ਈਸ਼ਰ ਸਿੰਘ, ਸੰਤ ਰਾੜੇ ਵਾਲੇ (1905-1975 ਈ.): ਆਪ ਸਿੱਖ ਸੰਤ ਸਮਾਜ ਦੀ ਇਕ ਉਚ ਸ਼ਖ਼ਸੀਅਤ ਦੇ ਸੁਆਮੀ ਸਨ। ਆਪ ਦਾ ਜਨਮ ਪਟਿਆਲਾ ਜ਼ਿਲ੍ਹੇ ਦੇ ਪਿੰਡ ਆਲੋਵਾਲ ਵਿਚ 5 ਅਗਸਤ, 1905 ਈ. ਨੂੰ ਸ. ਰਾਮ ਸਿੰਘ ਨੰਬਰਦਾਰ ਦੇ ਘਰ ਮਾਈ ਰਤਨ ਕੌਰ ਦੀ ਕੁੱਖੋਂ ਹੋਇਆ। ਆਪ ਦਾ ਪਰਿਵਾਰਿਕ ਨਾਂ ਗੁਲਾਬ ਸਿੰਘ ਸੀ। ਆਪ ਨੇ ਮੁੱਢਲੀ ਤਾਲੀਮ ਪਿੰਡ ਚੁਲੈਲੇ ਤੋਂ ਪ੍ਰਾਪਤ ਕੀਤੀ ਅਤੇ ਫਿਰ ਪਟਿਆਲਾ ਨਗਰ ਵਿਚ ਰਹਿ ਰਹੀ ਆਪਣੀ ਭੂਆ ਕੋਲ ਠਹਿਰ ਕੇ ਅਗੋਂ ਪੜ੍ਹਨਾ ਸ਼ੁਰੂ ਕਰ ਦਿੱਤਾ। ਆਪ ਦੀ ਰੁਚੀ ਸ਼ੁਰੂ ਤੋਂ ਹੀ ਧਾਰਮਿਕ ਸੀ। ਪਟਿਆਲਾ ਦੀ ਠਹਿਰ ਦੌਰਾਨ ਆਪ ਸੰਤ ਅਤਰ ਸਿੰਘ ਰੇਰੂ ਵਾਲੇ ਦੇ ਸੇਵਕਾਂ ਬਾਬਾ ਕਿਸ਼ਨ ਸਿੰਘ ਅਤੇ ਬਾਬਾ ਹੀਰਾ ਸਿੰਘ ਦੇ ਸੰਪਰਕ ਵਿਚ ਆਏ। ਉਨ੍ਹਾਂ ਦੀ ਸੰਗਤ ਵਿਚ ਆ ਕੇ ਆਪ ਨੇ ਕੀਰਤਨ ਕਰਨਾ ਸ਼ੁਰੂ ਕੀਤਾ। ਫਿਰ ਇਕ ਵਾਰ ਬਾਬਾ ਹੀਰਾ ਸਿੰਘ ਦੇ ਨਾਲ ਸੰਤ ਬਾਬਾ ਅਤਰ ਸਿੰਘ ਦੀ ਹਜ਼ੂਰੀ ਵਿਚ ਪਹੁੰਚੇ ਅਤੇ ਫਿਰ ਸੰਤ ਜੀ ਦੇ ਹੋ ਕੇ ਰਹਿ ਗਏ। ਸੰਤ ਜੀ ਤੋਂ ਅੰਮ੍ਰਿਤ ਪਾਨ ਕਰਕੇ ਆਪ ਗੁਲਾਬ ਸਿੰਘ ਤੋਂ ਈਸ਼ਰ ਸਿੰਘ ਬਣ ਗਏ। ਸੰਨ 1924 ਈ. ਤੋਂ ਆਪ ਰੇਰੂ ਸਾਹਿਬ ਹੀ ਰਹਿਣ ਲਗ ਗਏ।
21 ਜਨਵਰੀ 1927 ਈ. ਨੂੰ ਸੰਤ ਅਤਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਦ ਆਪ ਦਾ ਮਨ ਉਦਾਸ ਹੋ ਗਿਆ। ਫਲਸਰੂਪ ਗੁਰੂ-ਧਾਮਾਂ ਦੀ ਯਾਤ੍ਰਾ ਉਤੇ ਨਿਕਲ ਪਏ। ਯਾਤ੍ਰਾ ਤੋਂ ਪਰਤ ਕੇ ਆਪ ਨੇ ਰਾੜਾ ਪਿੰਡ ਦੀ ਢਕੀ ਵਿਚ ਡੇਰਾ ਲਗਾ ਦਿੱਤਾ। ਲੱਖਾਂ ਲੋਕਾਂ ਨੂੰ ਗੁਰਮਤ ਅਨੁਸਾਰੀ ਜੀਵਨ ਜੀਣ ਦਾ ਉਪਦੇਸ਼ ਦਿੱਤਾ ਅਤੇ ਅਣਗਿਣਤ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ। ਇਲਾਕੇ ਦੇ ਗ਼ਰੀਬ ਲੋਕਾਂ ਨੂੰ ਵਿਦਿਅਕ ਸਹੂਲਤਾਂ ਅਤੇ ਸਿਹਤ ਸੇਵਾਵਾਂ ਉਪਲਬਧ ਕਰਨ ਦਾ ਉਦਮ ਕੀਤਾ। ਹੁਣ ਰਾੜਾ ਸਾਹਿਬ (ਕਰਮਸਰ) ਨਾਂ ਦਾ ਇਕ ਵਿਸ਼ਾਲ ਡੇਰਾ ਆਪ ਦੀ ਲੋਕ-ਸੇਵਾ ਅਤੇ ਧਰਮ ਪ੍ਰਚਾਰਕ ਰੁਚੀ ਦਾ ਪ੍ਰਤੀਕ ਬਣਿਆ ਹੋਇਆ ਹੈ। ਆਪ ਦਾ ਸ਼ੁਰੂ ਕੀਤਾ ਹੋਇਆ ਸਕੂਲ ਅਤੇ ਕਾਲਜ ਹੁਣ ਸਰਕਾਰ ਦੇ ਪ੍ਰਬੰਧ ਅਧੀਨ ਚਲ ਰਹੇ ਹਨ।
ਸਿੱਖ-ਧਰਮ ਦੇ ਪ੍ਰਚਾਰ ਲਈ ਅਕਸਰ ਆਪ ਵਿਦੇਸ਼ਾਂ ਵਿਚ ਵੀ ਜਾਇਆ ਕਰਦੇ ਸਨ। ਅਜਿਹੀ ਹੀ ਇਕ ਵਿਦੇਸ਼ ਫੇਰੀ ਦੌਰਾਨ ਇੰਗਲੈਂਡ ਦੇ ਸ਼ਹਿਰ ਵੁਲਵਰਹੈਂਪਟਨ ਵਿਚ ਸ. ਸੌਦਾਗਰ ਸਿੰਘ ਦੇ ਘਰ 26 ਅਗਸਤ 1975 ਈ. ਨੂੰ ਆਪ ਨੇ ਸੰਸਾਰ ਨਾਲੋਂ ਨਾਤਾ ਤੋੜ ਲਿਆ। ਆਪ ਦੀ ਦੇਹ ਨੂੰ ਉਥੋਂ ਪੰਜਾਬ ਲਿਆ ਕੇ 1 ਸਤੰਬਰ 1975 ਈ. ਨੂੰ ਗੁਰਦੁਆਰਾ ਵਿਭੌਰ ਸਾਹਿਬ ਦੇ ਨੇੜੇ ਸਤਲੁਜ ਦਰਿਆ ਵਿਚ ਜਲ-ਪ੍ਰਵਾਹਿਤ ਕੀਤਾ ਗਿਆ। ਰਾਜਨੀਤੀ ਤੋਂ ਪੂਰੀ ਤਰ੍ਹਾਂ ਦੂਰ ਰਹਿ ਕੇ ਆਪ ਨੇ 50 ਵਰ੍ਹੇ ਪੂਰਣ ਸਮ-ਦ੍ਰਿਸ਼ਟੀ ਨਾਲ ਸਿੱਖ ਧਰਮ ਦਾ ਪ੍ਰਚਾਰ ਕੀਤਾ। ਆਪ ਤੋਂ ਬਾਦ ਬਾਬਾ ਕਿਸ਼ਨ ਸਿੰਘ ਜੀ ਨੇ ਧਰਮ ਪ੍ਰਚਾਰ ਦਾ ਕੰਮ ਜਾਰੀ ਰਖਿਆ ਅਤੇ ਉਨ੍ਹਾਂ ਤੋਂ ਬਾਦ ਵੀ ਉਸੇ ਸ਼ਿਦਤ ਨਾਲ ਧਰਮ ਪ੍ਰਚਾਰ ਜਾਰੀ ਹੈ। ਬਾਬਾ ਕਿਸ਼ਨ ਦੇ ਇਕ ਸੇਵਕ ਬਾਬਾ ਮਹਿੰਦਰ ਸਿੰਘ ਨੇ ਆਪ ਦੀ ਆਗਿਆ ਨਾਲ ਜਰਗ ਵਿਚ ਇਕ ਪ੍ਰਚਾਰ-ਕੇਂਦਰ ਦੀ ਸਥਾਪਨਾ ਕੀਤੀ ਹੈ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.