ਜੇਕਰ ਭਾਖੜਾ ਡੈਮ ਪ੍ਰਾਜੈਕਟ ਦਾ ਸਾਰਾ ਪਿਛੋਕੜ ਗਹੁ ਨਾਲ ਘੋਖਿਆ ਜਾਵੇ ਤਾਂ ਇਹ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਭਾਵੇਂ ਅੰਗਰੇਜ਼ਾਂ ਨੇ ਵੀ ਇਸ ਵਿਚ ਕਾਫ਼ੀ ਦਿਲਚਸਪੀ ਲਈ ਅਤੇ ਇਸ ਦਾ ਮੁੱਢ ਬੰਨ੍ਹਿਆ ਪਰ ਇਸ ਦੇ ਮੁੱਖ ਨਾਇਕ ਸਰ ਛੋਟੂ ਰਾਮ ਹੀ ਸਨ। ਇਸ ਦੇ ਬਣਨ ਵਿਚ ਆਉਣ ਵਾਲੀਆਂ ਅਨੇਕ ਔਕੜਾਂ ਨੂੰ ਲਗਨ ਅਤੇ ਸਿਆਣਪ ਨਾਲ ਹੱਲ ਕਰਨ ਦਾ ਸਿਹਰਾ ਸਿਰਫ਼ ਉਨ੍ਹਾਂ ਦੇ ਸਿਰ ਹੈ। ਇਹ ਠੀਕ ਹੈ ਕਿ ਅਸਲ ਨਿਰਮਾਣ ਕਾਰਜ ਆਜ਼ਾਦੀ ਮਿਲਣ ਤੋਂ ਬਾਅਦ 1948 ਵਿਚ ਸ਼ੁਰੂ ਹੋਇਆ, ਪਰ ਇਸ ਤੋਂ ਪਹਿਲਾਂ ਜਿੰਨੇ ਸਰਵੇ ਹੋਏ,ਜਿੰਨਾ ਅਤਿ ਮਹੱਤਵਪੂਰਨ ਤਕਨੀਕੀ ਕੰਮ ਹੋਇਆ ਅਤੇ ਜਿੰਨੇ ਅੜਿੱਕੇ ਦੂਰ ਕਰਨੇ ਪਏ, ਉਨ੍ਹਾਂ ਸਾਰਿਆਂ ਵਿਚ ਸਰ ਛੋਟੂ ਰਾਮ ਦੀ ਪ੍ਰਮੁੱਖ ਭੁਮਿਕਾ ਸੀ।

ਵੀਹਵੀਂ ਸਦੀ ਦੇ ਆਰੰਭ ਵਿਚ ਇਕ ਸੀਨੀਅਰ ਅੰਗਰੇਜ਼ ਇੰਜੀਨੀਅਰ, ਨਿਕਲਸਨ, ਹਿਮਾਚਲ ਪ੍ਰਦੇਸ਼ ਦੇ ਪਹਾੜਾਂ ‘ਤੇ ਘੁੰਮ ਰਿਹਾ ਸੀ। ਬਿਲਾਸਪੁਰ ਕੋਲ ਅਚਾਨਕ ਭਾਖੜਾ ਨਾਂ ਦੇ ਪਿੰਡ ਕੋਲ ਦੋ ਪਹਾੜਾਂ ਦੇ ਵਿਚਕਾਰ ਤੰਗ ਜਗ੍ਹਾ ਵਿੱਚੋਂ ਲੰਘਦੇ ਸਤਲੁਜ ਦਰਿਆ ਨੂੰ ਵੇਖ ਕੇ ਉਸ ਨੂੰ ਉੱਥੇ ਡੈਮ ਬਣਾਉਣ ਦਾ ਖ਼ਿਆਲ ਆਇਆ। ਇੱਥੋਂ ਨਹਿਰਾਂ ਕੱਢ ਕੇ ਪੰਜਾਬ ਦੇ ਬਾਰਿਸ਼ ਦੀ ਕਮੀ ਵਾਲੇ ਦੱਖਣ-ਪੂਰਬੀ ਹਿਸਾਰ, ਰੋਹਤਕ ਅਤੇ ਗੁੜਗਾਉਂ ਜ਼ਿਲ੍ਹਿਆਂ ਨੂੰ ਜ਼ਰਖ਼ੇਜ਼ ਬਣਾਇਆ ਜਾ ਸਕਦਾ ਸੀ। ਉਸ ਨੇ ਇਸ ਬਾਰੇ ਪੂਰੀ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਨੂੰ ਪੇਸ਼ ਕਰ ਦਿੱਤੀ। ਬਹੁਤ ਸਾਲਾਂ ਤਕ ਇਹ ਰਿਪੋਰਟ ਖ਼ਜ਼ਾਨੇ ਅਤੇ ਆਬਪਾਸ਼ੀ ਮਹਿਕਮੇ ਦੇ ਸਕੱਤਰਾਂ ਕੋਲ ਪਈ ਰਹੀ। ਕੋਈ ਵਾਲੀ ਵਾਰਿਸ ਨਾ ਹੋਣ ਕਰਕੇ ਇਹ ਠੰਢੇ ਬਸਤੇ ਵਿਚ ਪਾ ਦਿੱਤੀ ਗਈ।
ਜਦ ਚੌਧਰੀ ਛੋਟੂ ਰਾਮ ਪਹਿਲੀ ਵਾਰ 1923 ਵਿਚ ਪੰਜਾਬ ਵਿਧਾਨਕਾਰ ਕੌਂਸਲ ਦੇ ਮੈਂਬਰ ਅਤੇ ਖੇਤੀਬਾੜੀ ਮੰਤਰੀ ਬਣੇ ਤਾਂ ਉਨ੍ਹਾਂ ਨੂੰ ਇਸ ਯੋਜਨਾ ਬਾਰੇ ਭਿਣਕ ਪੈ ਗਈ। ਉਨ੍ਹਾਂ ਨੇ ਇਸ ਦਾ ਗ਼ੌਰ ਨਾਲ ਅਧਿਐਨ ਕੀਤਾ ਅਤੇ ਇਸ ਨੂੰ ਪੰਜਾਬ ਦੇ ਔੜ ਮਾਰੇ ਇਲਾਕੇ ‘ਚ ਖ਼ੁਸ਼ਹਾਲੀ ਲਿਆਉਣ ਦੀ ਸੁਨਹਿਰੀ ਕਿਰਨ ਦੇ ਤੌਰ ‘ਤੇ ਅਪਣਾ ਲਿਆ। ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਯੋਜਨਾ ਬਾਰੇ ਮੁੱਢਲਾ ਕੰਮ 1915 ਵਿਚ ਸ਼ੁਰੂ ਹੋ ਗਿਆ ਸੀ ਅਤੇ 1919 ਵਿਚ ਸਰਕਾਰ ਨੂੰ ਰਿਪੋਰਟ ਪੇਸ਼ ਕਰ ਦਿੱਤੀ ਗਈ ਸੀ। 400 ਫੁੱਟ ਉੱਚਾ ਡੈਮ ਬਣਾ ਕੇ 25 ਲੱਖ ਏਕੜ ਜ਼ਮੀਨ ਦੀ ਸਿੰਚਾਈ ਹੋ ਸਕਦੀ ਸੀ। ਕੁੱਲ ਖ਼ਰਚ 14 ਕਰੋੜ 14 ਲੱਖ 74,926 ਰੁਪਏ ਆਉਣ ਦਾ ਅਨੁਮਾਨ ਲਗਾਇਆ ਗਿਆ ਸੀ। ਇਸ ਸਰਵੇ ਉੱਤੇ ਕਈ ਲੱਖ ਰੁਪਏ ਖ਼ਰਚ ਹੋਏ ਸਨ ਪਰ ਇਹ ਸਰਵਜਨਕ ਨਹੀਂ ਕੀਤੀ ਗਈ ਸੀ ਅਤੇ ਨਾ ਹੀ ਅੱਗੇ ਕੋਈ ਕਾਰਵਾਈ ਕੀਤੀ ਗਈ ਸੀ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.