ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪਾਕਿਸਤਾਨ ਤੋਂ ਨਾਮ ਲੇਵਾ ਸਿੱਖ ਸੰਗਤ ਲਈ ਵੱਡੀ ਖ਼ਬਰ ਆਈ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਅਵਾ ਹੈ ਕਿ ਹੁਣ ਸਿੱਖ ਸ਼ਰਧਾਲੂ ਬਿਨਾਂ ਵੀਜ਼ਾ ਫੀਸ ਦੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ।
ਕਮੇਟੀ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਐਕਸ ‘ਤੇ ਇਕ ਪੋਸਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਪਾਕਿਸਤਾਨ ਸਰਕਾਰ ਨੇ ਸ਼ਰਧਾਲੂਆਂ ਲਈ ਇਹ ਵੱਡਾ ਫੈਸਲਾ ਲਿਆ ਹੈ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 20 ਡਾਲਰ ਪ੍ਰਤੀ ਸ਼ਰਧਾਲੂ ਦੀ ਵੀਜ਼ਾ ਫੀਸ ਲਈ ਜਾਂਦੀ ਹੈ। ਜੋ ਕਿ ਭਾਰਤੀ ਰੁਪਏ ਵਿੱਚ 16-17 ਸੌ ਰੁਪਏ ਹੈ। ਹੁਣ ਇਸ ਫੈਸਲੇ ਤੋਂ ਬਾਅਦ ਸ਼ਰਧਾਲੂਆਂ ਨੂੰ ਇਹ ਫੀਸ ਨਹੀਂ ਦੇਣੀ ਪਵੇਗੀ।
ਦੱਸ ਦਈਏ ਕਿ ਹਾਲ ਹੀ ਵਿੱਚ ਭਾਰਤ ਅਤੇ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਨਾਲ ਸਬੰਧਤ ਸਮਝੌਤੇ ਨੂੰ ਅਗਲੇ 5 ਸਾਲਾਂ ਲਈ ਵਧਾਉਣ ਦਾ ਫੈਸਲਾ ਕੀਤਾ ਸੀ। ਸਾਲ 2019 ਵਿੱਚ, ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਦੀ ਤਤਕਾਲੀ ਸਰਕਾਰ ਨੇ ਲਾਂਘਾ ਖੋਲ੍ਹਣ ਦਾ ਫੈਸਲਾ ਕੀਤਾ ਸੀ।
ਜਿਸ ਲਈ 20 ਡਾਲਰ ਫੀਸ ਰੱਖੀ ਗਈ ਸੀ। ਉਸ ਸਮੇਂ ਪਾਕਿਸਤਾਨ ਨੇ ਕਿਹਾ ਸੀ ਕਿ ਇਹ ਫੀਸ ਗੁਰੂ ਘਰ ਦੀ ਸੇਵਾ ਸੰਭਾਲ ਲਈ ਵਰਤੀ ਜਾਵੇਗੀ। ਸਿੱਖ ਸ਼ਰਧਾਲੂ ਇਸ ਫੀਸ ਨੂੰ ਖਤਮ ਕਰਨ ਦੀ ਮੰਗ ਕਰ ਰਹੇ ਸਨ। ਜਿਸ ਨੂੰ ਹੁਣ ਹਟਾ ਦਿੱਤਾ ਗਿਆ ਹੈ। ਪਾਕਿਸਤਾਨ ਨੂੰ ਉਮੀਦ ਹੈ ਕਿ ਫੀਸ ਖਤਮ ਹੋਣ ਨਾਲ ਵੱਡੀ ਗਿਣਤੀ ‘ਚ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣਗੇ।