ਕਈ ਵਾਰ ਇਤਿਹਾਸ ਨੂੰ ਠੀਕ ਢੰਗ ਨਾਲ ਨਾ ਲਿਖਣ ਵਾਲੇ ਕੁੱਝ ਗੱਲਾਂ ਗਲਤ ਲਿਖ ਜਾਂਦੇ ਹਨ ਜਿਨ੍ਹਾਂ ਦੀ ਸੁਧਾਈ ਕਰਦਿਆਂ ਵਕਤ ਲੱਗ ਜਾਂਦਾ ਹੈ। ਇਸੇ ਤਰ੍ਹਾਂ ਦੀ ਇਕ ਉਕਾਈ ਕਈ ਵਾਰ ਕੀਤੀ ਜਾਂਦੀ ਹੈ ਉਹ ਹੈ ਕਿ ਜਦੋਂ ਗੁਰੂ ਸਾਹਿਬ ਚਮਕੌਰ ਦੀ ਗੜ੍ਹੀ ਨੂੰ ਛੱਡਦੇ ਹਨ ਤਾਂ ਉਹ ਕਲਗੀ ਕਿਸ ਨੂੰ ਪਹਿਨਾਉਂਦੇ ਹਨ। ਇਸ ਬਾਰੇ ਸਾਫ ਕਹਿਣਾ ਬਣਦਾ ਹੈ ਕਿ ਉਹ ਸੂਰਮਾ, ਯੋਧਾ ਤੇ ਗੁਰੂ ਘਰ ਦਾ ਅਨਿਨ ਵਿਸ਼ਵਾਸਪਾਤਰ ਭਾਈ ਸੰਗਤ ਸਿੰਘ ਹੀ ਸਨ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਇਸ ਯੋਗ ਸਮਝਿਆ। ਇਹ ਸੂਰਮਾਂ ਭਾਈ ਸੰਗਤ ਸਿੰਘ ਹੀ ਸੀ ਜਿਨ੍ਹਾਂ ਗੁਰੂ ਦੇ ਥਾਂ ਸੱਚ ਦੀ ਜਿੱਤ ਵਾਸਤੇ ਆਪ ਆਪਣਾ ਸੀਸ ਵਾਰਿਆ।
ਇੱਥੇ ਇਕ ਗੱਲ ਕਹਿਣੀ ਹੋਰ ਬਣਦੀ ਹੈ ਕਿ 1699 ਦੀ ਵਿਸਾਖੀ ਨੂੰ ਆਨੰਦਪੁਰ ਸਾਹਿਬ ਵਿਖੇ ਖਾਲਸਾ ਦੀ ਸਾਜਣਾ ਸਮੇਂ ਗੁਰੂ ਸਾਹਿਬ ਨੇ ਵਾਰੋ ਵਾਰੀ ਪੰਜ ਸਿਰ ਮੰਗੇ ਸਨ ਉਸ ਵੇਲੇ ਕਿਸੇ ਨੂੰ ਨਹੀਂ ਸੀ ਪਤਾ ਕਿ ਅੱਗੇ ਕੀ ਵਾਪਰਨ ਵਾਲਾ ਹੈ, ਪਰ ਜਦੋਂ ਗੁਰੂ ਸਾਹਿਬ ਨੂੰ ਖਾਲਸੇ ਨੇ ਪੰਥ ਦੀ ਅਗਵਾਈ ਕਰਦੇ ਰਹਿਣ ਵਾਸਤੇ ਚਮਕੌਰ ਦੀ ਕੱਚੀ ਗੜ੍ਹੀ ਵਿੱਚੋਂ ਚਲੇ ਜਾਣ ਵਾਸਤੇ ਕਿਹਾ ਤਾਂ ਇਹ ਪੱਕਾ ਸੀ ਕਿ ਗੁਰੂ ਸਾਹਿਬ ਦੇ ਇਥੋਂ ਚਲੇ ਜਾਣ ਤੋਂ ਬਾਅਦ ਜੋ ਵੀ ਇੱਥੇ ਰਹਿਣਗੇ ਉਨ੍ਹਾਂ ਦੀ ਸ਼ਹਾਦਤ ਲਾਜ਼ਮੀ ਹੈ। ਕਈ ਵਾਰ ਪਹਿਲਾਂ ਲਿਖਿਆ ਵੀ ਇਤਿਹਾਸ ਬਣ ਜਾਂਦਾ ਹੈ। ਮਿਸਾਲ ਵਜੋਂ – ਗੁਰੂ ਸਾਹਿਬ, ਭਾਈ ਸੰਗਤ ਸਿੰਘ ਨੂੰ ਜਿਗਾ ਕਲਗੀ ਤੇ ਆਪਣੇ ਵਸਤਰ ਪਹਿਨਾਉਂਦਿਆ ਆਪਣਾ ਕਿਹਾ ਹੀ ਸੱਚ ਕਰ ਰਹੇ ਸਨ ਕਿ :
ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੇਂ ਹੀ ਕਰੋਂ ਨਿਵਾਸ
ਜਦੋਂ ਗੁਰੂ ਸਾਹਿਬ ਦੋ ਸਿੰਘਾਂ ਸਮੇਤ ਰਾਤ ਦੇ ਹਨੇਰੇ ਵਿੱਚ ਚਮਕੌਰ ਦੀ ਗੜ੍ਹੀ ਨੂੰ ਛੱਡਕੇ ਗਏ ਤਾਂ ਕਿਹਾ ਜਾਂਦਾ ਹੈ ਕਿ ਭਾਈ ਕੀਤਾ ਸਿੰਘ ਤੇ ਭਾਈ ਸੰਗਤ ਸਿੰਘ ਨੇ ਨਗਾਰਾ ਵੀ ਬਜਾਇਆ। ਮੁਗਲਾਂ ਦੀ ਫੌਜ ਵਿੱਚ ਇਸ ਗੱਲ ਦੀ ਚਰਚਾ ਹੋਣ ਲੱਗੀ ਕਿ ਕੋਈ ਗੜ੍ਹੀ ਵਿਚੋਂ ਗਿਆ ਹੈ ਇਸ ਕਰਕੇ ਰਾਤ ਦੇ ਹਨੇਰੇ ਵਿੱਚ ਉਨ੍ਹਾਂ ਪੈੜ ਨੱਪਣ ਦਾ ਜਤਨ ਕੀਤਾ ਪਰ ਸਫਲ ਨਾ ਹੋ ਸਕੇ। ਵਜ਼ੀਰ ਖਾਨ ਨੇ ਇਹ ਸੁਣਕੇ ਆਪਣੇ ਸੈਨਿਕਾਂ ਨੂੰ ਘੂਰਨਾ ਸ਼ੁਰੂ ਕਰ ਦਿੱਤਾ। ਪਰ ਜਦੋਂ ਸਵੇਰ ਦੇ ਸੂਰਜ ਦੀਆਂ ਕਿਰਨਾਂ ਨਿਕਲੀਆਂ ਤਾਂ ਮੁਗਲਾਂ ਨੇ ਉੱਚੀ ਮਮਟੀ (ਗੁੰਬਦ) ਉੱਤੇ ਬੈਠੇ ਗੁਰੂ ਸਾਹਿਬ ਨੂੰ ਦੇਖਿਆ। ਜਦੋਂ ਵਜ਼ੀਰ ਖਾਨ ਨੂੰ ਦੱਸਿਆ ਗਿਆ ਤਾਂ ਉਸ ਨੇ ਆਪ ਦੇਖਿਆ ਕਿ ਕਲਗੀ ਵੀ ਉਹੀ ਤੇ ਪੌਸ਼ਾਕ ਵੀ ਉਹੀ। ਦਰਅਸਲ ਗੁਰੂ ਸਾਹਿਬ ਵਲੋਂ ਬਖਸ਼ੇ ਬਸਤਰ ਅਤੇ ਕਲਗੀ ਸਜਾਈ ਬੈਠਾਂ ਇਹ ਨਿਰਭੈ ਯੋਧਾ ਭਾਈ ਸੰਗਤ ਸਿੰਘ ਸੀ। ਇਹ ਭਾਈ ਸੰਗਤ ਸਿੰਘ ਜੀ ਦੀ ਸ਼ਹਾਦਤ ਤੋਂ ਕੱਝ ਘੜੀਆਂ ਪਹਿਲਾਂ ਦਾ ਚਮਕਾਰਾ ਸੀ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.