ਸ਼੍ਰੋਮਣੀ ਅਕਾਲੀ ਦਲ ਦੇ ਚੱਲ ਰਹੇ ਅੰਦਰੂਨੀ ਸੰਕਟ ਦੇ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀ ਦਲ ਖਾਲਸਾ ਨੇ ਅੱਜ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ। ਜਥੇਬੰਦੀ ਨੇ ਉਨ੍ਹਾਂ ਨੂੰ ਸੁਝਾਅ ਦਿੱਤਾ ਹੈ ਕਿ ਅਕਾਲੀ ਦਲ ਦਾ ਮੌਜੂਦਾ ਢਾਂਚਾ ਭੰਗ ਕਰ ਦਿੱਤਾ ਜਾਵੇ ਅਤੇ ਸੰਕਟ ਦੇ ਹੱਲ ਲਈ ਪੰਥਕ ਮਾਹਿਰਾਂ ਨਾਲ ਇਸ ਦੇ ਨਵੇਂ ਢਾਂਚੇ ਦੀ ਸਿਰਜਣਾ ਕੀਤੀ ਜਾਵੇ। ਇਸ ਸਬੰਧੀ ਜਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਤੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨਾਲ ਲਗਪਗ 30 ਮਿੰਟ ਮੁਲਾਕਾਤ ਕੀਤੀ ਗਈ ਅਤੇ ਇਸ ਮੁੱਦੇ ’ਤੇ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਿੱਚ ਪੈਦਾ ਹੋਏ ਸੰਕਟ ਲਈ ਜਲੰਧਰ ਤੇ ਚੰਡੀਗੜ੍ਹ ਧੜਾ ਦੋਵੇਂ ਹੀ ਬਰਾਬਰ ਦੇ ਦੋਸ਼ੀ ਹਨ। ਸਿੱਖ ਆਗੂਆਂ ਨੇ ਸੁਝਾਅ ਦਿੱਤਾ ਕਿ ਮੌਜੂਦਾ ਸੰਕਟ ਨੂੰ ਹੱਲ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦਾ ਮੌਜੂਦਾ ਢਾਂਚਾ ਭੰਗ ਕਰ ਦਿੱਤਾ ਜਾਵੇ। ਮਗਰੋਂ ਪੰਥਕ ਮਾਹਿਰਾਂ ਅਤੇ ਚਿੰਤਕਾਂ ਦੀ ਸਲਾਹ ਨਾਲ ਇਸ ਦੇ ਨਵੇਂ ਢਾਂਚੇ ਦਾ ਗਠਨ ਕੀਤਾ ਜਾਵੇ।
‘ਸ਼੍ਰੋਮਣੀ ਅਕਾਲੀ ਦਲ’ ਦੇ ਹਾਸ਼ੀਏ ’ਤੇ ਜਾਣ ਸਬੰਧੀ ਸਵਾਲ ਚੁੱਕੇ
ਪੰਥਕ ਅਸੈਂਬਲੀ ਜਥੇਬੰਦੀ ਦੇ ਆਗੂਆਂ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਜਸਵਿੰਦਰ ਸਿੰਘ ਐਡਵੋਕੇਟ, ਸੁਖਦੇਵ ਸਿੰਘ, ਨਵਕਿਰਨ ਸਿੰਘ ਐਡਵੋਕੇਟ, ਰਾਣਾ ਇੰਦਰਜੀਤ ਸਿੰਘ, ਖੁਸ਼ਹਾਲ ਸਿੰਘ ਆਦਿ ਨੇ ‘ਸ਼੍ਰੋਮਣੀ ਅਕਾਲੀ ਦਲ ਬਚਾਓ ਤੇ ਪੰਜਾਬ ਬਚਾਓ’ ਮੁਹਿੰਮ ਸਬੰਧੀ ਖੁੱਲ੍ਹਾ ਪੱਤਰ ਜਾਰੀ ਕੀਤਾ ਹੈ। ਇਸ ਵਿੱਚ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਹਾਸ਼ੀਏ ’ਤੇ ਜਾਣ ਸਬੰਧੀ ਕਈ ਨੁਕਤੇ ਅਤੇ ਸਵਾਲ ਸਾਂਝੇ ਕੀਤੇ ਹਨ। ਉਨ੍ਹਾਂ ਨੇ ਅਕਾਲੀ ਦਲ ਵਿੱਚ ਵੱਖਰਾ ਝੰਡਾ ਚੁੱਕਣ ਵਾਲਿਆਂ ’ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ’ਤੇ ਸਿੱਖ ਧਾਰਮਿਕ ਸੰਸਥਾਵਾਂ ਦੀ ਦੁਰਵਰਤੋਂ ਦਾ ਦੋਸ਼ ਲਾਇਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ਼ ਆਗੂਆਂ ਦੇ ਧੜੇ ਨੇ ਅੱਜ ਇੱਥੇ ਸ੍ਰੀ ਅਕਾਲ ਤਖ਼ਤ ਵਿਖੇ ਅਰਦਾਸ ਕੀਤੀ ਹੈ ਅਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਕਾਲੀ ਸਰਕਾਰ ਵੇਲੇ ਹੋਈਆਂ ਗ਼ਲਤੀਆਂ ਸਬੰਧੀ ਖਿਮਾ ਲਈ ਪੱਤਰ ਦਿੱਤਾ। ਜਥੇਦਾਰ ਨੂੰ ਪੱਤਰ ਦੇਣ ਵਾਲਿਆਂ ਵਿੱਚ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਭਾਈ ਮਨਜੀਤ ਸਿੰਘ, ਸੁਰਜੀਤ ਸਿੰਘ ਰੱਖੜਾ, ਸੁੱਚਾ ਸਿੰਘ ਛੋਟੇਪੁਰ, ਗੁਰਪ੍ਰਤਾਪ ਸਿੰਘ ਵਡਾਲਾ, ਸਰਵਣ ਸਿੰਘ ਫਿਲੌਰ, ਚਰਨਜੀਤ ਸਿੰਘ ਬਰਾੜ, ਕਰਨੈਲ ਸਿੰਘ ਪੰਜੋਲੀ ਤੇ ਹੋਰ ਆਗੂ ਸ਼ਾਮਲ ਸਨ। ਉਨ੍ਹਾਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਚਾਰ ਸਫਿਆਂ ਦਾ ਇੱਕ ਪੱਤਰ ਦਿੱਤਾ, ਜਿਸ ਵਿੱਚ ਅਕਾਲੀ ਸਰਕਾਰ ਵੇਲੇ ਹੋਈਆਂ ਗਲਤੀਆਂ ਅਤੇ ਭੁੱਲਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਬਾਰੇ ਅਕਾਲੀ ਸਰਕਾਰ ਉਸ ਵੇਲੇ ਕੋਈ ਸਹੀ ਫੈਸਲਾ ਲੈਣ ਵਿੱਚ ਅਸਫਲ ਰਹੀ ਸੀ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.