ ਹੈ। ਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ ਗੁਰਸਿੱਖ ਉਹ ਪਦਾਰਥ ਹਾਸਲ ਕਰ ਲੈਂਦਾ ਹੈ ਜੋ ਮਾਇਆ ਦੇ ਮੋਹ ਤੋਂ ਖ਼ਲਾਸੀ ਦਿਵਾ ਦੇਂਦਾ ਹੈ। ਜਿਸ ਦੀ ਗੁਰੂ ਨੇ ਸਹਾਇਤਾ ਕਰ ਦਿੱਤੀ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ।੨।