ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ 20 ਲੋਕਾਂ ਦੀ ਜਾਨ ਲੈਣ ਵਾਲੀ ਨਕਲੀ ਸ਼ਰਾਬ ਦਰਅਸਲ ਮਿਥੇਨੌਲ ਸੀ, ਜੋ ਕਿ ਉਦਯੋਗਿਕ ਉਤਪਾਦਾਂ ਵਿੱਚ ਵਰਤਿਆ ਜਾਣ ਵਾਲਾ ਇੱਕ ਘਾਤਕ ਰਸਾਇਣ ਹੁੰਦਾ ਹੈ। ਦੋਸ਼ੀਆਂ ਨੇ ਇਹ ਰਸਾਇਣ ਨੋਇਡਾ ਦੀ ਇੱਕ ਫੈਕਟਰੀ ਤੋਂ ਉਦਯੋਗਿਕ ਕੰਮਾਂ ਲਈ ਵਰਤਣ ਦੇ ਬਹਾਨੇ ਖਰੀਦਿਆ ਸੀ। ਇਹ ਜਾਣਕਾਰੀ ਉਕਤ ਮਾਮਲੇ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੀ ਅਗਵਾਈ ਕਰ ਰਹੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਦਿੱਤੀ।
ਪੰਜਾਬ ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਪੀੜਤਾਂ ਦੇ ਘਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁੱਖ ਸਾਂਝਾ ਕਰਨ ਲਈ ਪੁੱਜੇ। ਇਸ ਮੌਕੇ ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਣ ਤੇ ਸਿਆਸਤ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਬੇਸ਼ੱਕ ਮਾਨ ਨੇ ਕਿਹਾ ਕਿ ਮਾਸੂਮ ਲੋਕਾਂ ਦੇ ਇਹਨਾਂ ਕਾਤਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਮੌਤਾਂ ਨਹੀਂ ਕਤਲ ਹਨ। ਕਾਨੂੰਨ ਮੁਤਾਬਕ ਸਖਤ ਸਜ਼ਾ ਦਿੱਤੀ ਜਾਵੇਗੀ।
ਤੁਸੀਂ ਮੈਨੂੰ ਮੁੱਖ ਮੰਤਰੀ ਬਣਾਏ ਰੱਖਿਓ ਮੈਂ….
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਲੋਕਾਂ ਤੇ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਕਿਹਾ ਕਿ ਪਰਿਵਾਰਾਂ ਨਾਲ ਅਫਸੋਸ ਹੈ। ਮਾਨ ਨੇ ਕਿਹਾ ਕਿ ਮੈਂ ਸਿੱਧਾ ਦਿੱਲੀ ਤੋਂ ਤੁਹਾਡੇ ਪਿੰਡ ਆਇਆ ਕਿਉਂਕਿ ਮੇਰਾ ਫਰਜ਼ ਬਣਦਾ। ਮੈਂ ਕਿਸੇ ਘਰ ਦਾ ਚੁੱਲ੍ਹਾ ਨਹੀਂ ਬੁਝਣ ਦੇਵਾਗਾਂ ਜਿਨ੍ਹਾਂ ਚਿਰ ਤੁਸੀਂ ਮੈਨੂੰ ਮੁੱਖ ਮੰਤਰੀ ਰੱਖੋਗੇ, ਜੇ ਮੈਂ ਨਾ ਚੰਗਾ ਲੱਗਿਆ ਤਾਂ ਮੈਨੂੰ ਲਾਹ ਦਿਓ ਮੈਂ ਕਿਹੜਾ ਕੁੰਭ ਵਾਲਾ ਮੇਲਾ ਕਿ 12 ਸਾਲਾਂ ਹੀ ਰਹਿਣਾ। ਮਾਨ ਨੇ ਕਿਹਾ ਕਿ ਤੁਹਾਡੇ ਪਿੰਡ ਵੀ ਨੌਕਰੀਆਂ ਮਿਲਣੀਆਂ ਹੋਣਗੀਆਂ ਕਿਸੇ ਨੂੰ ਕੋਈ ਸਿਫਾਰਿਸ਼ ਕਰਨ ਦੀ ਲੋੜ ਨਹੀਂ ਪਈ।