ਹਿਮਾਚਲ ਦੇ ਵਿੱਚ ਮੌਨਸੂਨ ਨੇ ਤਬਾਹੀ ਮਚਾ ਦਿੱਤੀ ਹੈ, ਜਿੱਥੇ ਨਦੀਆਂ-ਨਾਲੇ ਉਫਾਨ ਉੱਤੇ ਹਨ। ਇਸ ਵਿਚਾਲੇ ਮੌਸਮ ਵਿਭਾਗ ਦੇ ਵੱਲੋਂ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਸੈਲਾਨੀਆਂ ਨੂੰ ਖਾਸ ਤੌਰ ਤੇ ਸੁਚੇਤ ਕੀਤਾ ਜਾ ਰਿਹਾ ਹੈ ਕਿ ਉਹ ਕੁੱਲੂ-ਮਨਾਲੀ ਆਉਣ ਤੋਂ ਗੁਰੇਜ਼ ਕਰਨ। ਇੱਥੋਂ ਦੇ ਪਹਾੜ ਵੀ ਬੱਦਲਾਂ ਨਾਲ ਪੂਰੀ ਤਰ੍ਹਾਂ ਢੱਕੇ ਹੋਏ ਹਨ।
ਦੱਸ ਦਈਏ ਕਿ ਬੀਤੇ ਦਿਨ ਮੀਂਹ ਅਤੇ ਬੱਦਲ ਫਟਣ ਕਾਰਨ ਕੁੱਲੂ ਵਿੱਚ ਭਾਰੀ ਨੁਕਸਾਨ ਦਰਜ ਕੀਤਾ ਗਿਆ ਹੈ, ਪਰ ਕੁੱਲੂ ਦੇ ਨਾਲ-ਨਾਲ ਮੰਡੀ ਜ਼ਿਲ੍ਹੇ ਲਈ ਖ਼ਤਰਾ ਟਲਿਆ ਨਹੀਂ ਹੈ। ਅੱਜ ਲਈ, ਮੌਸਮ ਵਿਭਾਗ ਦੇ ਸ਼ਿਮਲਾ ਕੇਂਦਰ ਨੇ ਮੰਡੀ ਵਿੱਚ ਭਾਰੀ ਮੀਂਹ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਹੈ। ਮੰਡੀ ਦੇ ਡਿਪਟੀ ਕਮਿਸ਼ਨਰ ਅਪੂਰਵ ਦੇਵਗਨ ਨੇ ਇਸ ਸਬੰਧੀ ਇੱਕ ਸਲਾਹ ਜਾਰੀ ਕੀਤੀ ਹੈ ਅਤੇ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ।
ਫਿਲਹਾਲ ਮੌਸਮ ਵਿਭਾਗ ਦੇ ਮੁਤਾਬਿਕ ਮੌਸਮ ਹੋਰ ਖਰਾਬ ਰਹਿਣ ਦੀ ਸੰਭਾਵਨਾ ਹੈ ਅਤੇ ਅਜਿਹੇ ਵਿੱਚ ਕੁੱਲੂ ਵਿੱਚ ਹਾਲਾਤ ਹੋਰ ਵੀ ਖਤਰਨਾਕ ਹੋ ਸਕਦੇ ਹਨ। ਜਿਸ ਕਾਰਨ ਸੈਲਾਨੀਆਂ ਤੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਅਪੀਲ ਕੀਤੀ ਜਾ ਰਹੀ ਹੈ।
ਹਿਮਾਚਲ ਪ੍ਰਦੇਸ਼ ’ਚ ਕਈ ਥਾਵਾਂ ’ਤੇ ਭਾਰੀ ਮੀਂਹ ਪੈਣ ਕਾਰਨ ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਚੰਡੀਗੜ੍ਹ-ਮਨਾਲੀ ਮਾਰਗ ਦਾ ਇੱਕ ਹਿੱਸਾ ਵਿਚਾਲੇ ਧਸ ਗਿਆ ਹੈ। ਮੌਸਮ ਵਿਭਾਗ ਨੇ ਸੂਬੇ ’ਚ ਔਰੇਂਜ ਅਲਰਟ ਜਾਰੀ ਕੀਤਾ ਹੈ ਅਤੇ ਜੁਲਾਈ ਤੱਕ ਵੱਖ ਵੱਖ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ, ਕੁਝ ਥਾਵਾਂ ’ਤੇ ਬਿਜਲੀ ਲਿਸ਼ਕਣ ਅਤੇ ਮੰਡੀ, ਸਿਰਮੌਰ ਤੇ ਸ਼ਿਮਲਾ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ’ਚ ਅਚਾਨਕ ਹੜ੍ਹ ਆਉਣ ਦੀ ਚਿਤਾਵਨੀ ਜਾਰੀ ਕੀਤੀ ਹੈ।