ਐਤਵਾਰ ਨੂੰ ਕੈਨੇਡਾ ਦੇ ਬਰੈਂਪਟਨ ਵਿਚਲੇ ਹਿੰਦੂ ਸਭਾ ਮੰਦਿਰ ਦੇ ਬਾਹਰ ਮੁਜ਼ਾਹਰੇ ਅਤੇ ਹਿੰਸਾ ਦੀਆਂ ਘਟਨਾਵਾਂ ਮਗਰੋਂ ਜਸਟਿਨ ਟਰੂਡੋ ਤੇ ਜਗਮੀਤ ਸਿੰਘ ਵੱਲੋਂ ਇਸ ਦੀ ਨਿੰਦਾ ਕੀਤੀ ਗਈ ਹੈ।ਦਰਅਸਲ ਸੋਸ਼ਲ ਮੀਡੀਆ ਉੱਤੇ ਇਸ ਘਟਨਾ ਬਾਰੇ ਦੱਸੀਆਂ ਜਾ ਰਹੀਆਂ ਵੀਡੀਓਜ਼ ਵਿੱਚ ਕੁਝ ਖਾਲਿਸਤਾਨੀ ਸਮਰਥਕ ਝੰਡਿਆਂ ਅਤੇ ਬੈਨਰਾਂ ਨਾਲ ਖੜ੍ਹੇ ਦਿਖਾਈ ਦੇ ਰਹੇ ਹੈ ਤੇ ਉਨ੍ਹਾਂ ਵੱਲੋਂ ਕੁਝ ਲੋਕਾਂ ਨਾਲ ਮਾਰ-ਕੁੱਟ ਕੀਤੀ ਜਾ ਰਹੀ ਹੈ।ਬੀਬੀਸੀ ਸੋਸ਼ਲ ਮੀਡੀਆ ਉੱਤੇ ਜਾਰੀ ਹੋਈਆਂ ਵੀਡੀਓਜ਼ ਦੀ ਪੁਸ਼ਟੀ ਨਹੀਂ ਕਰਦਾ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਰੈਂਪਟਨ ਦੇ ਹਿੰਦੂ ਸਭਾ ਮੰਦਰ ‘ਤੇ ਖਾਲਿਸਤਾਨੀ ਕੱਟੜਪੰਥੀਆਂ ਵੱਲੋਂ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਧਾਰਮਿਕ ਆਜ਼ਾਦੀ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ, ਟਰੂਡੋ ਨੇ ਕਿਹਾ ਕਿ ਹਰੇਕ ਕੈਨੇਡੀਅਨ ਨੂੰ ਸੁਰੱਖਿਅਤ ਤਰੀਕੇ ਨਾਲ ਆਪਣੇ ਧਰਮ ਦਾ ਪਾਲਣ ਕਰਨ ਦਾ ਅਧਿਕਾਰ ਹੈ।
ਐਕਸ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਟਰੂਡੋ ਨੇ ਲਿਖਿਆ, “ਬਰੈਂਪਟਨ ਵਿਚ ਹਿੰਦੂ ਸਭਾ ਮੰਦਰ ਵਿਚ ਹੋਈ ਹਿੰਸਾ ਅਸਵੀਕਾਰਨਯੋਗ ਹੈ। ਹਰ ਕੈਨੇਡੀਅਨ ਨੂੰ ਆਜ਼ਾਦੀ ਅਤੇ ਸੁਰੱਖਿਅਤ ਢੰਗ ਨਾਲ ਆਪਣੇ ਧਰਮ ਦਾ ਪਾਲਣ ਕਰਨ ਦਾ ਅਧਿਕਾਰ ਹੈ। ਕਮਿਊਨਿਟੀ ਦੀ ਸੁਰੱਖਿਆ ਅਤੇ ਇਸ ਘਟਨਾ ਦੀ ਜਾਂਚ ਲਈ ਤੇਜ਼ੀ ਨਾਲ ਪ੍ਰਤੀਕਿਰਿਆ ਦੇਣ ਲਈ ਪੀਲ ਖੇਤਰੀ ਪੁਲਸ ਦਾ ਧੰਨਵਾਦ।”
ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਲੀਵਰੇ ਨੇ ਖਾਲਿਸਤਾਨੀ ਕੱਟੜਪੰਥੀਆਂ ਵੱਲੋਂ ਬਰੈਂਪਟਨ ਦੇ ਹਿੰਦੂ ਸਭਾ ਮੰਦਰ ‘ਤੇ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕਰਦੇ ਹੋਏ ਇਸ ਨੂੰ “ਪੂਰੀ ਤਰ੍ਹਾਂ ਅਸਵੀਕਾਰਨਯੋਗ” ਦੱਸਿਆ। ਪੋਇਲੀਵਰੇ ਨੇ ਅੱਗੇ ਕਿਹਾ ਕਿ ਕੰਜ਼ਰਵੇਟਿਵ ਇਸ ਹਮਲੇ ਦੀ ਨਿੰਦਾ ਕਰਦੇ ਹਨ ਅਤੇ ਲੋਕਾਂ ਨੂੰ ਇਕਜੁੱਟ ਕਰਨ ਅਤੇ ਇਸ ਅਰਾਜਕਤਾ ਨੂੰ ਖਤਮ ਕਰਨ ਦਾ ਵਾਅਦਾ ਕਰਦੇ ਹਨ।