ਪਰਮਾਤਮਾ ਦਾ ਨਾਮ ਇਕ ਐਸਾ ਅਮੋਲਕ ਪਦਾਰਥ ਹੈ ਜੋ ਭਾਗਾਂ ਨਾਲ ਮਿਲਦਾ ਹੈ। ਇਸ ਰਤਨ ਨੂੰ ਜੇ ਅਨੇਕਾਂ ਜਤਨ ਕਰ ਕੇ ਭੀ ਹਿਰਦੇ ਵਿਚ (ਗੁਪਤ) ਰੱਖਏ, ਤਾਂ ਭੀ ਲੁਕਾਇਆਂ ਇਹ ਲੁਕਦਾ ਨਹੀਂ।੧।(ਉਂਞ ਉਹ ਸੁਆਦ) ਦੱਸਿਆ ਨਹੀਂ ਜਾ ਸਕਦਾ (ਜੋ) ਪਰਮਾਤਮਾ ਦੇ ਗੁਣ ਗਾਉਂਦਿਆਂ (ਆਉਂਦਾ ਹੈ) , ਜਿਵੇਂ ਗੁੰਗੇ ਮਨੁੱਖ ਦੀ ਖਾਧੀ ਮਠਿਆਈ (ਦਾ ਸੁਆਦ ਕਿਸੇ ਹੋਰ ਨੂੰ ਪਤਾ ਨਹੀਂ ਲੱਗ ਸਕਦਾ, ਗੁੰਗਾ ਦੱਸ ਨਹੀਂ ਸਕਦਾ) ।੧।ਰਹਾਉ।
(ਇਹ ਰਤਨ-ਨਾਮ) ਜਪਦਿਆਂ ਜੀਭ ਨੂੰ ਸੁਖ ਮਿਲਦਾ ਹੈ, ਸੁਣਦਿਆਂ ਕੰਨਾਂ ਨੂੰ ਸੁਖ ਮਿਲਦਾ ਹੈ ਤੇ ਚੇਤਦਿਆਂ ਚਿੱਤ ਨੂੰ ਸੁਖ ਪ੍ਰਾਪਤ ਹੁੰਦਾ ਹੈ। ਹੇ ਭੀਖਨ! ਤੂੰ ਭੀ) ਆਖ-(ਇਹ ਨਾਮ ਸਿਮਰਦਿਆਂ) ਮੇਰੀਆਂ ਦੋਹਾਂ ਅੱਖਾਂ ਵਿਚ (ਐਸੀ) ਠੰਢ ਪਈ ਹੈ ਕਿ ਮੈਂ ਜਿੱਧਰ ਤੱਕਦਾ ਹਾਂ ਉਸ ਪਰਮਾਤਮਾ ਨੂੰ ਹੀ ਵੇਖਦਾ ਹਾਂ।੨।੨।ਹੇ ਮੋਹਨ-ਪ੍ਰਭੂ! ਜਿਵੇਂ ਪਤੀ ਤੋਂ ਵਿਛੁੜੀ ਹੋਈ ਇਸਤ੍ਰੀ ਭਾਵੇਂ ਜੀਕਰ) ਹਾਰ, ਕੱਜਲ, ਕਪੜੇ, ਗਹਿਣੇ ਪਾਂਦੀ ਹੈ, (ਪਰ ਵਿਛੋੜੇ ਦੇ ਕਾਰਨ) ਹਾਹੁਕੇ ਵਿਚ (ਉਸ ਨੂੰ) ਨੀਂਦ ਨਹੀਂ ਆਉਂਦੀ, (ਪਤੀ ਦੀ ਉਡੀਕ ਵਿਚ ਉਹ) ਹਰ ਵੇਲੇ ਉਦਾਸ ਉਦਾਸ ਰਹਿੰਦੀ ਹੈ, (ਤੇ ਸਹੇਲੀ ਪਾਸੋਂ ਪੁੱਛਦੀ ਹੈ-) ਹੇ ਭੈਣ! ਮੇਰਾ ਪਤੀ) ਕਦੋਂ ਘਰ ਆਵੇਗਾ (ਇਸੇ ਤਰ੍ਹਾਂ, ਹੇ ਮੋਹਨ! ਤੈਥੋਂ ਵਿਛੁੜ ਕੇ ਮੈਨੂੰ ਸ਼ਾਂਤੀ ਨਹੀਂ ਆਉਂਦੀ) ।੧।ਰਹਾਉ।
ਹੇ ਮੋਹਨ ਪ੍ਰਭੂ! ਮੈਂ ਗੁਰਮੁਖ ਸੁਹਾਗਣ ਦੀ ਸਰਨ ਪੈਂਦੀ ਹਾਂ, ਉਸ ਦੇ ਚਰਨਾਂ ਉਤੇ (ਆਪਣਾ) ਸਿਰ ਧਰ ਕੇ (ਪੁੱਛਦੀ ਹਾਂ-) ਹੇ ਭੈਣ! ਮੈਨੂੰ ਸੋਹਣਾ ਲਾਲ ਮਿਲਾ ਦੇ (ਦੱਸ, ਉਹ) ਕਦੋਂ ਮੇਰੇ ਹਿਰਦੇ-ਘਰ ਵਿਚ ਆਵੇਗਾ।੧।
(ਸੁਹਾਗਣ ਆਖਦੀ ਹੈ-) ਹੇ ਸਹੇਲੀਏ! ਸੁਣ, ਮੈਂ ਤੈਨੂੰ ਮੋਹਨ-ਪ੍ਰਭੂ ਦੇ ਮਿਲਣ ਦੀ ਗੱਲ ਸੁਣਾਂਦੀ ਹਾਂ। ਤੂੰ (ਆਪਣੇ ਅੰਦਰੋਂ) ਸਾਰਾ ਅਹੰਕਾਰ ਦੂਰ ਕਰ ਦੇ। ਤਦੋਂ ਤੂੰ ਆਪਣੇ ਹਿਰਦੇ-ਘਰ ਵਿਚ ਹੀ ਉਸ ਸੋਹਣੇ ਲਾਲ ਨੂੰ ਲੱਭ ਲਏਂਗੀ। (ਹਿਰਦੇ-ਘਰ ਵਿਚ ਉਸ ਦਾ ਦਰਸਨ ਕਰ ਕੇ) ਫਿਰ ਤੂੰ ਖ਼ੁਸ਼ੀ ਆਨੰਦ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰੀਂ, ਅਤੇ ਉਸ ਪ੍ਰਭੂ ਦਾ ਸਿਮਰਨ ਕਰਿਆ ਕਰੀਂ ਜੋ ਨਿਰਾ ਆਨੰਦ ਹੀ ਆਨੰਦ-ਰੂਪ ਹੈ।
ਹੇ ਭੈਣ! ਨਾਨਕ (ਭੀ ਉਸ ਗੁਰੂ ਦੇ) ਦਰ ਤੇ ਆ ਗਿਆ ਹੈ, (ਗੁਰੂ ਦੇ ਦਰ ਤੇ ਆ ਕੇ) ਮੈਂ (ਨਾਨਕ ਨੇ ਹਿਰਦੇ-ਘਰ ਵਿਚ ਹੀ) ਸੋਹਣਾ ਲਾਲ ਲੱਭ ਲਿਆ ਹੈ।੨।ਹੇ ਭੈਣ! ਹੁਣ) ਮੋਹਨ ਪ੍ਰਭੂ ਮੈਨੂੰ ਦਰਸਨ ਦੇ ਰਿਹਾ ਹੈ, ਹੁਣ (ਮਾਇਆ ਦੇ ਮੋਹ ਵਲੋਂ ਪੈਦਾ ਹੋਈ) ਉਪਰਾਮਤਾ ਮੈਨੂੰ ਮਿੱਠੀ ਲੱਗ ਰਹੀ ਹੈ, ਮੇਰੀ ਸਾਰੀ ਮਾਇਆ ਦੀ ਤ੍ਰਿਸ਼ਨਾ ਮਿਟ ਗਈ ਹੈ। ਹੁਣ ਮੈਂ ਆਤਮਕ ਅਡੋਲਤਾ ਵਿਚ ਟਿਕ ਗਈ ਹਾਂ। ਪ੍ਰਭੂ-ਪਤੀ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਮੈਨੂੰ ਪਿਆਰੀਆਂ ਲੱਗ ਰਹੀਆਂ ਹਨ। ਹੇ ਭੈਣ! ਹੁਣ ਮੈਂ ਸੋਹਣਾ ਲਾਲ ਮੋਹਣ ਲੱਭ ਲਿਆ ਹੈ।ਰਹਾਉ ਦੂਜਾ।੧।੧੨੮।