“ਮੈਨੂੰ ਇਹ ਹਜੇ ਵੀ ਸੁਫ਼ਨੇ ਵਰਗਾ ਲੱਗ ਰਿਹਾ ਹੈ, ਮੈਂ ਨਹੀਂ ਚਾਹੁੰਦਾ ਕਿ ਇਹ ਸੁਫ਼ਨਾ ਟੁੱਟੇ।”“ਮੈਨੂੰ ਤਾਂ ਹਾਲੇ ਤੱਕ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਆਪਣੇ ਪੁੱਤ ਨੂੰ ਲਗਭਗ ਦੋ ਦਹਾਕਿਆਂ ਬਾਅਦ ਮਿਲ ਲਿਆ ਹੈ।”ਇਹ ਦੱਸਦਿਆਂ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਖਪਾਲ ਸਿੰਘ ਦਾ ਗੱਚ ਭਰਿਆ ਹੋਇਆ ਹੈ ਪਰ ਉਨ੍ਹਾਂ ਦੇ ਖਿੜੇ ਹੋਏ ਚਿਹਰੇ ਵਿੱਚੋਂ ਉਨ੍ਹਾਂ ਦੀ ਖੁਸ਼ੀ ਵੀ ਡੁੱਲ੍ਹ-ਡੁੱਲ੍ਹ ਪੈ ਰਹੀ ਹੈ।
2007 ਵਿੱਚ ਸੁਖਪਾਲ ਸਿੰਘ ਜਪਾਨ ਵਿੱਚ ਜਿਸ ਕਹਾਣੀ ਨੂੰ ਅਧੂਰੀ ਛੱਡ ਆਏ ਸਨ, ਉਸ ਕਹਾਣੀ ਨੇ 19 ਅਗਸਤ ਨੂੰ ਰੱਖੜੀ ਵਾਲੇ ਦਿਨ ਇੱਕ ਸੁਖਾਵਾਂ ਮੋੜ ਲਿਆ।ਰੱਖੜੀ ਵਾਲੇ ਦਿਨ ਜਪਾਨ ਵਿੱਚ ਜੰਮੇ ਪਲ਼ੇ ਰਿਨ ਤਾਕਾਹਾਤਾ ਆਪਣੇ ਪਿਤਾ ਨੂੰ 19 ਸਾਲਾਂ ਬਾਅਦ ਮਿਲੇ।ਅੰਮ੍ਰਿਤਸਰ ਰਹਿੰਦੇ ਸੁਖਪਾਲ ਸਿੰਘ ਨੇ ਸਾਲ 2002 ਵਿੱਚ ਇੱਕ ਸਚੀਆ ਤਾਕਾਹਾਤਾ ਨਾਮ ਦੀ ਜਪਾਨੀ ਮਹਿਲਾ ਨਾਲ ਵਿਆਹ ਕੀਤਾ ਸੀ।
2007 ਵਿੱਚ ਜਪਾਨ ਤੋਂ ਪਰਤਣ ਮਗਰੋਂ ਸੁਖਪਾਲ ਦਾ ਆਪਣੇ ਪੁੱਤ ਤੇ ਪਤਨੀ ਨਾਲ ਕੋਈ ਰਾਬਤਾ ਨਹੀਂ ਰਿਹਾ।
ਰੱਖੜੀ ਦੇ ਦਿਨ ਆਪਣੇ ਪਿਤਾ ਨੂੰ ਮਿਲੇ ਰਿਨ ਨੂੰ ਸਿਰਫ਼ ਪਿਤਾ ਹੀ ਨਹੀਂ ਇੱਕ ਨਿੱਕੀ ਭੈਣ ਤੇ ਇੱਕ ਨਵਾਂ ਪਰਿਵਾਰ ਵੀ ਮਿਲਿਆ ਹੈ।ਸੁਖਪਾਲ ਦੱਸਦੇ ਹਨ, “ਮੇਰੀ ਰਿਨ ਦੀ ਮਾਂ ਨਾਲ ਮੁਲਾਕਾਤ ਥਾਈਲੈਂਡ ਏਅਰਪੋਰਟ ’ਤੇ ਹੋਈ ਸੀ।ਉਹ ਤਾਜ ਮਹਿਲ ਦੇਖਣ ਲਈ ਇੰਡੀਆ ਆ ਰਹੇ ਸਨ।”
ਸੁਖਪਾਲ ਦੱਸਦੇ ਹਨ ਕਿ ਜਹਾਜ਼ ਵਿੱਚ ਉਹ ਅਤੇ ਰਿਨ ਦੀ ਮਾਂ ਸਚੀਆ ਤਕਾਹਾਤਾ ਦੀਆਂ ਸੀਟਾਂ ਇਕੱਠੀਆਂ ਸਨ।
ਸੁਖਪਾਲ ਸਿੰਘ ਨੇ ਸਚੀਆ ਨੂੰ ਹਾਸੇ ਨਾਲ ਪੁੱਛਿਆ ਕਿ ਉਹ ਉਨ੍ਹਾਂ ਨੂੰ ਦਰਬਾਰ ਸਾਹਿਬ ਤੇ ਵਾਹਗਾ ਬਾਰਡਰ ਦਿਖਾਉਣ ਲਈ ਲਿਜਾ ਸਕਦੇ ਹਨ।“ਉਨ੍ਹਾਂ ਨੇ ਮੇਰੇ ਉੱਤੇ ਵਿਸ਼ਵਾਸ ਕੀਤਾ ਤੇ ਮੇਰੇ ਨਾਲ ਆ ਗਏ।”ਸੁਖਪਾਲ ਮੁਤਾਬਕ ਇਸ ਤੋਂ ਬਾਅਦ ਉਹ ਸਚੀਆ ਨੂੰ ਅੰਮ੍ਰਿਤਸਰ ਆਪਣੇ ਪਰਿਵਾਰ ਕੋਲ ਵੀ ਲਿਆਏ ਤੇ ਉਹ ਉਨ੍ਹਾਂ ਦੇ ਪਰਿਵਾਰ ਨਾਲ ਕਈ ਦਿਨ ਰਹੇ।ਇਸ ਮਗਰੋਂ ਸਚੀਆ ਨੇ ਜਪਾਨ ਜਾ ਕੇ ਸੁਖਪਾਲ ਨੂੰ ਸਪੌਂਸਰਸ਼ਿਪ ਭੇਜੀ ਤੇ ਉਹ ਉਨ੍ਹਾਂ ਕੋਲ ਸਾਲ 2002 ਵਿੱਚ ਜਪਾਨ ਚਲੇ ਗਏ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.