ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਡਰੱਗ ਸਮੇਤ ਗ੍ਰਿਫਤਾਰ ਕਰਨ ਦੇ ਦਾਅਵੇ ਉਪਰ ਉਨ੍ਹਾਂ ਦੇ ਮਾਪਿਆਂ ਨੇ ਸਵਾਲ ਉਠਾਇਆ ਹੈ। ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਤਰਸੇਮ ਸਿੰਘ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਜੋ ਆਵਾਜ਼ ਅਸੀਂ ਉਠਾਈ ਹੈ, ਉਸ ਨੂੰ ਦਬਾਉਣ ਲਈ ਸਰਕਾਰ ਸਾਨੂੰ ਬਦਨਾਮ ਕਰਨਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਨੂੰ ਨਸ਼ਾ ਰੋਕਣ ਲਈ ਜੋ ਕੰਮ ਕਰਨ ਦੀ ਲੋੜ ਸੀ, ਉਹ ਕਰਨ ਦੀ ਬਜਾਏ ਪੁਲਿਸ ਦਬਾਅ ਹੇਠ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਸਿੰਘ ਦੁਪਹਿਰ 12 ਵਜੇ ਚਲਾ ਗਿਆ ਸੀ। ਇਸ ਤੋਂ ਬਾਅਦ ਜਦੋਂ ਅਸੀਂ ਕਰੀਬ 2 ਘੰਟੇ ਬਾਅਦ ਫੋਨ ਕੀਤਾ ਤਾਂ ਫੋਨ ਬੰਦ ਸੀ।
ਉਧਰ, ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਨੇ ਅੱਜ ਇੱਕ ਮਾਰਚ ਵਿੱਚ ਹਿੱਸਾ ਲੈਣ ਫਰੀਦਕੋਟ ਆਉਣਾ ਸੀ। ਇਸ ਤੋਂ ਪਹਿਲਾਂ ਇਹ ਖਬਰ ਆ ਗਈ। ਇਸ ਮਾਮਲੇ ਦੀ ਹਾਈ ਕੋਰਟ ਦੇ ਜੱਜ ਤੋਂ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਹਰਪ੍ਰੀਤ ਸਿੰਘ ਨਸ਼ਾ ਲੈਂਦਾ ਹੈ ਜਾਂ ਉਸ ਕੋਲੋਂ ਨਸ਼ੇ ਵਰਗੀ ਕੋਈ ਚੀਜ਼ ਬਰਾਮਦ ਹੋ ਸਕਦੀ ਹੈ।
ਉਧਰ, ਐਸਐਸਪੀ ਅੰਕੁਰ ਗੁਪਤਾ ਨੇ ਕਿਹਾ ਕਿ ਫਿਲਹਾਲ ਉਹ ਸਾਡੇ ਲਈ ਦੋਸ਼ੀ ਹੈ ਕਿਉਂਕਿ ਉਸ ਨੇ ਅਪਰਾਧ ਕੀਤਾ ਹੈ। ਫਿਲੌਰ ਪੁਲਿਸ ਨੇ ਰੁਟੀਨ ਚੈਕਿੰਗ ਦੌਰਾਨ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸਐਸਪੀ ਨੇ ਕਿਹਾ ਕਿ ਐਨਡੀਪੀਐਸ ਐਕਟ 22-27 ਦੇ ਤਹਿਤ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ।
ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਐਨਡੀਪੀਐਸ ਐਕਟ ਦੀ ਧਾਰਾ 29 ਜੋੜ ਦਿੱਤੀ ਹੈ ਜਿਸ ਕਾਰਨ ਹੁਣ ਪੁਲਿਸ ਉਕਤ ਮੁਲਜ਼ਮਾਂ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰੇਗੀ, ਜਿਨ੍ਹਾਂ ਕੋਲੋਂ ਇਹ ਮੁਲਜ਼ਮ ਨਸ਼ਾ ਲੈ ਕੇ ਆਏ ਸੀ। ਪੁਲਿਸ ਨੇ ਮਾਮਲੇ ਵਿੱਚ ਸੰਦੀਪ ਵਾਸੀ ਹੈਬੋਵਾਲ ਨੂੰ ਵੀ ਨਾਮਜ਼ਦ ਕੀਤਾ ਹੈ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।