ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾ ਪ੍ਰਿਥੀ ਚੰਦ ਵਲੋਂ ਰਜਵੀਂ ਵਿਰੋਧਤਾ ਹੋਈ ਪਰ ਆਪ ਸ਼ਾਂਤ ਸੁਭਾਅ ਵਾਲੇ ਪੂਰੀ ਨਿਮਰਤਾ ਵਿਚ ਰਹੇ। ਸ੍ਰੀ ਹਰਿਮੰਦਰ ਸਾਹਿਬ ਵਿਚ 1604 ਈਸਵੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਸਪੰਨ ਹੋ ਗਿਆ ਤੇ ਹਰਿਮੰਦਰ ਸਾਹਿਬ ਵਿਚ ਪ੍ਰਕਾਸ਼ ਮਾਨ ਹੋਇਆ। ਗੁਰੂ ਗ੍ਰੰਥ ਸਾਹਿਬ ਵਿਚ ਸਿੱਖ ਗੁਰੂ ਸਾਹਿਬਾਨ, ਹਿੰਦੂ ਭਗਤਾਂ ਤੇ ਮੁਸਲਮਾਨ ਫ਼ਕੀਰਾਂ ਦੀ ਰਚਨਾ ਨੂੰ ਸੰਮਿਲਤ ਕਰਨਾ ਲੋਕਾਂ ਲਈ ਅਜੀਬ ਘਟਨਾ ਸੀ। ਪੰਜਵੇਂ ਗੁਰੂ ਸਾਹਿਬ ਨੇ ਆਪ ਰੱਬੀ ਪਿਆਰ ਵਿਚ ਮਖ਼ਮੂਰ ਰਹਿੰਦੇ ਸਨ, ਜਿਹੜੀ ਗੱਲ ਬਾਣੀ ਵਿਚੋਂ ਭਲੀ ਭਾਂਤ ਪ੍ਰਗਟ ਹੁੰਦੀ ਹੈ।
ਭਾਈ ਗੁਰਦਾਸ ਜੀ ਨੇ ਆਪ ਜੀ ਦੀ ਸ਼ਖ਼ਸੀਅਤ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ:
ਰਹਿੰਦੇ ਗੁਰ ਦਰੀਆਉ ਵਿਚ ਮੀਨ ਕੁਲੀਨ ਹੇਤੁ ਨਿਰਬਾਣੀ।
ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤਿ ਸਮਾਣੀ। (ਪੰਨਾ 430)
1430 ਅੰਗਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਹਿਲੇ 5 ਗੁਰੂ ਸਾਹਿਬਾਨ ਦੀ ਬਾਣੀ ਤੋਂ ਬਿਨਾਂ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਵਿਚੋਂ 15 ਭਗਤਾਂ ਸੰਤਾਂ, ਸੂਫ਼ੀ ਫ਼ਕੀਰਾਂ ਤੇ 11 ਭੱਟਾਂ ਦੀ ਰਚਨਾ ਵੱਖ-ਵੱਖ ਰਾਗਾਂ ਵਿਚ ਸੰਮਿਲਤ ਕਰ ਕੇ ਸਰਬ ਮਨੁੱਖਤਾ ਦੇ ਸਾਡੇ ਧਾਰਮਕ ਗ੍ਰੰਥ ਸਾਹਿਬ ਨੂੰ ਹਰਿਮੰਦਰ ਸਾਹਿਬ ਵਿਚ ਪ੍ਰਕਾਸ਼ਮਾਨ ਕੀਤਾ ਹੈ। ਮਨੁੱਖੀ ਭਾਈਚਾਰੇ ਦੀ ਬਰਾਬਰੀ, ਸਾਂਝੀਵਾਲਤਾ ਤੇ ਪ੍ਰਸਪਰ ਪਿਆਰ ਦੀ ਵਜ੍ਹਾ ਕਰ ਕੇ ਹਿੰਦੂ ਭਾਈਚਾਰੇ ਵਿਚ ਸਾਂਝ ਲਿਆਂਦੀ ਤੇ ਮੁਸਲਿਮ ਭਾਈਚਾਰੇ ਨਾਲ ਨਫ਼ਰਤ ਘਟੀ। ਸੂਫ਼ੀ ਫ਼ਕੀਰ ਹਜ਼ਰਤ ਮੀਆਂ ਮੀਰ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖ ਕੇ ਇਸ ਸਾਂਝੀਵਾਲਤਾ ਨੂੰ ਹੋਰ ਪਰਪੱਕ ਕੀਤਾ। ਪਰ ਸਾਂਝੀਵਾਲਤਾ ਦੀ ਇਹ ਲਹਿਰ ਵਕਤ ਦੇ ਹਾਕਮਾਂ ਨੂੰ ਰੜਕਣ ਲੱਗ ਪਈ।
ਮੌਲਵੀਆਂ ਤੇ ਕਾਜ਼ੀਆਂ ਨੇ ਜੋ ਇਸਲਾਮ ਦਾ ਬੋਲਬਾਲ ਚਾਹੁੰਦੇ ਸਨ, ਉਨ੍ਹਾਂ ਨੂੰ ਅਕਬਰ ਦੀ ਉਦਾਰਵਾਦੀ ਨੀਤੀ ਬਿਲਕੁਲ ਪਸੰਦ ਨਹੀਂ ਸੀ ਤੇ ਉਹ ਸ਼ਹਿਜ਼ਾਦਾ ਖ਼ੁਸਰੋ ਨੂੰ ਵੀ ਪਸੰਦ ਨਹੀਂ ਕਰਦੇ ਸਨ। ਗੁਰੂ ਅਰਜਨ ਸਾਹਿਬ ਉਪਰ ਖ਼ੁਸਰੋ ਦੀ ਮਦਦ ਦਾ ਇਲਜ਼ਾਮ ਲਗਾਇਆ ਗਿਆ ਤੇ ਇਹ ਸਾਜ਼ਸ਼ ਘੜੀ ਗਈ ਕਿ ਗੁਰੂ ਅਰਜਨ ਸਾਹਿਬ ਨੇ ਸ਼ਹਿਜ਼ਾਦਾ ਖ਼ੁਸਰੋ ਨੂੰ ਪਨਾਹ ਦਿਤੀ ਤੇ ਉਸ ਦੀਆਂ ਫ਼ੌਜਾਂ ਨੂੰ ਲੰਗਰ ਛਕਾਇਆ ਹੈ। ਅਕਬਰ ਦੇ ਰਾਜ ਵਿਚ ਵੀ ਸ਼ਿਕਾਇਤਾਂ ਹੁੰਦੀਆਂ ਰਹੀਆਂ ਕਿ ਗੁਰੂ ਗ੍ਰੰਥ ਸਾਹਿਬ ਵਿਚ ਪੀਰਾਂ, ਪੈਗ਼ੰਬਰਾਂ, ਸ਼ਸਤਰਾਂ ਤੇ ਕੁਰਾਨ ਸ਼ਰੀਫ਼ ਦੀ ਨਿੰਦਿਆ ਕੀਤੀ ਗਈ ਹੈ।
ਬਾਦਸ਼ਾਹ ਨੇ ਪਵਿੱਤਰ ਬਾਣੀ ਸੁਣ ਕੇ ਸੋਨੇ ਦੀਆਂ ਮੋਹਰਾਂ ਭੇਟ ਕੀਤੀਆਂ ਸਨ। ਪਰ ਜਹਾਂਗੀਰ ਦੇ ਰਾਜ ਵਿਚ ਹਾਲਾਤ ਵਖਰੇ ਸਨ ਤੇ ਉਸ ਦੇ ਮਨ ਵਿਚ ਗੁਰੂ ਘਰ ਲਈ ਵਿਰੋਧ ਵੱਧ ਰਿਹਾ ਸੀ। ਇਨ੍ਹਾਂ ਚੁਗ਼ਲਖੋਰਾਂ ਵਿਚ ਪ੍ਰਿਥੀ ਚੰਦ, ਚੰਦੂ ਸ਼ਾਹ, ਸ਼ੇਖ਼ ਮੁਜੱਦਦ ਅਲਫ਼ਸਾਨੀ ਤੇ ਸ਼ੇਖ਼ ਬੁਖਾਰੀ ਸਨ ਜਿਨ੍ਹਾਂ ਨੂੰ ਗੁਰੂ ਘਰ ਵਿਰੁਧ ਜਹਾਂਗੀਰ ਨੂੰ ਗੁਰੂ ਸਾਹਿਬ ਵਿਰੁਧ ਝੂਠੀਆਂ ਤੋਹਮਤਾਂ ਲਗਾਈਆਂ। ਉਹ ਬਿਨਾਂ ਸੋਚੇ ਸਮਝੇ ਇਸ ਸ਼ੀਤਲ ਸੋਮੇ ਨੂੰ ਬੰਦ ਕਰਨ ਤੇ ਤੁਲ ਗਿਆ। ਉਨ੍ਹਾਂ ਨੇ ਜਹਾਂਗੀਰ ਬਾਦਸ਼ਾਹ ਨੂੰ ਗੁਰੂ ਅਰਜਨ ਦੇਵ ਜੀ ਵਿਰੁਧ ਖ਼ੂਬ ਭੜਕਾਇਆ ਤੇ ਖ਼ੁਸਰੋ ਦੀ ਮਦਦ ਕਰਨ ਦਾ ਵੀ ਇਲਜ਼ਾਮ ਲਗਾਇਆ।
ਜਹਾਂਗੀਰ ਨੇ ਅਪਣੀ ਸਵੈ ਜੀਵਨੀ ਤੋਜ਼ਕੇ-ਜਹਾਂਗੀਰੀ ਵਿਚ ਇਸ ਘਟਨਾ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਚੁਗ਼ਲਖੋਰਾਂ ਦੀਆਂ ਗੱਲਾਂ ਮੰਨਦੇ ਹੋਏ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਜਾਰੀ ਕੀਤਾ ਗਿਆ। ਜਦੋਂ ਜਹਾਂਗੀਰ ਰਾਜ ਸਿਘਾਸਣ ਉਤੇ ਬੈਠਿਆ ਤਾਂ ਮੁੱਲਾ ਮੁਲਾਣਿਆਂ ਨੇ ਉਸ ਕੋਲੋਂ ਪ੍ਰਣ ਲੈ ਲਿਆ ਸੀ ਕਿ ਉਹ ਰਾਜ ਸ਼ਾਸਨ ਦੀ ਨੀਹ ਵਿਚ ਸ਼ਰਾ ਨੂੰ ਹੀ ਸੱਭ ਕੁੱਝ ਸਮਝੇਗਾ। ਗੁਰੂ ਅਰਜਨ ਦੇਵ ਜੀ ਨੂੰ ਰਾਜ ਦੋਸ਼ੀ ਠਹਿਰਾਇਆ ਗਿਆ ਤੇ ਦੋਸ਼ ਨਮਿਤ ਤਿੰਨ ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਗੁਰੂ ਸਾਹਿਬ ਨੇ ਜੁਰਮਾਨਾ ਦੇਣ ਤੋਂ ਇਨਕਾਰ ਕਰ ਦਿਤਾ।
ਜਹਾਂਗੀਰ ਨੇ, ਗੁਰੂ ਸਾਹਿਬ ਦੇ ਇਸ ਨਿਧੜਕ ਫ਼ੈਸਲੇ ਨੂੰ ਅਪਣੀ ਹੇਠੀ ਸਮਝਿਆ ਤੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਫ਼ੈਸਲਾ ਕਰ ਲਿਆ। ਉਸ ਨੇ ਅਪਣੀ ਆਤਮ ਕਥਾ ਤੋਜ਼ਕੇ-ਜਹਾਂਗੀਰੀ ਦੇ ਪੰਨਾ 35 ਉਤੇ ਲਿਖਿਆ ਹੈ ਕਿ ਗੁਰੂ ਅਰਜਨ ਦੇਵ ਨੂੰ ਬਸਿਯਾਸਤ-ਵ-ਬ-ਯਾਸਾ ਰਸਨੰਦ ਅਨੁਸਾਰ ਸ਼ਹੀਦ ਕਰ ਦਿਤਾ ਜਾਵੇ। ਯਾਸਾ ਤਾਂ ਉਸ ਪੁਰਸ਼ ਨੂੰ ਦਿਤੀ ਜਾਂਦੀ ਹੈ ਜੋ ਆਤਮਕ ਤੌਰ ਤੇ ਬਲਵਾਨ ਹੋਵੇ ਤੇ ਰਾਜਦੰਡ ਦਾ ਅਧਿਕਾਰੀ ਹੋਵੇ। ਇਹ ਤਰ੍ਹਾਂ ਦੀ ਸਜ਼ਾ ਦਾ ਮਤਲਬ ਇਹ ਹੈ ਕਿ ਅਪਰਾਧੀ ਨੂੰ ਮੌਤ ਦੀ ਸਜ਼ਾ ਦਿੰਦੇ ਉਸ ਦਾ ਖ਼ੂਨ ਜ਼ਮੀਨ ਤੇ ਨਾ ਡੁੱਲ੍ਹੇ।
ਗੁਰੂ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਫਿਰ ਉਬਲਦੇ ਪਾਣੀ ਦੀ ਦੇਗ ਵਿਚ ਉਬਾਲ ਕੇ ਬਾਅਦ ਵਿਚ ਰਾਵੀ ਦਰਿਆ ਵਿਚ ਰੋੜ੍ਹ ਦਿਤਾ ਗਿਆ। ਇਹ ਸੱਭ ਤਸੀਹੇ ਵੀ ਗੁਰੂ ਸਾਹਿਬ ਨੂੰ ਅਪਣੇ ਆਦਰਸ਼ ਤੋਂ ਪਾਸੇ ਨਾ ਹਟਾ ਸਕੇ ਤੇ ਆਪ ਸ਼ਹਾਦਤ ਪਾ ਗਏ ਤੇ ਬਾਬਾ ਨਾਨਕ ਸਾਹਿਬ ਦੀ ਦਰਸਾਈ ਵਿਚਾਰ ਪ੍ਰੰਪਰਾ ਹੋਰ ਗੌਰਵਮਈ ਤੇ ਸ਼ਕਤੀਸ਼ਾਲੀ ਬਣ ਗਈ। ਪੰਚਮ ਪਾਤਸ਼ਾਹ ਨੂੰ ਇਹ ਸਾਰੀਆਂ ਸਜ਼ਾਵਾਂ ਭੁਲੜ ਤੇ ਈਰਖਾਵਾਦੀ ਚੰਦੂ ਦੀ ਦੇਖ ਰੇਖ ਵਿਚ ਦਿਤੀਆਂ ਗਈਆਂ। ਸੂਰਜ ਪ੍ਰਕਾਸ਼ ਵਿਚ ਲਿਖਿਆ ਹੈ :
ਕਰਿ ਚਾਕਰ ਸੋ ਦੇਗ ਉਬਾਰੀ। ਪਕਰੋ ਦੇਹੁ, ਤਿਸੀਂ ਮਹਿ ਭਾਰੀ।
ਤਬਿ ਸਤਿਗੁਰੁ ਉਠਿ ਆਪੇ ਗਏ। ਤਪਤਿ ਨੀਰ ਮਹਿ ਬੈਠਤਿ ਭਏ। (ਪੰਨਾ 2364)