ਪ੍ਰਭੂ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, ਅੰਮ੍ਰਿਤ ਦਾ ਸੁਆਦ ਦੇਣ ਵਾਲਾ ਹੈ; (ਹੇ ਭਾਈ!) ਸਤਿਗੁਰੂ ਦੀ ਅੰਮ੍ਰਿਤ ਵਸਾਣ ਵਾਲੀ ਬਾਣੀ ਦੀ ਰਾਹੀਂ ਇਸ ਪ੍ਰਭੂ-ਨਾਮ ਨੂੰ ਮਨ ਵਿਚ, ਸਰੀਰ ਵਿਚ, ਹਿਰਦੇ ਵਿਚ ਸਿਮਰੋ ਤੇ ਅੱਠੇ ਪਹਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰੋ।ਹੇ ਗੁਰ-ਸਿੱਖੋ! (ਸਿਫ਼ਤਿ-ਸਾਲਾਹ ਵਾਲਾ ਇਹ) ਉਪਦੇਸ਼ ਸੁਣੋ, ਜ਼ਿੰਦਗੀ ਦਾ ਅਸਲ ਮਨੋਰਥ ਇਹੀ ਹੈ। ਮਨ ਵਿਚ (ਪ੍ਰਭੂ ਦਾ) ਪਿਆਰ ਟਿਕਾਓ, ਇਹ ਮਨੁੱਖਾ ਜੀਵਨ-ਰੂਪ ਕੀਮਤੀ ਦਾਤਿ ਸਫਲ ਹੋ ਜਾਇਗੀ।
ਪ੍ਰਭੂ ਦਾ ਸਿਮਰਨ ਕੀਤਿਆਂ ਦੁੱਖ ਦੂਰ ਹੋ ਜਾਂਦਾ ਹੈ, ਸੁਖ, ਆਤਮਕ ਅਡੋਲਤਾ ਤੇ ਬੇਅੰਤ ਖ਼ੁਸ਼ੀ ਪ੍ਰਾਪਤ ਹੁੰਦੀ ਹੈ। ਹੇ ਨਾਨਕ! ਪ੍ਰਭੂ ਦਾ ਨਾਮ ਜਪਿਆਂ (ਇਸ ਲੋਕ ਵਿਚ) ਸੁਖ ਪੈਦਾ ਹੁੰਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ।1।
ਮਃ ੫ ॥ ਨਾਨਕ ਨਾਮੁ ਧਿਆਈਐ ਗੁਰੁ ਪੂਰਾ ਮਤਿ ਦੇਇ ॥ ਭਾਣੈ ਜਪ ਤਪ ਸੰਜਮੋ ਭਾਣੈ ਹੀ ਕਢਿ ਲੇਇ ॥ ਭਾਣੈ ਜੋਨਿ ਭਵਾਈਐ ਭਾਣੈ ਬਖਸ ਕਰੇਇ ॥ ਭਾਣੈ ਦੁਖੁ ਸੁਖੁ ਭੋਗੀਐ ਭਾਣੈ ਕਰਮ ਕਰੇਇ ॥ ਭਾਣੈ ਮਿਟੀ ਸਾਜਿ ਕੈ ਭਾਣੈ ਜੋਤਿ ਧਰੇਇ ॥ ਭਾਣੈ ਭੋਗ ਭੋਗਾਇਦਾ ਭਾਣੈ ਮਨਹਿ ਕਰੇਇ ॥ ਭਾਣੈ ਨਰਕਿ ਸੁਰਗਿ ਅਉਤਾਰੇ ਭਾਣੈ ਧਰਣਿ ਪਰੇਇ ॥ ਭਾਣੈ ਹੀ ਜਿਸੁ ਭਗਤੀ ਲਾਏ ਨਾਨਕ ਵਿਰਲੇ ਹੇ ॥੨॥ {ਪੰਨਾ 963}
ਪਦ ਅਰਥ: ਧਿਆਈਐ = ਸਿਮਰਨਾ ਚਾਹੀਦਾ ਹੈ। ਭਾਣੈ = ਆਪਣੀ ਰਜ਼ਾ ਵਿਚ। ਸੰਜਮ = ਇੰਦ੍ਰਿਆਂ ਨੂੰ ਵੱਸ ਵਿਚ ਲਿਆਉਣ ਦੀ ਕ੍ਰਿਆ। ਬਖਸ = ਬਖ਼ਸ਼ਸ਼। ਕਰਮ = ਮੇਹਰ। ਮਿਟੀ = ਸਰੀਰ। ਜੋਤਿ = ਜਿੰਦ। ਮਨਹਿ ਕਰੇਇ = ਰੋਕ ਦੇਂਦਾ ਹੈ। ਅਉਤਾਰੇ = ਉਤਰਦਾ ਹੈ, ਪਾਂਦਾ ਹੈ। ਧਾਰਣਿ = ਧਰਤੀ। ਧਰਣਿ ਪਰੇਇ = ਧਰਤੀ ਤੇ ਡਿੱਗਦਾ ਹੈ, ਨਾਸ ਹੁੰਦਾ ਹੈ। ਨਰਕਿ = ਨਰਕ ਵਿਚ। ਸੁਰਗਿ = ਸੁਰਗ ਵਿਚ।ਅਰਥ: ਹੇ ਨਾਨਕ! ਪੂਰਾ ਗੁਰੂ (ਤਾਂ ਇਹ) ਮਤਿ ਦੇਂਦਾ ਹੈ ਕਿ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ; (ਪਰ ਉਂਞ) ਜਪ ਤਪ ਸੰਜਮ (ਆਦਿਕ ਕਰਮ-ਕਾਂਡ) ਪ੍ਰਭੂ ਦੀ ਰਜ਼ਾ ਵਿਚ ਹੀ ਹੋ ਰਹੇ ਹਨ, ਰਜ਼ਾ ਅਨੁਸਾਰ ਹੀ ਪ੍ਰਭੂ (ਇਸ ਕਰਮ ਕਾਂਡ ਵਿਚੋਂ ਜੀਵਾਂ ਨੂੰ) ਕੱਢ ਲੈਂਦਾ ਹੈ।
ਪ੍ਰਭੂ ਦੀ ਰਜ਼ਾ ਅਨੁਸਾਰ ਹੀ ਜੀਵ ਜੂਨਾਂ ਵਿਚ ਭਟਕਦਾ ਹੈ, ਰਜ਼ਾ ਵਿਚ ਹੀ ਪ੍ਰਭੂ (ਜੀਵ ਉਤੇ) ਬਖ਼ਸ਼ਸ਼ ਕਰਦਾ ਹੈ। ਉਸ ਦੀ ਰਜ਼ਾ ਵਿਚ ਹੀ (ਜੀਵ ਨੂੰ) ਦੁੱਖ ਸੁਖ ਭੋਗਣਾ ਪੈਂਦਾ ਹੈ, ਆਪਣੀ ਰਜ਼ਾ ਅਨੁਸਾਰ ਹੀ ਪ੍ਰਭੂ (ਜੀਵਾਂ ਉਤੇ) ਮੇਹਰ ਕਰਦਾ ਹੈ।ਪ੍ਰਭੂ ਆਪਣੀ ਰਜ਼ਾ ਵਿਚ ਹੀ ਸਰੀਰ ਬਣਾ ਕੇ (ਉਸ ਵਿਚ) ਜਿੰਦ ਪਾ ਦੇਂਦਾ ਹੈ, ਰਜ਼ਾ ਵਿਚ ਹੀ ਜੀਵਾਂ ਨੂੰ ਭੋਗਾਂ ਵਲ ਪ੍ਰੇਰਦਾ ਹੈ ਤੇ ਰਜ਼ਾ ਅਨੁਸਾਰ ਹੀ ਭੋਗਾਂ ਵਲੋਂ ਰੋਕਦਾ ਹੈ।ਆਪਣੀ ਰਜ਼ਾ ਅਨੁਸਾਰ ਹੀ ਪ੍ਰਭੂ (ਕਿਸੇ ਨੂੰ) ਨਰਕ ਵਿਚ ਤੇ (ਕਿਸੇ ਨੂੰ) ਸੁਰਗ ਵਿਚ ਪਾਂਦਾ ਹੈ, ਪ੍ਰਭੂ ਦੀ ਰਜ਼ਾ ਵਿਚ ਹੀ ਜੀਵ ਦਾ ਨਾਸ ਹੋ ਜਾਂਦਾ ਹੈ। ਆਪਣੀ ਰਜ਼ਾ ਅਨੁਸਾਰ ਹੀ ਜਿਸ ਮਨੁੱਖ ਨੂੰ ਬੰਦਗੀ ਵਿਚ ਜੋੜਦਾ ਹੈ (ਉਹ ਮਨੁੱਖ ਬੰਦਗੀ ਕਰਦਾ ਹੈ, ਪਰ) ਹੇ ਨਾਨਕ! ਬੰਦਗੀ ਕਰਨ ਵਾਲੇ ਬੰਦੇ ਬਹੁਤ ਵਿਰਲੇ ਵਿਰਲੇ ਹਨ।2।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.