ਹੇ ਪ੍ਰਭੂ ਜੀ! ਮੇਰੀ ਇੱਜ਼ਤ ਰੱਖ ਲਵੋ। ਮੇਰੇ ਹਿਰਦੇ ਵਿਚ ਮੌਤ ਦਾ ਡਰ ਵੱਸ ਰਿਹਾ ਹੈ, (ਇਸ ਤੋਂ ਬਚਣ ਲਈ) ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਂ ਤੇਰਾ ਆਸਰਾ ਲਿਆ ਹੈ।੧।ਰਹਾਉ।ਹੇ ਪ੍ਰਭੂ! ਮੈਂ ਵੱਡਾ ਵਿਕਾਰੀ ਹਾਂ, ਮੂਰਖ ਹਾਂ, ਲਾਲਚੀ ਭੀ ਹਾਂ, ਪਾਪ ਕਰਦਾ ਕਰਦਾ ਹੁਣ ਮੈਂ ਥੱਕ ਗਿਆ ਹਾਂ। ਮੈਨੂੰ ਮਰਨ ਦਾ ਡਰ (ਕਿਸੇ ਵੇਲੇ) ਭੁੱਲਦਾ ਨਹੀਂ, ਇਸ (ਮਰਨ) ਦੀ ਚਿੰਤਾ ਨੇ ਮੇਰਾ ਸਰੀਰ ਸਾੜ ਦਿੱਤਾ ਹੈ।੧।
ਹੇ ਭਾਈ! ਮੌਤ ਦੇ ਇਸ ਸਹਿਮ ਤੋਂ) ਖ਼ਲਾਸੀ ਹਾਸਲ ਕਰਨ ਲਈ ਮੈਂ ਅਨੇਕਾਂ ਹੀਲੇ ਕੀਤੇ ਹਨ,ਦਸੀਂ ਪਾਸੀਂ ਉਠ ਉਠ ਕੇ ਦੌੜਿਆ ਹਾਂ। (ਮਾਇਆ ਦੇ ਮੋਹ ਤੋਂ) ਨਿਰਲੇਪ ਪਰਮਾਤਮਾ ਹਿਰਦੇ ਵਿਚ ਹੀ ਵੱਸਦਾ ਹੈ, ਉਸ ਦਾ ਭੇਤ ਮੈਂ ਨਹੀਂ ਸਮਝਿਆ।੨।ਹੇ ਨਾਨਕ! ਆਖ-ਪਰਮਾਤਮਾ ਦੀ ਸਰਨ ਤੋਂ ਬਿਨਾ ਹੋਰ) ਕੋਈ ਗੁਣ ਨਹੀਂ ਕੋਈ ਜਪ ਤਪ ਨਹੀਂ (ਜੋ ਮੌਤ ਦੇ ਸਹਿਮ ਤੋਂ ਬਚਾ ਲਏ, ਫਿਰ) ਹੁਣ ਕੇਹੜਾ ਕੰਮ ਕੀਤਾ ਜਾਏ? ਹੇ ਪ੍ਰਭੂ! ਹੋਰ ਸਾਧਨਾਂ ਵਲੋਂ) ਹਾਰ ਕੇ ਮੈਂ ਤੇਰੀ ਸਰਨ ਆ ਪਿਆ ਹਾਂ, ਤੂੰ ਮੈਨੂੰ ਮੌਤ ਦੇ ਡਰ ਤੋਂ ਖ਼ਲਾਸੀ ਦਾ ਦਾਨ ਦੇਹ।੩।੨।
ਹੇ ਭਾਈ! ਸੰਤ ਜਨ ਪਰਮਾਤਮਾ ਦੇ ਨਾਮ ਵਿਚ ਮਸਤ ਹੋ ਕੇ, ਬੇਅੰਤ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ, ਇੱਕ ਨਿਰੰਕਾਰ ਦੇ ਗੁਣ ਗਾਂਦੇ ਰਹਿੰਦੇ ਹਨ।ਰਹਾਉ।ਹੇ ਭਾਈ! ਮੈਨੂੰ ਆਜਿਜ਼ ਨੂੰ ਪਰਮਾਤਮਾ ਦਾ ਨਾਮ (ਹੀ) ਆਸਰਾ ਹੈ, ਮੇਰੇ ਵਾਸਤੇ ਖੱਟਣ ਕਮਾਣ ਲਈ ਪਰਮਾਤਮਾ ਦਾ ਨਾਮ ਹੀ ਰੋਜ਼ੀ ਹੈ। ਮੇਰੇ ਵਾਸਤੇ ਇਕੱਠਾ ਕਰਨ ਲਈ (ਭੀ) ਪਰਮਾਤਮਾ ਦਾ ਨਾਮ ਹੀ ਹੈ। (ਜੇਹੜਾ ਮਨੁੱਖ ਹਰਿ-ਨਾਮ-ਧਨ ਇਕੱਠਾ ਕਰਦਾ ਹੈ) ਇਸ ਲੋਕ ਤੇ ਪਰਲੋਕ ਵਿਚ ਉਸ ਦੇ ਕੰਮ ਆਉਂਦਾ ਹੈ।੧।
ਹੇ ਭਾਈ! ਬਹੁਤ ਨਿਮ੍ਰਤਾ-ਸੁਭਾਉ ਸੰਤ ਦੀ ਸੋਭਾ (ਦਾ ਮੂਲ) ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਹੀ ਸੰਤ ਦੀ ਵਡਿਆਈ (ਦਾ ਕਾਰਨ) ਹੈ। ਪਰਮਾਤਮਾ ਦੀ ਭਗਤੀ ਸੰਤ ਜਨਾਂ ਦੇ ਹਿਰਦੇ ਵਿਚ ਆਨੰਦ ਪੈਦਾ ਕਰਦੀ ਹੈ। (ਭਗਤੀ ਦੀ ਬਰਕਤਿ ਨਾਲ) ਸੰਤ ਜਨਾਂ ਦੇ ਹਿਰਦੇ ਵਿਚ ਸੁਖ ਬਣਿਆ ਰਹਿੰਦਾ ਹੈ (ਉਹਨਾਂ ਦੇ ਅੰਦਰੋਂ) ਚਿੰਤਾ ਨਾਸ ਹੋ ਜਾਂਦੀ ਹੈ।੨।ਹੇ ਭਾਈ! ਸਾਧ ਸੰਤ ਜਿੱਥੇ (ਭੀ) ਇਕੱਠੇ ਹੁੰਦੇ ਹਨ ਉਥੇ ਉਹ ਸਾਜ ਵਰਤ ਕੇ ਬਾਣੀ ਪੜ੍ਹ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ (ਹੀ) ਗਾਂਦੇ ਹਨ। ਹੇ ਭਾਈ! ਸੰਤਾਂ ਦੀ ਸੰਗਤਿ ਵਿਚ ਬੈਠਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਸ਼ਾਂਤੀ ਹਾਸਲ ਹੁੰਦੀ ਹੈ। ਪਰ, ਉਹਨਾਂ ਦੀ ਸੰਗਤਿ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉੱਤੇ ਬਖ਼ਸ਼ਸ਼ (ਦਾ ਲੇਖ ਲਿਖਿਆ ਹੋਵੇ) ।੩।ਹੇ ਭਾਈ! ਮੈਂ ਆਪਣੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹਾਂ ਕਿ ਮੈਂ ਸੰਤ ਜਨਾਂ ਦੇ ਚਰਨ ਧੋ ਕੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਉਚਾਰਦਾ ਰਹਾਂ। ਹੇ ਭਾਈ! ਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਤੋਂ ਆਤਮਕ ਜੀਵਨ ਪ੍ਰਾਪਤ ਕਰਦਾ ਹੈ ਜੇਹੜੇ ਦਇਆਲ ਕਿਰਪਾਲ ਪ੍ਰਭੂ ਦੀ ਹਜ਼ੂਰੀ ਵਿਚ (ਸਦਾ ਟਿਕੇ ਰਹਿੰਦੇ ਹਨ) ।੪।੨।੨੩।