ਅੱਜਕੱਲ੍ਹ ਮੋਦੀ ਇੰਨੇ ਹੰਕਾਰ ਵਿਚ ਹਨ ਕਿ ਪਿਛਲੇ 15-20 ਦਿਨਾਂ ਦੇ ਸਾਰੇ ਇੰਟਰਵਿਊਜ਼ ਵਿਚ ਆਪਣੇ-ਆਪ ਨੂੰ ਭਗਵਾਨ ਦਾ ਅਵਤਾਰ ਦੱਸ ਰਹੇ ਹਨ। ਆਖ ਰਹੇ ਹਨ ਕਿ ਮੈਂ ਆਪਣੀ ਮਾਂ ਦੇ ਢਿੱਡ ’ਚੋਂ ਜਨਮ ਨਹੀਂ ਲਿਆ, ਸਗੋਂ ਮੈਂ ਪ੍ਰਗਟ ਹੋਇਆ ਹਾਂ। ਦੱਸੋ ਕੌਣ ਅਜਿਹਾ ਕਹੇਗਾ। ਇੰਨਾ ਹੰਕਾਰ ਕਿ ਆਪਣੇ-ਆਪ ਨੂੰ ਭਗਵਾਨ ਦੱਸਣ ਲੱਗ ਗਏ। ਉਨ੍ਹਾਂ ਦੇ ਚੇਲੇ ਵੀ ਉਨ੍ਹਾਂ ਨੂੰ ਭਗਵਾਨ ਜਗਨਨਾਥ ਨਾਲ ਜੋੜ ਰਹੇ ਹਨ। ਨੱਡਾ ਕਹਿ ਰਹੇ ਹਨ ਕਿ ਮੋਦੀ ਦੇਵਤਿਆਂ ਦੇ ਦੇਵਤਾ ਹਨ। ਪਤਾ ਨਹੀਂ ਭਾਜਪਾ ਕਿਹੜੀ ਦੁਨੀਆ ਵਿਚ ਜੀਅ ਰਹੀ ਹੈ। ਜੇ ਪ੍ਰਧਾਨ ਮੰਤਰੀ ਕਹਿੰਦੇ ਕਿ ਮੈਂ ਪੈਟਰੋਲ-ਡੀਜ਼ਲ ਸਸਤਾ ਕਰ ਦੇਵਾਂਗਾ ਤਾਂ ਚੰਗਾ ਹੁੰਦਾ। ਮੈਨੂੰ ਇੰਝ ਲੱਗ ਰਿਹਾ ਕਿ ਇਨ੍ਹਾਂ ਨੂੰ 200 ਤੋਂ ਵੀ ਘੱਟ ਸੀਟਾਂ ਮਿਲਣਗੀਆਂ ਜਦਕਿ ‘ਇੰਡੀਆ’ ਗੱਠਜੋੜ 300 ਦਾ ਅੰਕੜਾ ਛੂਹ ਸਕਦਾ ਹੈ।
ਇਸ ਵਾਰ ਤੁਹਾਡੀ ਕੀ ਭਵਿੱਖਬਾਣੀ ਹੈ?
ਭਵਿੱਖਬਾਣੀ ਇਹੋ ਹੈ ਕਿ ਭਾਜਪਾ ਨਾਲ ਲੋਕਾਂ ਦੀ ਨਾਰਾਜ਼ਗੀ ਇੰਨੀ ਹੈ ਕਿ ਉਨ੍ਹਾਂ ਨੂੰ ਭਾਜਪਾ ਤੋਂ ਕੋਈ ਉਮੀਦ ਨਹੀਂ ਦਿਸ ਰਹੀ। ਭਾਜਪਾ ਆਸਮਾਨ ’ਤੇ ਹੈ, ਇਹ ਲੋਕਾਂ ਨੂੰ ਭੇਡ-ਬੱਕਰੀਆਂ ਸਮਝਦੀ ਹੈ।
ਚੋਣਾਂ ਨੂੰ ਲੈ ਕੇ ਪੰਜਾਬ ਵਿਚ ਕੀ ਲੱਗ ਰਿਹਾ ਹੈ?
ਪੰਜਾਬ ਦੀ ਜਨਤਾ ਭਗਵੰਤ ਮਾਨ ਸਰਕਾਰ ਤੋਂ ਬਹੁਤ ਖੁਸ਼ ਹੈ। ਲੋਕਾਂ ਨੇ ਪਹਿਲਾਂ ਕਦੇ ਅਜਿਹੀ ਸਰਕਾਰ ਨਹੀਂ ਦੇਖੀ। ਬਿਜਲੀ ਫ੍ਰੀ ਹੋ ਗਈ। ਹੁਣ ਪੰਜਾਬ ਪੂਰੀ ਤਰ੍ਹਾਂ ਬਿਜਲੀ ਸਰਪਲੱਸ ਹੈ। ਕੁਝ ਥਾਵਾਂ ਨੂੰ ਛੱਡ ਕੇ ਪੰਜਾਬ ਵਿਚ 24 ਘੰਟੇ ਬਿਜਲੀ ਮਿਲ ਰਹੀ ਹੈ। ਨਹਿਰਾਂ ਦਾ ਪਾਣੀ ਪੰਜਾਬ ਦੇ ਪਿੰਡਾਂ ਤੱਕ ਪਹੁੰਚ ਗਿਆ। ਜਿਹੜੀ ਬਿਜਲੀ ਕਿਸਾਨਾਂ ਨੂੰ ਰਾਤ ਨੂੰ ਮਿਲਦੀ ਸੀ, ਉਹ ਦਿਨ ਵਿਚ ਵੀ ਮਿਲ ਰਹੀ। ਇਸ ਤੋਂ ਬਾਅਦ ਜਗ੍ਹਾ-ਜਗ੍ਹਾ ਮੁਹੱਲਾ ਕਲੀਨਿਕ ਖੁੱਲ੍ਹ ਗਏ। ਬੱਚਿਆਂ ਨੂੰ 43 ਹਜ਼ਾਰ ਸਰਕਾਰੀ ਨੌਕਰੀਆਂ ਬਿਨਾਂ ਰਿਸ਼ਵਤ ਅਤੇ ਬਿਨਾਂ ਸਿਫਾਰਿਸ਼ ਦੇ ਦਿੱਤੀਆਂ ਗਈਆਂ। ਸਰਕਾਰ ਨੇ ਦੋ ਸਾਲਾਂ ਵਿਚ ਬਹੁਤ ਸਾਰੇ ਕੰਮ ਕਰ ਕੇ ਦਿਖਾਏ। ਅਜੇ ਬਹੁਤ ਕੰਮ ਕਰਨ ਵਾਲੇ ਬਾਕੀ ਹਨ। ਲੋਕ ਮਨ ਬਣਾ ਚੁੱਕੇ ਹਨ ਕਿ ਭਗਵੰਤ ਮਾਨ ਦੇ ਹੱਥ ਮਜ਼ਬੂਤ ਕਰਨ ਲਈ ਇਨ੍ਹਾਂ ਦੇ 13 ਐੱਮ. ਪੀ. ਜਿਤਾਉਣੇ ਹਨ।
ਗ੍ਰਹਿ ਮੰਤਰੀ ਆਖ ਰਹੇ ਹਨ ਕਿ 4 ਜੂਨ ਤੋਂ ਬਾਅਦ ਪੰਜਾਬ ਦੀ ਸਰਕਾਰ ਨਹੀਂ ਰਹੇਗੀ, ਕੀ ਕਹੋਗੇ?
ਕੀ ਤੁਸੀਂ ਕਦੇ ਸੋਚਿਆ ਸੀ ਕਿ ਦੇਸ਼ ਵਿਚ ਅਜਿਹਾ ਦਿਨ ਵੀ ਆਵੇਗਾ ਕਿ ਦੇਸ਼ ਦਾ ਗ੍ਰਹਿ ਮੰਤਰੀ ਆ ਕੇ ਗੁੰਡਿਆਂ ਵਾਂਗ ਧਮਕਾ ਕੇ ਜਾਵੇਗਾ। ਇਹ ਧਮਕੀ ਉਨ੍ਹਾਂ ਨੇ ਪੰਜਾਬ ਦੇ ਤਿੰਨ ਕਰੋੜ ਪੰਜਾਬੀਆਂ ਨੂੰ ਦਿੱਤੀ ਹੈ। ਉਹ ਪੰਜਾਬੀਆਂ ਨੂੰ ਕਹਿ ਕੇ ਗਏ ਹਨ ਕਿ ਪੰਜਾਬੀਓ ਤੁਸੀਂ ਜਿਹੜੀ ਸਰਕਾਰ ਚੁਣੀ ਹੈ, ਇਸ ਨੂੰ ਉਹ 4 ਜੂਨ ਤੋਂ ਬਾਅਦ ਨਹੀਂ ਛੱਡਣਗੇ, ਤੁਸੀਂ ਜਿਸ ਨੂੰ ਮੁੱਖ ਮੰਤਰੀ ਬਣਾਇਆ ਹੈ, ਇਸ ਨੂੰ ਉਹ ਮੁੱਖ ਮੰਤਰੀ ਨਹੀਂ ਰਹਿਣ ਦੇਣਗੇ। ਮੈਂ ਅਮਿਤ ਸ਼ਾਹ ਨੂੰ ਕਹਿਣਾ ਚਾਹੁੰਦਾ ਹਾਂ ਕਿ ਪੰਜਾਬੀ ਵੱਡੇ ਦਿਲ ਵਾਲੇ ਹੁੰਦੇ ਹਨ। ਤੁਸੀਂ ਪਿਆਰ ਨਾਲ ਮੰਗਦੇ ਤਾਂ ਇਕ-ਅੱਧੀ ਸੀਟ ਤੁਹਾਨੂੰ ਦੇ ਵੀ ਦਿੰਦੇ ਪਰ ਤੁਸੀਂ ਧਮਕੀ ਦੇ ਕੇ ਗਏ ਹੋ ਤਾਂ ਤੁਸੀਂ ਹੁਣ ਦੇਖ ਲਿਓ ਇਹ 3 ਕਰੋੜ ਪੰਜਾਬੀ ਇਕ ਤਰੀਕ ਨੂੰ ਮਿਲ ਕੇ ਤੁਹਾਡਾ ਕੀ ਹਾਲ ਕਰਦੇ ਹਨ।
ਗੁੰਡਾਗਰਦੀ ’ਤੇ ਉਤਰੀ ਭਾਜਪਾ
ਇਹ ਗੁੰਡਾਗਰਦੀ ’ਤੇ ਉਤਰ ਆਏ ਹਨ। ਇਨ੍ਹਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਹੈ। ਇਨ੍ਹਾਂ ਨੇ ਦੇਸ਼ ਵਿਚ ਕਿੰਨੀਆਂ ਹੀ ਸਰਕਾਰਾਂ ਡੇਗ ਦਿੱਤੀਆਂ, ਜਿਹੜੀ ਸਰਕਾਰ ਪਸੰਦ ਨਹੀਂ ਆਉਂਦੀ, ਉਸ ਨੂੰ ਡੇਗ ਦਿੰਦੇ ਹਨ। ਵਿਧਾਇਕ ਖਰੀਦ ਲੈਂਦੇ ਹਨ, ਈ. ਡੀ. ਨੂੰ ਭੇਜ ਕੇ ਡਰਾਇਆ ਜਾਂਦਾ ਹੈ। ਪੰਜਾਬ ਵਿਚ ਵੀ ਇਹੋ ਪਲਾਨ ਹੈ। ਮੈਂ ਪਤਾ ਕੀਤਾ ਹੈ ਕਿ ਇਹ ਪੰਜਾਬ ਵਿਚ ਸਰਕਾਰ ਕਿਉਂ ਡੇਗਣਾ ਚਾਹੁੰਦੇ ਹਨ। ਦਰਅਸਲ ਅਸੀਂ ਦਿੱਲੀ ਅਤੇ ਪੰਜਾਬ ਵਿਚ ਜਿਹੜੀ ਫ੍ਰੀ ਬਿਜਲੀ ਦੇ ਰਹੇ ਹਾਂ, ਇਸ ਤੋਂ ਇਹ ਬਹੁਤ ਬੌਖਲਾ ਗਏ ਹਨ। ਲੋਕਾਂ ਨੂੰ ਮਿਲਣ ਵਾਲੀ ਫ੍ਰੀ ਬਿਜਲੀ ਰੋਕਣ ਲਈ ਇਹ ਸਰਕਾਰਾਂ ਡੇਗਣਾ ਚਾਹੁੰਦੇ ਹਨ। ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਕਮਲ ਵਾਲਾ ਬਟਨ ਦਬਾਇਆ ਤਾਂ ਸੋਚ ਲੈਣਾ ਕਿ ਤੁਸੀਂ ਆਪਣੀ ਫ੍ਰੀ ਬਿਜਲੀ ਬੰਦ ਕਰਨ ਵਾਲਾ ਬਟਨ ਦਬਾਉਣ ਜਾ ਰਹੇ ਹੋ।
ਪ੍ਰਧਾਨ ਮੰਤਰੀ ਤੁਹਾਡੇ ਮੁੱਖ ਮੰਤਰੀ ਨੂੰ ਕਾਗਜ਼ੀ ਸੀ. ਐੱਮ. ਆਖ ਰਹੇ? ਕਹਿੰਦੇ ਦਿੱਲੀ ਦਰਬਾਰ ਤੋਂ ਹਾਜ਼ਰੀ ਲਵਾਉਣ ਦੀ ਫੁਰਸਤ ਨਹੀਂ।
ਭਗਵੰਤ ਮਾਨ ਮੇਰਾ ਛੋਟਾ ਭਰਾ ਹੈ, ਉਹ ਕਿੰਨੀ ਵਾਰ ਆਖ ਚੁੱਕੇ ਹਨ ਕਿ ਮੇਰੇ ਵਿਆਹ ਵਿਚ ਕੇਜਰੀਵਾਲ ਨੇ ਪਿਤਾ ਦਾ ਰੋਲ ਅਦਾ ਕੀਤਾ ਸੀ। ਮੈਂ ਪ੍ਰਧਾਨ ਮੰਤਰੀ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜੇ ਛੋਟਾ ਭਰਾ ਵੱਡੇ ਭਰਾ ਨੂੰ ਜੇਲ ਵਿਚ ਦੋ ਵਾਰ ਮਿਲਣ ਆ ਗਿਆ ਤਾਂ ਇਸ ਵਿਚ ਕੀ ਹਰਜ਼ ਹੈ। ਮੈਂ ਮੋਦੀ ਜੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੋਦੀ ਜੀ ਜਿਸ ਤਰ੍ਹਾਂ ਤੁਸੀਂ ਸਾਰੇ ਕੰਮ ਅਡਾਨੀ ਤੋਂ ਪੁੱਛ ਕੇ ਕਰਦੇ ਹੋ, ਇਸ ਤਰ੍ਹਾਂ ਅਸੀਂ ਅਡਾਨੀ ਕੋਲ ਭੱਜੇ ਨਹੀਂ ਜਾਂਦੇ।