Home / ਪੰਜਾਬੀ ਖਬਰਾਂ / ਕੈਨੇਡਾ ਗਏ ਪੰਜਾਬੀਆਂ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ!

ਕੈਨੇਡਾ ਗਏ ਪੰਜਾਬੀਆਂ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ!

ਮੌਜੂਦਾ ਕੂਟਨੀਤਕ ਸੰਕਟ ਦਰਮਿਆਨ ਕੈਨੇਡਾ ਨੇ ਫਿਰ ਤੋਂ ਅਜਿਹੀ ਕਾਰਵਾਈ ਕੀਤੀ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਹੋਰ ਖਟਾਸ ਆ ਸਕਦੀ ਹੈ। ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਇੱਕ ਅਧਿਕਾਰਤ ਦਸਤਾਵੇਜ਼ ਵਿੱਚ ਪਹਿਲੀ ਵਾਰ ਭਾਰਤ ਨੂੰ ‘ਦੁਸ਼ਮਣ ਦੇਸ਼’ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਕੈਨੇਡਾ ਦੇ ਇਸ ਫੈਸਲੇ ਪਿੱਛੋਂ ਸਵਾਲ ਉਠਣ ਲੱਗੇ ਹਨ ਕਿ ਕੀ ਇਥੇ ਆਏ ਭਾਰਤੀਆਂ ਲਈ ਹਾਲਾਤ ਔਖੇ ਹੋ ਸਕਦੇ ਹਨ? ਇਸ ਤੋਂ ਇਲਾਵਾ ਭਾਰਤੀਆਂ ਨੂੰ ਵੀਜ਼ੇ ਦੇਣ ਵਿਚ ਵੀ ਇਹ ਮੁਲਕ ਹੱਥ ਘੁੱਟ ਸਕਦਾ ਹੈ? ਇਹ ਵੀ ਚਰਚਾ ਹੈ ਕਿ ਕੈਨੇਡਾ ਗਏ ਭਾਰਤੀਆਂ ਨੂੰ ਪੀਆਰ ਮਿਲਣ ਵਿਚ ਔਖ ਹੋ ਸਕਦੀ ਹੈ।

ਪਿਛਲੇ ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਸਰਕਾਰ ‘ਤੇ ਕੈਨੇਡਾ ਦੀ ਧਰਤੀ ‘ਤੇ ਖਾਲਿਸਤਾਨ ਪੱਖੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ‘ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਹੈ।

ਇਸ ਦਾ ਸਭ ਤੋਂ ਵੱਧ ਅਸਰ ਇਮੀਗ੍ਰੇਸ਼ਨ ਉਦਯੋਗ ਉਤੇ ਪਿਆ ਹੈ। ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਰੀਬ 70 ਫੀਸਦੀ ਦੀ ਕਮੀ ਆਈ ਹੈ। ਕੈਨੇਡਾ ਜਾਣ ਵਾਲੇ ਜ਼ਿਆਦਾਤਰ ਲੋਕ ਪੰਜਾਬੀ ਹਨ। ਅਜਿਹੇ ‘ਚ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਵਿਵਾਦ ਕਾਰਨ ਕੈਨੇਡਾ ਜਾ ਕੇ ਆਪਣਾ ਭਵਿੱਖ ਬਣਾਉਣ ਦੇ ਚਾਹਵਾਨ ਵਿਦਿਆਰਥੀਆਂ ਨੇ ਕੈਨੇਡਾ ਦੀ ਬਜਾਏ ਕੋਈ ਹੋਰ ਵਿਕਲਪ ਲੱਭਣਾ ਸ਼ੁਰੂ ਕਰ ਦਿੱਤਾ ਹੈ।

ਮਾਹਿਰਾਂ ਅਨੁਸਾਰ ਕੈਨੇਡਾ ਦੇ ਵੀਜ਼ਿਆਂ ਵਿੱਚ ਆਈ ਗਿਰਾਵਟ ਦੋਵਾਂ ਮੁਲਕਾਂ ਵਿਚਾਲੇ ਪੈਦਾ ਹੋਈ ਕੁੜੱਤਣ ਕਾਰਨ ਹੀ ਹੈ। ਨਾਲ ਹੀ, ਦੂਜਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕੈਨੇਡਾ ਨੇ ਆਪਣੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਦਾਖਲੇ ਲਈ ਜੀਆਈਸੀ ਖਾਤੇ ਦੀ ਰਕਮ ਦੁੱਗਣੀ ਕਰ ਦਿੱਤੀ ਹੈ। ਅਜਿਹੇ ‘ਚ ਭਾਰਤੀ ਵਿਦਿਆਰਥੀ ਫਿਲਹਾਲ ਕੈਨੇਡਾ ਦੀ ਬਜਾਏ ਹੋਰ ਵਿਕਲਪਾਂ ਦੀ ਤਲਾਸ਼ ਕਰ ਰਹੇ ਹਨ।ਦਰਅਸਲ, ਕੈਨੇਡੀਅਨ ਸਰਕਾਰ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿੱਚ ਭਾਰਤ ਨੂੰ ਚੀਨ, ਰੂਸ, ਈਰਾਨ ਅਤੇ ਉੱਤਰੀ ਕੋਰੀਆ ਦੇ ਨਾਲ ਇੱਕ “ਰਾਜ ਵਿਰੋਧੀ” ਵਜੋਂ ਸੂਚੀਬੱਧ ਕੀਤਾ ਗਿਆ ਹੈ।

ਰਿਪੋਰਟ ਮੁਤਾਬਕ ਕੂਟਨੀਤਕ ਤਣਾਅ ਤੋਂ ਬਾਅਦ ਭਾਰਤ ਪੱਖੀ ਹੈਕਟਿਵਿਸਟ ਗਰੁੱਪ ਉਤੇ ਕੈਨੇਡੀਅਨ ਵੈੱਬਸਾਈਟਾਂ ‘ਤੇ ਸਾਈਬਰ ਹਮਲਿਆਂ ਦਾ ਦੋਸ਼ ਲੱਗਾ ਹੈ। ਕੈਨੇਡਾ ਸਰਕਾਰ ਨੇ ਪਹਿਲੀ ਵਾਰ ਦੇਸ਼ ਦੇ ਸਾਈਬਰ ਸੁਰੱਖਿਆ ਕੇਂਦਰ ਦੁਆਰਾ ਪ੍ਰਕਾਸ਼ਿਤ ਆਪਣੇ ਰਾਸ਼ਟਰੀ ਸਾਈਬਰ ਖ਼ਤਰੇ ਦੇ ਮੁਲਾਂਕਣ 2025-2026 ਵਿੱਚ ਭਾਰਤ ਨੂੰ “ਪ੍ਰਤੀਕੂਲ” ਵਜੋਂ ਚਿੰਨ੍ਹਿਤ ਕੀਤਾ ਹੈ।

Check Also

ਜਥੇਦਾਰ ਨੇ ਠੋਕਿਆ ਚੰਦੂਮਾਜਰਾ

ਤਨਖਾਹੀਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ (Sukhbir Badal) ਦੇ ਮਾਮਲੇ ਨੂੰ ਲੈ ਕੇ ਪੰਜ …