ਗੁਰਦੁਆਰਾ ਸਾਹਿਬ ਵਿਚ ਝੁਲਾਏ ਜਾਣ ਵਾਲੇ ਨਿਸ਼ਾਨ ਸਾਹਿਬ ਨੂੰ ਲੈ ਕੇ ਪੰਜ ਸਿੰਘ ਸਾਹਿਬਾਨਾਂ ਨੇ ਵੱਡਾ ਫ਼ੈਸਲਾ ਲਿਆ ਹੈ। ਦਰਅਸਲ ਐੱਸ. ਜੀ. ਪੀ. ਸੀ. ਦੀ ਧਰਮ ਪ੍ਰਚਾਰ ਕਮੇਟੀ ਨੇ ਸਰਕੂਲਰ ਜਾਰੀ ਕਰਦੇ ਹੋਏ ਨਿਸ਼ਾਨ ਸਾਹਿਬ ਦੇ ਪੁਸ਼ਾਕ ਦੇ ਰੰਗ ਨੂੰ ਬਦਲਣ ਦੇ ਹੁਕਮ ਜਾਰੀ ਕੀਤੇ ਹਨ। ਕੇਸਰੀ ਨਿਸ਼ਾਨ ਹਟਾ ਕੇ ਬਸੰਤੀ ਰੰਗ ਦੇ ਪੁਸ਼ਾਕ ਦਾ ਨਿਸ਼ਾਨ ਸਾਹਿਬ ਝੁਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਕੀਤੇ ਗਏ ਹੁਕਮ ਵਿਚ ਕਿਹਾ ਗਿਆ ਹੈ ਕਿ ਨਿਸ਼ਾਨ ਸਾਹਿਬ ਦੇ ਪੁਸ਼ਾਕ ਦਾ ਰੰਗ ਬਸੰਤੀ ਜਾਂ ਸੁਰਮਈ ਹੀ ਹੋਵੇ, ਕਿਉਂਕਿ ਕੇਸਰੀ ਨਿਸ਼ਾਨ ਭਗਵੇਂ ਰੰਗ ਦਾ ਭੁਲੇਖਾ ਪਾਉਂਦਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਸਪਸ਼ਟ ਕਰ ਦਿੱਤਾ ਹੈ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਨਿਰਧਾਰਤ ਨਿਸ਼ਾਨ ਸਾਹਿਬ ਦੇ ਪੁਸ਼ਾਕ ਦਾ ਰੰਗ ਬਸੰਤੀ ਅਤੇ ਸੁਰਮਈ ਹੈ ਪਰ ਜ਼ਿਆਦਾਤਰ ਗੁਰਦੁਆਰਿਆਂ ‘ਚ ਇਸ ਵੇਲੇ ਕੇਸਰੀ ਨਿਸ਼ਾਨ ਸਾਹਿਬ ਦੀ ਪੁਸ਼ਾਕ ਦਾ ਚਲਨ ਵਧੇਰੇ ਹੈ, ਜਦੋਂਕਿ ਕੇਸਰੀ ਨਿਸ਼ਾਨ ਭਗਵੇਂ ਰੰਗ ਦਾ ਭੁਲੇਖਾ ਪਾਉਂਦਾ ਹੈ।
ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਪੁੱਜੀ ਸ਼ਿਕਾਇਤ ਤੋਂ ਬਾਅਦ ਪੰਜ ਸਿੰਘ ਸਾਹਿਬਾਨਾਂ ਨੇ 15 ਜੁਲਾਈ 2024 ਨੂੰ ਹੋਈ ਮੀਟਿੰਗ ‘ਚ ਸਿੱਖ ਰਹਿਤ ਮਰਿਆਦਾ ਅਨੁਸਾਰ ਨਿਰਧਾਰਤ ਰੰਗ ਦੀ ਪੁਸ਼ਾਕ ਨਿਸ਼ਾਨ ਸਾਹਿਬ ਉਤੇ ਚੜ੍ਹਾਉਣ ਦੇ ਹੁਕਮ ਜਾਰੀ ਕੀਤੇ ਸਨ। ਜਿਸ ਤੋਂ ਬਾਅਦ ਹੁਣ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਕਮੇਟੀ ਨੇ ਆਪਣੇ ਸਮੂਹ ਪ੍ਰਚਾਰਕ, ਢਾਡੀ ਅਤੇ ਕਵੀਸ਼ਰ ਸਾਹਿਬਾਨਾਂ ਨੂੰ ਸਰਕੂਲਰ ਜਾਰੀ ਕਰਕੇ ਸੰਗਤਾਂ ਅਤੇ ਪ੍ਰਬੰਧਕਾਂ ਨੂੰ ਇਸ ਸਬੰਧੀ ਜਾਣੂੰ ਕਰਵਾਉਣ ਦੀ ਹਦਾਇਤ ਜਾਰੀ ਕੀਤੀ ਹੈ