ਹੇ ਪ੍ਰਭੂ! ਤੂੰ (ਸਭ ਜੀਵਾਂ ਦੇ) ਨੇੜੇ ਵੱਸਦਾ ਹੈਂ, ਪਰ (ਲਾਲਚੀ ਪਖੰਡੀ ਮਨੁੱਖ) ਤੈਨੂੰ ਦੂਰ (ਵੱਸਦਾ) ਸਮਝਦਾ ਹੈ। ਲਾਲਚੀ ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ) ।ਰਹਾਉ।
ਹੇ ਭਾਈ! ਲਾਲਚੀ ਮਨੁੱਖ) ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝ) ਜਾਣਦਾ ਹੈ।੧।ਹੇ ਭਾਈ! ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ) ਆਜ਼ਾਦ ਨਹੀਂ ਹੋ ਸਕਦਾ। ਹੇ ਨਾਨਕ! ਆਖ-(ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ) ਉਹੀ ਮਨੁੱਖ ਸੰਤ ਹੈ ਭਗਤ ਹੈ।੨।੫।੩੬।
ਹੇ ਭਾਈ! ਸੰਤਾਂ ਦੇ ਸਹਾਈ ਖਸਮ-ਪ੍ਰਭੂ ਦੇ ਚਰਨਾਂ ਵਿਚ ਸਦਾ ਜੁੜੇ ਰਹੋ। ਮੈਂ ਤਾਂ ਹੁਣ ਉਸੇ ਦੇ ਹੀ ਚਰਨ ਫੜ ਲਏ ਹਨ। ਖਸਮ-ਪ੍ਰਭੂ ਦਾ ਦਰਸਨ ਕਰਨ ਨਾਲ ਮੇਰੀ ਹਉਮੈ ਦੂਰ ਹੋ ਗਈ ਹੈ।੧।ਰਹਾਉ।(ਹੇ ਭਾਈ! ਪ੍ਰਭੂ ਦੇ ਦਰਸਨ ਦੀ ਬਰਕਤ ਨਾਲ) ਮੇਰੇ ਮਨ ਨੂੰ ਹੋਰ ਕੁਝ ਭੀ ਚੰਗਾ ਨਹੀਂ ਲੱਗਦਾ, (ਪ੍ਰਭੂ ਦੇ ਦਰਸਨ ਨੂੰ ਹੀ) ਤਾਂਘਦਾ ਰਹਿੰਦਾ ਹੈ। ਜਿਵੇਂ ਭੌਰਾ ਕੌਲ-ਫੁੱਲ ਦੀ ਧੂੜੀ ਵਿਚ ਲਪਟਿਆ ਰਹਿੰਦਾ ਹੈ, ਤਿਵੇਂ ਮੇਰਾ ਮਨ ਪ੍ਰਭੂ ਦੇ ਚਰਨਾਂ ਵਲ ਹੀ ਮੁੜ ਮੁੜ ਪਰਤਦਾ ਹੈ। ਮੇਰਾ ਮਨ ਹੋਰ (ਪਦਾਰਥਾਂ ਦੇ) ਸੁਆਦਾਂ ਨੂੰ ਨਹੀਂ ਲੋੜਦਾ, ਇਕ ਪਰਮਾਤਮਾ ਨੂੰ ਲੱਭਦਾ ਹੈ।੧।
(ਹੇ ਭਾਈ! ਪ੍ਰਭੂ ਦੇ ਦਰਸਨ ਦੀ ਬਰਕਤ ਨਾਲ) ਹੋਰ (ਪਦਾਰਥਾਂ ਦੇ ਮੋਹ) ਤੋਂ ਸੰਬੰਧ ਤੋੜ ਲਈਦਾ ਹੈ, ਇੰਦ੍ਰੀਆਂ ਦੇ ਪਕੜ ਤੋਂ ਖ਼ਲਾਸੀ ਪਾ ਲਈਦੀ ਹੈ। ਹੇ ਮਨ! ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦਾ ਨਾਮ-ਰਸ ਚੁੰਘੀਦਾ ਹੈ, ਤੇ (ਮਾਇਆ ਦੇ ਮੋਹ ਵਲੋਂ ਬ੍ਰਿਤੀ) ਪਰਤ ਜਾਂਦੀ ਹੈ। ਹੇ ਨਾਨਕ! ਆਖ-) ਹੇ ਭਾਈ! (ਦਰਸਨ ਦੀ ਬਰਕਤ ਨਾਲ) ਹੋਰ ਮੋਹ ਉੱਕਾ ਹੀ ਨਹੀਂ ਭਾਉਂਦਾ, ਹਰ ਵੇਲੇ ਪ੍ਰਭੂ ਦੇ ਚਰਨਾਂ ਨਾਲ ਹੀ ਪਿਆਰ ਬਣਿਆ ਰਹਿੰਦਾ ਹੈ।੨।੨।੧੨੯।