ਮੌਸਮ ਨੇ ਅਚਾਨਕ ਕਰਵਟ ਬਦਲ ਲਈ, ਜਿਸ ਦੌਰਾਨ ਤੇਜ਼ ਬਰਸਾਤ ਦੇ ਨਾਲ-ਨਾਲ ਭਾਰੀ ਗੜ੍ਹੇਮਾਰੀ ਹੋਈ। ਇਸ ਕੁਦਰਤੀ ਆਫ਼ਤ ਕਾਰਨ ਇਲਾਕੇ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਕਿਸਾਨਾਂ ਵਿਚ ਚਿੰਤਾ ਦੀ ਲਹਿਰ ਪਾਈ ਜਾ ਰਹੀ ਹੈ। ਭਾਰੀ ਗੜ੍ਹੇਮਾਰੀ ਕਾਰਣ ਸੜਕਾਂ ਉਪਰ ਬਰਫ ਦੀ ਚਿੱਟੀ ਚਾਦਰ ਵਿਛ ਗਈ।

ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਸੀ ਕਿ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ ਭਾਰੀ ਬਰਸਾਤ ਅਤੇ ਗੜ੍ਹੇਮਾਰੀ ਹੋਣ ਦੀ ਸੰਭਾਵਨਾ ਹੈ।ਵਿਭਾਗ ਦੀ ਇਸ ਪੇਸ਼ੀਨਗੋਈ ਦੇ ਤਹਿਤ ਅੱਜ ਅੰਮ੍ਰਿਤਸਰ ਵਿਚ ਤੇਜ਼ ਮੀਂਹ ਪਿਆ ਅਤੇ ਵੱਡੇ ਆਕਾਰ ਦੇ ਗੜ੍ਹੇ ਪਏ। ਕਿਸਾਨਾਂ ਮੁਤਾਬਕ, ਇਸ ਬੇਮੌਸਮੀ ਬਰਸਾਤ ਅਤੇ ਗੜ੍ਹੇਮਾਰੀ ਨੇ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਭਾਰੀ ਗੜ੍ਹੇਮਾਰੀ ਅਤੇ ਤੇਜ਼ ਮੀਂਹ ਨੇ ਕਿਸਾਨਾਂ ਨੂੰ ਵੱਡੀ ਆਰਥਿਕ ਸੱਟ ਮਾਰੀ ਹੈ ਕਿਉਂਕਿ ਕਿਸਾਨ ਦੀ ਪੱਕ ਚੁੱਕੀ ਅਤੇ ਕੁਝ ਦਿਨਾਂ ਬਾਅਦ ਕੱਟੀ ਜਾਣ ਵਾਲੀ ਕਣਕ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਪਿੰਡ ਮੰਮੂ ਖੇੜਾ, ਜੰਡਵਾਲਾ ਭੀਮੇਸ਼ਾਹ, ਬਜੀਦਪੁਰ ਕੱਟਿਆਂ ਵਾਲੀ ਅਤੇ ਹੋਰ ਕਈ ਪਿੰਡਾਂ ’ਚ ਅਚਾਨਕ ਬਦਲੇ ਮੌਸਮ ਨਾਲ ਆਈ ਤੇਜ਼ ਮੀਂਹ, ਹਵਾ ਅਤੇ ਗੜ੍ਹਿਆਂ ਨੇ ਖੇਤਾਂ ’ਚ ਖੜੀ ਤਿਆਰ ਫ਼ਸਲ ਦਾ ਨੁਕਸਾਨ ਕੀਤਾ ਹੈ। ਕਈ ਥਾਵਾਂ ’ਤੇ ਕਣਕ ਦੀਆਂ ਬੱਲੀਆਂ ਵੀ ਝੜ੍ਹ ਗਈਆਂ। ਇਸ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ, ਕਿਉਂਕਿ ਫ਼ਸਲ ਕਟਾਈ ਦੇ ਬਿਲਕੁਲ ਨੇੜੇ ਸੀ। ਪਿੰਡ ਮੰਮੂ ਖੇੜਾ ’ਚ ਭਾਰੀ ਗੜ੍ਹੇਮਾਰੀ ਕਾਰਨ ਭਾਰੀ ਨੁਕਸਾਨ ਹੋਇਆ ਦੱਸਿਆ ਜਾਂਦਾ ਹੈ।
ਕਿਸਾਨਾਂ ਨੇ ਦੱਸਿਆ ਕਿ ਗੜ੍ਹੇਮਾਰੀ ਨੇ ਨਾ ਸਿਰਫ਼ ਫ਼ਸਲ ਨੂੰ ਡੇਗ ਦਿੱਤਾ ਹੈ ਸਗੋਂ ਦਾਣਿਆਂ ਦੀ ਗੁਣਵੱਤਾ ’ਤੇ ਵੀ ਅਸਰ ਪਵੇਗਾ। ਕਈ ਖੇਤਾਂ ’ਚ ਕਣਕ ਦੀ ਫ਼ਸਲ ਜ਼ਮੀਨ ’ਤੇ ਲੇਟ ਗਈ ਹੈ, ਜਿਸ ਨਾਲ ਕਟਾਈ ਕਰਨਾ ਔਖਾ ਹੋਵੇਗਾ ਅਤੇ ਮਸ਼ੀਨਾਂ ਦੀ ਵਰਤੋਂ ਵੀ ਮੁਸ਼ਕਿਲ ਬਣ ਜਾਵੇਗੀ। ਇਸ ਨਾਲ ਝਾੜ ਦੇ ਘੱਟ ਹੋਣ ਦੀ ਸੰਭਾਵਨਾ ਹੈ ਅਤੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿੱਥੇ ਗੜ੍ਹੇਮਾਰੀ ਕਾਰਨ ਕਣਕ ਦੀ ਫ਼ਸਲ ਪ੍ਰਭਾਵਿਤ ਹੋਈ ਹੈ, ਉਸਦਾ ਜਾਇਜ਼ਾ ਲਿਆ ਜਾਵੇ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.