ਨਵਜੋਤ ਸਿੰਘ ਸਿੱਧੂ ਨੇ ਪਤਨੀ ਡਾ. ਨਵਜੋਤ ਕੌਰ ਦੇ ਕੈਂਸਰ ਦੇ ਇਲਾਜ ਆਯੁਰਵੈਦਿਕ ਤਰੀਕੇ ਨਾਲ ਕਰਨ ਦੇ ਬਿਆਨ ਤੋਂ ਯੂ-ਟਰਨ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਦਾ ਇਲਾਜ ਸਭ ਤੋਂ ਉਪਰ ਹੈ। ਨਵਜੋਤ ਸਿੰਘ ਸਿੱਧੂ ਪਤਨੀ ਨਾਲ ਅੰਮ੍ਰਿਤਸਰ ਵਿਚ ਆਊਟਿੰਗ ਕਰਨ ਆਏ ਸਨ। ਇਸ ਦੀ ਉਨ੍ਹਾਂ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ। ਸਾਂਝੀ ਕੀਤੀ ਗਈ ਵੀਡੀਓ ਵਿਚ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਦੇ ਠੀਕ ਹੋਣ ਤੋਂ ਬਾਅਦ ਵੀਡੀਓ ‘ਚ ਬਹੁਤ ਖ਼ੁਸ਼ ਨਜ਼ਰ ਆ ਰਹੇ ਹਨ। ਇਸ ਦੌਰਾਨ ਸਿੱਧੂ ਨੇ ਡਾ. ਨਵਜੋਤ ਕੌਰ ਲਈ ‘ਯੇ ਚਾਂਦ ਸਾ ਰੌਸ਼ਨ ਚਿਹਰਾ, ਜ਼ੁਲਫੋਂ ਕਾ ਰੰਗ ਸੁਨਹਿਰਾ’ ਗਾਣਾ ਵੀ ਗਾਇਆ।
ਉਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਘੁੰਮਦੇ ਹੋਏ ਵੀਡੀਓ ਸ਼ੇਅਰ ਕੀਤੀ ਹੈ, ਇਸੇ ਵੀਡੀਓ ਵਿੱਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਡਾਕਟਰੀ ਇਲਾਜ ਸਭ ਤੋਂ ਪਹਿਲਾਂ ਹੁੰਦਾ ਹੈ ਪਰ ਇਲਾਜ ਦੇ ਨਾਲ ਕੀ ਕਰਨਾ ਚਾਹੀਦਾ ਹੈ, ਇਹ ਸਭ ਕੁਝ ਦੱਸਾਂਗਾ। ਇਸ ਲਈ ਕਿਸੇ ਕੋਲ ਇਕ ਪੈਸਾ ਨਹੀਂ ਲਵਾਂਗਾ ਅਤੇ ਮੋਟੀਵੇਸ਼ਨਲ ਟਾਕ ਕਰਾਂਗਾ। ਇਸ ਦੇ ਲਈ ਬਹੁਤ ਪੈਸੇ ਮਿਲਦੇ ਹਨ ਪਰ ਮੈਂ ਇੱਕ ਪੈਸਾ ਨਹੀਂ ਲਵਾਂਗਾ ਇਸ ਦੌਰਾਨ ਉਨ੍ਹਾਂ ਪਤਨੀ ਨਾਲ ਇਕ ਢਾਬੇ ਤੋਂ ਚਾਹ ਪੀਣ ਦੇ ਨਾਲ-ਨਾਲ ਕਚੋਰੀਆਂ ਦਾ ਵੀ ਸੁਆਦ ਚੱਖਿਆ।
ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨੀਂ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਹੁਣ ਕੈਂਸਰ ਮੁਕਤ ਹੈ। ਉਨ੍ਹਾਂ ਦੀ ਪਤਨੀ ਕੈਂਸਰ ਨਿੰਮ, ਹਲਦੀ, ਨਿੰਬੂ ਅਤੇ ਆਂਵਲਾ ਨੂੰ ਆਪਣੀ ਖ਼ੁਰਾਕ ‘ਚ ਸ਼ਾਮਲ ਕਰਨ ਨਾਲ ਠੀਕ ਹੋ ਗਈ। ਸਿੱਧੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਤਨੀ ਨੇ ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਕੈਂਸਰ ਨੂੰ ਹਰਾਇਆ ਹੈ। ਸਿੱਧੂ ਦਾ ਇਹ ਬਿਆਨ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਵਾਇਰਲ ਹੋਇਆ ਸੀ।
ਇਥੇ ਦੱਸ ਦੇਈਏ ਕਿ ਨਵਜੋਤ ਸਿੱਧੂ ਦੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੈਂਸਰ ਦੇ ਕਈ ਮਰੀਜ਼ ਆਪਣੇ ਡਾਕਟਰਾਂ ਨੂੰ ਆਯੁਰਵੇਦ ਨਾਲ ਇਲਾਜ ਸ਼ੁਰੂ ਕਰਨ ਬਾਰੇ ਪੁੱਛ ਰਹੇ ਹਨ। ਇਸ ਦੌਰਾਨ ਦੇਸ਼ ਦੇ ਸਭ ਤੋਂ ਵੱਡੇ ਕੈਂਸਰ ਹਸਪਤਾਲਾਂ ਵਿੱਚੋਂ ਇਕ ਟਾਟਾ ਮੈਮੋਰੀਅਲ ਹਸਪਤਾਲ ਦੇ 200 ਤੋਂ ਵੱਧ ਕੈਂਸਰ ਡਾਕਟਰਾਂ ਨੇ ਇਕ ਪੱਤਰ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ। ਇਸ ਚਿੱਠੀ ਵਿਚ ਡਾਕਟਰਾਂ ਨੇ ਕਿਹਾ ਕਿ ਸਾਬਕਾ ਕ੍ਰਿਕਟਰ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਆਪਣੀ ਪਤਨੀ ਦੇ ਬ੍ਰੈਸਟ ਕੈਂਸਰ ਦੇ ਇਲਾਜ ਬਾਰੇ ਦੱਸ ਰਹੇ ਹਨ। ਵੀਡੀਓ ਦੇ ਕੁਝ ਹਿੱਸਿਆਂ ਵਿੱਚ ਕਿਹਾ ਗਿਆ ਹੈ ਕਿ ਡੇਅਰੀ ਉਤਪਾਦ ਅਤੇ ਚੀਨੀ ਨਾ ਖਾਣ ਅਤੇ ਹਲਦੀ ਅਤੇ ਨਿੰਮ ਦਾ ਸੇਵਨ ਕਰਕੇ ਕੈਂਸਰ ਦਾ ਇਲਾਜ ਕਰਨ ਨਾਲ ਉਨ੍ਹਾਂ ਦੇ ਕੈਂਸਰ ਨੂੰ ਠੀਕ ਕਰਨ ‘ਚ ਮਦਦ ਮਿਲੀ।
ਡਾਕਟਰਾਂ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਦੇ ਇਨ੍ਹਾਂ ਦਾਅਵਿਆਂ ਦਾ ਮੈਡੀਕਲ ਸਾਇੰਸ ਵਿੱਚ ਕੋਈ ਸਬੂਤ ਨਹੀਂ ਹੈ। ਅਜਿਹੇ ਆਯੁਰਵੈਦਿਕ ਇਲਾਜਾਂ ‘ਤੇ ਖੋਜ ਜਾਰੀ ਹੈ ਪਰ ਫਿਲਹਾਲ ਅਜਿਹਾ ਕੋਈ ਡਾਟਾ ਨਹੀਂ ਹੈ ਜੋ ਇਹ ਦਰਸਾਉਂਦਾ ਹੈ ਕਿ ਹਲਦੀ ਜਾਂ ਨਿੰਮ ਕੈਂਸਰ ਵਿਰੋਧੀ ਏਜੰਟ ਦੇ ਤੌਰ ‘ਤੇ ਫਾਇਦੇਮੰਦ ਹਨ। ਡਾਕਟਰਾਂ ਨੇ ਲੋਕਾਂ ਨੂੰ ਅਜਿਹੇ ਦਾਅਵਿਆਂ ਨੂੰ ਸੱਚ ਨਾ ਸਮਝਣ ਦੀ ਅਪੀਲ ਕੀਤੀ ਹੈ। ਜੇਕਰ ਉਨ੍ਹਾਂ ਵਿੱਚ ਕੈਂਸਰ ਦੇ ਕੋਈ ਲੱਛਣ ਹਨ ਤਾਂ ਡਾਕਟਰ ਅਤੇ ਕੈਂਸਰ ਮਾਹਿਰ ਨਾਲ ਸਲਾਹ ਕਰੋ ਅਤੇ ਜੇਕਰ ਸਮੇਂ ‘ਤੇ ਪਤਾ ਲੱਗ ਜਾਵੇ ਤਾਂ ਕੈਂਸਰ ਦਾ ਇਲਾਜ ਕੀਤਾ ਜਾ ਸਕਦਾ ਹੈ।