Home / ਵੀਡੀਓ / Canada ‘ਚ ਵਿਗੜੇ ਮਾਹੌਲ

Canada ‘ਚ ਵਿਗੜੇ ਮਾਹੌਲ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਰੈਂਪਟਨ ਦੇ ਹਿੰਦੂ ਸਭਾ ਮੰਦਰ ‘ਤੇ ਖਾਲਿਸਤਾਨੀ ਕੱਟੜਪੰਥੀਆਂ ਵੱਲੋਂ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਧਾਰਮਿਕ ਆਜ਼ਾਦੀ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ, ਟਰੂਡੋ ਨੇ ਕਿਹਾ ਕਿ ਹਰੇਕ ਕੈਨੇਡੀਅਨ ਨੂੰ ਸੁਰੱਖਿਅਤ ਤਰੀਕੇ ਨਾਲ ਆਪਣੇ ਧਰਮ ਦਾ ਪਾਲਣ ਕਰਨ ਦਾ ਅਧਿਕਾਰ ਹੈ।

ਐਕਸ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਟਰੂਡੋ ਨੇ ਲਿਖਿਆ, “ਬਰੈਂਪਟਨ ਵਿਚ ਹਿੰਦੂ ਸਭਾ ਮੰਦਰ ਵਿਚ ਹੋਈ ਹਿੰਸਾ ਅਸਵੀਕਾਰਨਯੋਗ ਹੈ। ਹਰ ਕੈਨੇਡੀਅਨ ਨੂੰ ਆਜ਼ਾਦੀ ਅਤੇ ਸੁਰੱਖਿਅਤ ਢੰਗ ਨਾਲ ਆਪਣੇ ਧਰਮ ਦਾ ਪਾਲਣ ਕਰਨ ਦਾ ਅਧਿਕਾਰ ਹੈ। ਕਮਿਊਨਿਟੀ ਦੀ ਸੁਰੱਖਿਆ ਅਤੇ ਇਸ ਘਟਨਾ ਦੀ ਜਾਂਚ ਲਈ ਤੇਜ਼ੀ ਨਾਲ ਪ੍ਰਤੀਕਿਰਿਆ ਦੇਣ ਲਈ ਪੀਲ ਖੇਤਰੀ ਪੁਲਸ ਦਾ ਧੰਨਵਾਦ।”

ਬੀਤੇ ਸਾਲ ਕੈਨੇਡਾ ‘ਚ ਹੋਏ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਵਿਚਕਾਰ ਦੀ ਕੜਵਾਹਟ ਲਗਾਤਾਰ ਵਧਦੀ ਜਾ ਰਹੀ ਹੈ। ਕੈਨੇਡਾ ਸਰਕਾਰ ਵੱਲੋਂ ਲਗਾਤਾਰ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਤੇ ਏਜੰਸੀਆਂ ਦਾ ਹੱਥ ਹੋਣ ਦਾ ਦਾਅਵਾ ਕੀਤਾ ਗਿਆ ਹੈ, ਉੱਥੇ ਹੀ ਭਾਰਤ ਸਰਕਾਰ ਸ਼ੁਰੂ ਤੋਂ ਹੀ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦੀ ਆ ਰਹੀ ਹੈ।

ਇਸੇ ਦੌਰਾਨ ਕੈਨੇਡਾ ਦੇ ਬਰੈਂਪਟਨ ਸਥਿਤ ਹਿੰਦੂ ਸਭਾ ਮੰਦਰ ਦੇ ਬਾਹਰ ਖਾਲਿਸਤਾਨੀ ਸਮਰਥਕਾਂ ਤੇ ਭਾਰਤ ਸਮਰਥਕਾਂ ਵਿਚਾਲੇ ਹਿੰਸਕ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਵੀਡੀਓਜ਼ ‘ਚ ਦਿਖਾਈ ਦੇ ਰਿਹਾ ਹੈ ਕਿ ਖਾਲਿਸਤਾਨੀ ਸਮਰਥਕ ਹੱਥਾਂ ‘ਚ ਖਾਲਿਸਤਾਨੀ ਝੰਡੇ ਫੜੀ ਵੱਡੀ ਗਿਣਤੀ ‘ਚ ਮੰਦਰ ਦੇ ਬਾਹਰ ਇਕੱਠੇ ਹੋ ਕੇ ਭਾਰਤ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ ਤੇ ਨਿੱਝਰ ਦੇ ਕਤਲ ਲਈ ਭਾਰਤ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਇਸ ਦੇ ਜਵਾਬ ‘ਚ ਭਾਰਤੀ ਸਮਰਥਕਾਂ ਨੇ ਵੀ ‘ਖਾਲਿਸਤਾਨ ਮੁਰਦਾਬਾਦ’ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ, ਜਿਸ ਮਗਰੋਂ ਭੜਕੇ ਖਾਲਿਸਤਾਨ ਸਮਰਥਕਾਂ ਨੇ ਉਨ੍ਹਾਂ ‘ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ ਤੇ ਇਸ ਦੌਰਾਨ ਉਹ ਮੰਦਰ ਦੇ ਅੰਦਰ ਤੱਕ ਆ ਗਏ।

Check Also

ਸੁਖਬੀਰ ਬਾਦਲ ਨੇ ਸਾਰੇ ‘ਗੁਨਾਹ’ ਕਬੂਲੇ, ਸੁਣੋ ਕੀ ਕਿਹਾ…

ਤਨਖਾਹੀਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ (Sukhbir Badal) ਦੇ ਮਾਮਲੇ ਨੂੰ ਲੈ ਕੇ ਪੰਜ …