ਬਰਸਾਤੀ ਮੌਸਮ ਅਤੇ ਕਾਰੋਬਾਰੀ ਮੁਸ਼ਕਿਲਾਂ ਕਾਰਨ ਇਸ ਵਾਰ ਇੱਟਾਂ ਦੇ ਭੱਠੇ 7 ਮਹੀਨਿਆਂ ਲਈ ਬੰਦ ਹੋ ਗਏ ਹਨ। ਜਿਨਾਂ ਵੱਲੋਂ ਇੱਟਾਂ ਦੀ ਪੈਦਾਵਾਰ ਰੋਕੇ ਜਾਣ ਦੇ ਚੱਲਦਿਆਂ ਨਿਰਮਾਣ ਸਮੱਗਰੀ ਦੀ ਮੰਗ ਵਧਣ ’ਤੇ ਪਹਿਲੇ 15 ਦਿਨਾਂ ਵਿਚਕਾਰ ਹੀ ਰੇਟਾਂ ’ਚ ਇਜਾਫਾ ਹੋਣ ਕਾਰਨ ਗ਼ਰੀਬਾਂ ਦੇ ਸਸਤੇ ਮਕਾਨ ਬਣਾੳਣ ਦੇ ਸੁਫ਼ਨੇ ਟੁੱਟਣੇ ਸ਼ੁਰੂ ਹੋ ਗਏ ਹਨ। ਜਦਕਿ ਅਗਾਮੀ ਦਿਨਾਂ ’ਚ ਇਨ੍ਹਾਂ ਹਾ ਲਾਤ ਦੇ ਹੋਰ ਗੰਭੀ ਰ ਹੋਣ ’ਤੇ ਰੀਅਲ ਐਸਟੇਟ ਦਾ ਕਾਰੋਬਾਰ ਹੋਰ ਪ੍ਰਭਾਵਿਤ ਹੋਣ ਦੇ ਆਸਾਰ ਪੈਦਾ ਹੋ ਜਾਣਗੇ।
ਜ਼ਿਕਰਯੋਗ ਹੈ ਕਿ ਅਕਸਰ ਇੱਟਾਂ ਦੇ ਭੱਠੇ ਬਰਸਾਤ ਦੇ ਮੌਸਮ ਦੌਰਾਨ ਜੂਨ ਮਹੀਨੇ ਤੋਂ ਬੰਦ ਹੋ ਜਾਂਦੇ ਹਨ ਜੋ ਜ਼ਿਆਦਾ 4 ਮਹੀਨਿਆਂ ਬਾਅਦ ਸਰਦੀਆਂ ਮੌਸਮ ਦੌਰਾਨ ਮੁੜ ਚਾਲੂ ਹੋ ਜਾਂਦੇ ਸਨ ਪਰ ਇਸ ਵਾਰ ਉਕਤ ਭੱਠੇ ਦਸੰਬਰ ਮਹੀਨੇ ਤੱਕ ਬੰਦ ਰੱਖਣ ਦਾ ਕਾਰੋਬਾਰੀਆਂ ਵੱਲੋਂ ਫ਼ੈਸਲਾ ਲਿਆ ਗਿਆ ਹੈ ਅਤੇ ਜਿਨ੍ਹਾਂ ਦੇ ਮੁੜ ਜਨਵਰੀ ’ਚ 7 ਮਹੀਨਿਆਂ ਬਾਅਦ ਚਾਲੂ ਹੋਣ ’ਤੇ ਇੱਟਾਂ ਦੀ ਪੈਦਾਵਾਰ ਸ਼ੁਰੂ ਹੋ ਸਕੇਗੀ। ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਇੱਟਾਂ ਦੇ ਭੱਠੇ ਕਰੀਬ 3 ਮਹੀਨੇ ਹੋਰ ਵਾਧੂ ਸਮੇਂ ਲਈ ਬੰਦ ਰੱਖੇ ਜਾਣਗੇ।
ਇਸ ਸਬੰਧੀ ਜ਼ਿਲ੍ਹਾ ਭੱਠਾ ਐਸੋਸੀਏਸ਼ਨ ਦੀ ਸੀਨਅਰ ਆਗੂ ਬਲਜਿੰਦਰ ਸੋਨੀ ਪਿੰਕੀ ਨੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਦੇ ਹਵਾਲੇ ਨਾਲ ਗੱਲਬਾਤ ਕਰਨ ’ਤੇ ਦੱਸਿਆ ਕਿ ਅਕਸਰ ਬਰਸਾਤ ਦੇ ਦਿਨਾਂ ’ਚ ਜੂਨ ਮਹੀਨੇ ਹੀ ਇੱਟਾਂ ਦੇ ਭੱਠੇ ਬੰਦ ਹੋ ਜਾਂਦੇ ਹਨ ਜੋ ਮੁੜ ਕਰੀਬ 4 ਮਹੀਨਿਆਂ ਬਾਅਦ ਚਾਲੂ ਕੀਤੇ ਜਾਂਦੇ ਹਨ। ਮਗਰ ਇਸ ਵਾਰ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਉਕਤ ਭੱਠੇ ਸਤੰਬਰ/ਅਕਤੂਬਰ ਦੀ ਬਿਜਾਏ ਇਸ ਵਾਰ 3 ਮਹੀਨੇ ਹੋਰ ਜ਼ਿਆਦਾ ਸਮੇਂ ਬਾਅਦ ਜਨਵਰੀ ਮਹੀਨੇ ’ਚ ਚਾਲੂ ਕਰਨ ਦਾ ਫ਼ੈਸਲਾ ਲਿਆ ਜਾ ਚੁੱਕਾ ਹੈ।
ਜਦਕਿ ਰੂਪਨਗਰ ਜ਼ਿਲ੍ਹੇ ’ਚ ਵੀ ਇਸ ਸਬੰਧੀ ਲਗਭਗ ਫ਼ੈਸਲਾ ਲਿਆ ਜਾ ਚੁੱਕਾ ਹੈ। ਜਿਸ ਸਬੰਧੀ 1-2 ਦਿਨਾਂ ’ਚ ਜ਼ਿਲ੍ਹਾ ਐਸੋਸੀਏਸ਼ਨ ਦੀ ਬੈਠਕ ’ਚ ਸਮੁੱਚੀ ਸਥਿਤੀ ਸਪੱਸ਼ਟ ਹੋ ਜਾਵੇਗੀ। ਉਨ੍ਹਾਂ ਆਖਿਆ ਕਿ ਸਰਕਾਰੀ ਨੀਤੀਆਂ ਕਾਰਨ ਵੀ ਭੱਠਾ ਮਾਲਕਾਂ ਦਾ ਉਦਯੋਗ ਪ੍ਰਭਾਵਿਤ ਹੋ ਰਿਹਾ ਹੈ। ਜਿਸ ਦੇ ਕਈ ਕਾਰਨ ਹੈ। ਉਨ੍ਹਾਂ ਆਖਿਆ ਕਿ ਮਾਈਨਿੰਗ ਪਾਲਿਸੀ, ਜੀ. ਐੱਸ. ਟੀ. ਦਰਾਂ ’ਚ ਵਾਧਾ ਕੰਮ ਦੇ ਘੰਟਿਆਂ ’ਚ ਕਮੀ ਸਹਿਤ ਕਈ ਕਾਰਨ ਹਨ। ਜਿਸ ਕਾਰਨ ਪ੍ਰਭਾਵਿਤ ਹੋ ਰਹੇ ਕਾਰੋਬਾਰ ਨੂੰ ਬਚਾਉਣ ਅਤੇ ਨੁਕਸਾਨ ਦੀ ਭਰਪਾਈ ਲਈ ਭੱਠਾ ਮਾਲਕਾਂ ਵੱਲੋਂ ਉਕਤ ਫ਼ੈਸਲਾ ਲੈਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਇਸ ਸਬੰਧੀ ਭੱਠਾ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਵਾਤਾਵਰਣ ਬਚਾਉਣ ਲਈ ਐੱਨ. ਜੀ. ਟੀ. ਦੇ ਇਕ ਮਾਮਲੇ ’ਚ ਸੁਪਰੀਮ ਕੋਰਟ ਵੱਲੋਂ ਜਨਵਰੀ ਤੋਂ 30 ਜੂਨ ਤੱਕ ਭੱਠੇ ਚਾਲੂ ਰੱਖਣ ਸਬੰਧੀ ਜੋ ਹੁਕਮ ਜਾਰੀ ਹੋਏ ਹਨ ਦੇ ਸਬੰਧ ’ਚ ਪੰਜਾਬ ਲਈ ਅਜੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਹੈ। ਜਦਕਿ ਇਹ ਨੋਟੀਫਿਕੇਸ਼ਨ ਕੇਵਲ ਰਾਜਸਥਾਨ ਦੇ ਭੱਠਾ ਮਾਲਕਾਂ ’ਤੇ ਹੀ ਲਾਗੂ ਹੋਇਆ ਹੈ। ਜਿਸ ਕਰਕੇ ਇਨ੍ਹਾਂ ਆਦੇਸ਼ਾਂ ਦਾ ਸਾਡੇ ਭੱਠੇ ਬੰਦ ਹੋਣ ਨਾਲ ਕੋਈ ਸਬੰਧ ਨਹੀਂ ਹੈ।
ਅਗਲੇ ਕੁਝ ਮਹੀਨਿਆਂ ’ਚ ਅਸਮਾਨ ਨੂੰ ਛੂ ਸਕਦੇ ਹਨ ਇੱਟਾਂ ਦੇ ਰੇਟ—-ਜ਼ਿਕਰਯੋਗ ਹੈ ਕਿ ਉਕਤ ਭੱਠਿਆਂ ਦੇ ਬੰਦ ਹੋਣ ਦੇ 15 ਦਿਨਾਂ ਅੰਦਰ ਹੀ ਇੱਟਾਂ ਦੇ ਰੇਟ 500 ਤੋਂ 800 ਰੁਪਏ ਪ੍ਰਤੀ ਹਜ਼ਾਰ ਇੱਟ ਜ਼ਿਆਦਾ ਹੋ ਚੁੱਕਾ ਹੈ। ਜਦਕਿ ਅਗਾਮੀ ਕੁਝ ਮਹੀਨਿਆਂ ਅੰਦਰ ਹੀ ਇਹ ਰੇਟ ਆਸਮਾਨ ਨੂੰ ਛੂ ਸਕਦੇ ਹਨ। ਜਿਸ ਦਾ ਅਸਰ ਗ਼ਰੀਬ ਲੋਕਾਂ ਦੇ ਨਾਲ-ਨਾਲ ਰੀਅਲ ਐਸਟੇਟ ਕਾਰੋਬਾਰ ’ਤੇ ਪੈਣ ਦੇ ਆਸਾਰ ਹਨ। ਇਕ ਭੱਠਾ ਮਾਲਕ ਮਨੀਸ਼ ਸਿੰਗਲਾ ਨੇ ਆਖਿਆ ਕਿ ਪੈਦਾਵਾਰ ਘਟਣ ਅਤੇ ਮੰਗ ਵਧਣ ਨਾਲ ਯਕੀਨਨ ਰੇਟਾਂ ’ਚ ਉਛਾਲ ਆਵੇਗਾ। ਅਜਿਹੀ ਹਾਲਤ ’ਚ ਜੇਕਰ ਸਰਕਾਰ ਵੱਲੋਂ ਕੋਈ ਪਹਿਲਕਦਮੀ ਕਰਕੇ ਇਨ੍ਹਾਂ ਭੱਠਿਆਂ ਦੇ ਨੁਕਸਾਨ ਦੀ ਭਰਪਾਈ ਲਈ ਰਿਆਇਤ ਦਿੱਤੀ ਜਾਂਦੀ ਹੈ ਤਾਂ ਭੱਠਾ ਮਾਲਕਾਂ ਦੇ ਨਾਲ-ਨਾਲ ਹਰ ਵਰਗ ਖ਼ੁਸ਼ਹਾਲ ਹੋ ਸਕੇਗਾ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.