ਹੇ ਭਾਈ! ਮੇਰਾ ਗੁਰੂ (ਮੇਰਾ) ਸਹਾਈ ਬਣਿਆ ਹੈ, (ਗੁਰੂ ਦੀ ਸ਼ਰਨ ਦੀ ਬਰਕਤਿ ਨਾਲ) ਪ੍ਰਭੂ ਨੇ ਕਿਰਪਾ ਕਰ ਕੇ (ਆਪਣੇ) ਹੱਥ ਦੇ ਕੇ (ਬਾਲਕ ਹਰਿ ਗੋਬਿੰਦ ਨੂੰ) ਬਚਾ ਲਿਆ ਹੈ, (ਹੁਣ ਬਾਲਕ) ਹਰਿ ਗੋਬਿੰਦ ਬਿਲਕੁਲ ਰਾਜ਼ੀ-ਬਾਜ਼ੀ ਹੋ ਗਿਆ ਹੈ ॥੧॥ ਰਹਾਉ॥ (ਹੇ ਭਾਈ! ਬਾਲਕ ਹਰਿ ਗੋਬਿੰਦ ਦਾ) ਤਾਪ ਲਹਿ ਗਿਆ ਹੈ, ਪ੍ਰਭੂ ਨੇ ਆਪ ਉਤਾਰਿਆ ਹੈ, ਪ੍ਰਭੂ ਨੇ ਆਪਣੇ ਸੇਵਕ ਦੀ ਇੱਜ਼ਤ ਰੱਖ ਲਈ ਹੈ। ਹੇ ਭਾਈ! ਗੁਰੂ ਦੀ ਸੰਗਤ ਤੋਂ (ਮੈਂ) ਸਾਰੇ ਫਲ ਪ੍ਰਾਪਤ ਕੀਤੇ ਹਨ, ਮੈਂ (ਸਦਾ) ਗੁਰੂ ਤੋਂ (ਹੀ) ਕੁਰਬਾਨ ਜਾਂਦਾ ਹਾਂ ॥੧॥
(ਹੇ ਭਾਈ ਜੇਹੜਾ ਭੀ ਮਨੁੱਖ ਪ੍ਰਭੂ ਦਾ ਪੱਲਾ ਫੜੀ ਰੱਖਦਾ ਹੈ, ਉਸ ਦਾ) ਇਹ ਲੋਕ ਤੇ ਪਰਲੋਕ ਦੋਵੇਂ ਹੀ ਪਰਮਾਤਮਾ ਸਵਾਰ ਦੇਂਦਾ ਹੈ। ਅਸਾਂ ਜੀਵਾਂ ਦਾ ਕੋਈ ਗੁਣ ਜਾਂ ਔਗੁਣ ਪਰਮਾਤਮਾ ਚਿੱਤ ਵਿਚ ਨਹੀਂ ਰੱਖਦਾ। ਨਾਨਾਕ ਆਖਦਾ ਹੈ ਕਿ ਹੇ ਗੁਰੂ! ਤੇਰਾ (ਇਹ) ਬਚਨ ਕਦੇ ਟਲਣ ਵਾਲਾ ਨਹੀਂ (ਕਿ ਪਰਮਾਤਮਾ ਹੀ ਜੀਵ ਦਾ ਲੋਕ ਪਰਲੋਕ ਵਿਚ ਰਾਖਾ ਹੈ)। ਹੇ ਗੁਰੂ! ਤੂੰ ਆਪਣਾ ਬਰਕਤਿ ਵਾਲਾ ਹੱਥ (ਅਸਾਂ ਜੀਵਾਂ ਦੇ) ਮੱਥੇ ਉੱਤੇ ਰੱਖਦਾ ਹੈਂ ॥੨॥੨੧॥੪੯॥
ਹੇ ਭਾਈ! ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ। ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ (ਭੀ) ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਉ ਨਹੀਂ ਤਿਆਗਦਾ।੧।ਰਹਾਉ।ਹੇ ਭਾਈ! ਭਗਤ ਆਪਣੀ ਨਿੰਦਾ ਸੁਣ ਕੇ ਭੀ ਆਪਣਾ ਸੁਭਾਉ ਨਹੀਂ ਛੱਡਦਾ, ਕਿਉਂਕਿ ਉਹ ਜਾਣਦਾ ਹੈ ਕਿ) ਜੋ ਕੁਝ ਕਰ ਰਿਹਾ ਹੈ ਮਾਲਕ-ਪ੍ਰਭੂ ਆਪ ਹੀ (ਜੀਵਾਂ ਵਿਚ ਬੈਠ ਕੇ) ਕਰ ਰਿਹਾ ਹੈ, ਉਹ ਆਪ ਹੀ ਹਰੇਕ ਕਾਰ ਕਰ ਰਿਹਾ ਹੈ। ਮਾਲਕ-ਪ੍ਰਭੂ ਆਪ ਹੀ (ਹਰੇਕ ਜੀਵ ਨੂੰ) ਮਤਿ ਦੇਂਦਾ ਹੈ, ਆਪ ਹੀ (ਹਰੇਕ ਵਿਚ ਬੈਠਾ) ਬੋਲ ਰਿਹਾ ਹੈ, ਆਪ ਹੀ (ਹਰੇਕ ਜੀਵ ਨੂੰ) ਬੋਲਣ ਦੀ ਪ੍ਰੇਰਨਾ ਕਰ ਰਿਹਾ ਹੈ।੧।
ਹੇ ਭਾਈ! ਭਗਤ ਜਾਣਦਾ ਹੈ ਕਿ) ਪਰਮਾਤਮਾ ਨੇ ਆਪ ਹੀ (ਆਪਣੇ ਆਪ ਤੋਂ) ਪੰਜ ਤੱਤਾਂ ਦਾ ਜਗਤ-ਖਿਲਾਰਾ ਖਿਲਾਰਿਆ ਹੋਇਆ ਹੈ, ਆਪ ਹੀ ਇਹਨਾਂ ਤੱਤਾਂ ਵਿਚ ਪੰਜ ਵਿਸ਼ੇ ਭਰੇ ਹੋਏ ਹਨ। ਹੇ ਨਾਨਕ! ਆਖ-ਹੇ ਭਾਈ) ਪਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਮਿਲਾਂਦਾ ਹੈ, ਤੇ, ਆਪ ਹੀ (ਉਸ ਦੇ ਅੰਦਰੋਂ ਹਰੇਕ ਕਿਸਮ ਦੀ) ਖਿੱਚੋਤਾਣ ਮੁਕਾਂਦਾ ਹੈ।੨।੩।