ਹੇ ਕਿਰਪਾਲ (ਪ੍ਰਭੂ) ! ਮੇਹਰ ਕਰ, ਤੇ ਤੂੰ ਆਪ ਹੀ ਮੈਨੂੰ ਬਖ਼ਸ਼ ਲੈ, ਸਤਿਗੁਰੂ ਦੇ ਚਰਨਾਂ ਉਤੇ ਢਹਿ ਕੇ ਮੈਂ ਸਦਾ ਹੀ ਤੇਰਾ ਨਾਮ ਜਪਦਾ ਰਹਾਂ।(ਹੇ ਕਿਰਪਾਲ!) ਮੇਰੇ ਮਨ ਵਿਚ ਤਨ ਵਿਚ ਆ ਵੱਸ (ਤਾਕਿ) ਮੇਰੇ ਦੁੱਖ ਮੁੱਕ ਜਾਣ; ਤੂੰ ਆਪ ਮੈਨੂੰ ਆਪਣੇ ਹੱਥ ਦੇ ਕੇ ਰੱਖ, ਕੋਈ ਡਰ ਮੇਰੇ ਉਤੇ ਜ਼ੋਰ ਨਾ ਪਾ ਸਕੇ।(ਹੇ ਕਿਰਪਾਲ!) ਮੈਨੂੰ ਇਸੇ ਕੰਮ ਲਾਈ ਰੱਖ ਕਿ ਮੈਂ ਦਿਨ ਰਾਤ ਮੇਰੇ ਗੁਣ ਗਾਂਦਾ ਰਹਾਂ, ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਮੇਰਾ ਹਉਮੈ ਦਾ ਰੋਗ ਕੱਟਿਆ ਜਾਏ।
(ਹੇ ਭਾਈ! ਭਾਵੇਂ) ਖਸਮ-ਪ੍ਰਭੂ ਹੀ ਸਭ ਜੀਵਾਂ ਵਿਚ ਇਕ-ਰਸ ਵਿਆਪਕ ਹੈ, ਪਰ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਜਿਸ ਨੇ ਲੱਭਾ ਹੈ ਗੁਰੂ ਦੀ ਮੇਹਰ ਨਾਲ ਲੱਭਾ ਹੈ।ਹੇ ਦਿਆਲ ਪ੍ਰਭੂ! ਦਇਆ ਕਰ, ਮੈਨੂੰ ਆਪਣੀ ਸਿਫ਼ਤਿ-ਸਾਲਾਹ ਬਖ਼ਸ਼, (ਮੈਨੂੰ) ਨਾਨਕ ਨੂੰ ਇਹੀ ਤਾਂਘ ਹੈ ਕਿ ਤੇਰਾ ਦਰਸਨ ਕਰ ਕੇ ਖਿੜਿਆ ਰਹਾਂ।1।
ਮਃ ੫ ॥ ਏਕੋ ਜਪੀਐ ਮਨੈ ਮਾਹਿ ਇਕਸ ਕੀ ਸਰਣਾਇ ॥ ਇਕਸੁ ਸਿਉ ਕਰਿ ਪਿਰਹੜੀ ਦੂਜੀ ਨਾਹੀ ਜਾਇ ॥ ਇਕੋ ਦਾਤਾ ਮੰਗੀਐ ਸਭੁ ਕਿਛੁ ਪਲੈ ਪਾਇ ॥ ਮਨਿ ਤਨਿ ਸਾਸਿ ਗਿਰਾਸਿ ਪ੍ਰਭੁ ਇਕੋ ਇਕੁ ਧਿਆਇ ॥ ਅੰਮ੍ਰਿਤੁ ਨਾਮੁ ਨਿਧਾਨੁ ਸਚੁ ਗੁਰਮੁਖਿ ਪਾਇਆ ਜਾਇ ॥ ਵਡਭਾਗੀ ਤੇ ਸੰਤ ਜਨ ਜਿਨ ਮਨਿ ਵੁਠਾ ਆਇ ॥ ਜਲਿ ਥਲਿ ਮਹੀਅਲਿ ਰਵਿ ਰਹਿਆ ਦੂਜਾ ਕੋਈ ਨਾਹਿ ॥ ਨਾਮੁ ਧਿਆਈ ਨਾਮੁ ਉਚਰਾ ਨਾਨਕ ਖਸਮ ਰਜਾਇ ॥੨॥ {ਪੰਨਾ 961}
ਪਦ ਅਰਥ: ਮਨੈ ਮਾਹਿ = ਮਨ ਹੀ ਵਿਚ। ਪਿਰਹੜੀ = ਪ੍ਰੇਮ। ਜਾਇ = ਥਾਂ। ਪਲੈ ਪਾਇ = ਮਿਲਦਾ ਹੈ। ਸਭੁ ਕਿਛੁ = ਹਰੇਕ ਚੀਜ਼। ਗਿਰਾਸਿ = ਗਿਰਾਹੀ ਦੇ ਨਾਲ, ਖਾਂਦਿਆਂ ਪੀਂਦਿਆਂ। ਨਿਧਾਨੁ = ਖ਼ਜ਼ਾਨਾ। ਸਚੁ = ਸਦਾ-ਥਿਰ ਰਹਿਣ ਵਾਲਾ। ਗੁਰਮੁਖਿ = ਗੁਰੂ ਦੀ ਰਾਹੀਂ। ਵਡਭਾਗੀ = ਵੱਡੇ ਭਾਗਾਂ ਵਾਲੇ। ਮਨਿ = ਮਨ ਵਿਚ। ਵੁਠਾ = ਵੱਸਿਆ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਧਰਤੀ ਦੇ ਉਪਰ, ਆਕਾਸ਼ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.