ਪੜ੍ਹਨਾ ਤੇ ਵਿਚਾਰਨਾ ਸੰਸਾਰ ਦਾ ਕੰਮ (ਹੀ ਹੋ ਗਿਆ) ਹੈ (ਭਾਵ, ਹੋਰ ਵਿਹਾਰਾਂ ਵਾਂਗ ਇਹ ਭੀ ਇਕ ਵਿਹਾਰ ਹੀ ਬਣ ਗਿਆ ਹੈ, ਪਰ) ਹਿਰਦੇ ਵਿਚr ਤ੍ਰਿਸ਼ਨਾ ਤੇ ਵਿਕਾਰ (ਟਿਕੇ ਹੀ ਰਹਿੰਦੇ) ਹਨ। ਅਹੰਕਾਰ ਵਿਚ ਸਾਰੇ (ਪੰਡਿਤ) ਪੜ੍ਹ ਪੜ੍ਹ ਕੇ ਥੱਕ ਗਏ ਹਨ, ਮਾਇਆ ਦੇ ਮੋਹ ਵਿਚ ਖ਼ੁਆਰ ਹੀ ਹੁੰਦੇ ਹਨ। ਉਹ ਮਨੁੱਖ ਪੜ੍ਹਿਆ ਹੋਇਆ ਤੇ ਸਿਆਣਾ ਪੰਡਿਤ ਹੈ (ਭਾਵ, ਉਸ ਮਨੁੱਖ ਨੂੰ ਪੰਡਿਤ ਸਮਝੋ), ਜੋ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਕਰਦਾ ਹੈ,
ਜੋ ਆਪਣੇ ਮਨ ਨੂੰ ਖੋਜਦਾ ਹੈ (ਅੰਦਰੋਂ) ਹਰੀ ਨੂੰ ਲੱਭ ਲੈਂਦਾ ਹੈ ਤੇ (ਤ੍ਰਿਸ਼ਨਾ ਤੋਂ) ਬਚਣ ਲਈ ਰਸਤਾ ਲਭ ਲੈਂਦਾ ਹੈ, ਜੋ ਗੁਣਾਂ ਦੇ ਖ਼ਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਹੈ ਤੇ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣਾਂ ਵਿਚ ਸੁਰਤਿ ਜੋੜੀ ਰੱਖਦਾ ਹੈ। ਹੇ ਨਾਨਕ ਜੀ! ਇਸ ਤਰ੍ਹਾਂ ਸਤਿਗੁਰੂ ਦੇ ਸਨਮੁਖ ਹੋਏ ਜਿਸ ਮਨੁੱਖ ਨੂੰ ‘ਨਾਮ’ ਆਸਰਾ (ਰੂਪ) ਹੈ, ਉਸ ਨਾਮ ਦਾ ਵਾਪਾਰੀ ਮੁਬਾਰਿਕ ਹੈ ॥੧॥ ਤੁਸੀਂ ਕੋਈ ਭੀ ਮਨੁੱਖ ਬ੍ਰਿਤੀ ਜੋੜ ਕੇ ਵੇਖ ਲਵੋ, ਮਨ ਨੂੰ ਕਾਬੂ ਕਰਨ ਤੋਂ ਬਿਨਾਂ ਕੋਈ ਨਹੀਂ ਸਿੱਝਿਆ (ਭਾਵ, ਕਿਸੇ ਦੀ ਘਾਲਿ ਥਾਇ ਨਹੀਂ ਪਈ)। ਭੇਖ ਕਰਨ ਵਾਲੇ (ਸਾਧੂ ਭੀ) ਤੀਰਥਾਂ ਦੀ ਯਾਤ੍ਰਾ ਕਰ ਕੇ ਰਹਿ ਗਏ ਹਨ, (ਇਸ ਤਰ੍ਹਾਂ) ਇਹ ਮਨ ਮਾਰਿਆ ਨਹੀਂ ਜਾਂਦਾ।
ਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਸੱਚੇ ਹਰੀ ਵਿਚ ਬ੍ਰਿਤੀ ਜੋੜੀ ਰੱਖਦਾ ਹੈ (ਇਸ ਕਰਕੇ) ਉਸ ਦਾ ਮਨ ਜੀਊਂਦਾ ਹੀ ਮੋਇਆ ਹੋਇਆ ਹੈ (ਭਾਵ, ਮਾਇਆ ਵਿਚ ਵਰਤਦਿਆਂ ਭੀ ਮਾਇਆ ਤੋਂ ਉਦਾਸ ਹੈ)। ਹੇ ਨਾਨਕ ਜੀ! ਇਸ ਮਨ ਦੀ ਮੈਲ ਇਸ ਤਰ੍ਹਾਂ ਉਤਰਦੀ ਹੈ ਕਿ (ਮਨ ਦੀ) ਹਉਮੈ (ਸਤਿਗੁਰੂ ਦੇ) ਸ਼ਬਦ ਨਾਲ ਸਾੜੀ ਜਾਏ ॥੨॥ ਹੇ ਮੇਰੇ ਭਾਈ ਸੰਤ ਜਨੋਂ! ਇਕ ਕਿਣਕਾ ਮਾਤ੍ਰ (ਮੈਨੂੰ ਭੀ) ਹਰੀ ਦਾ ਨਾਮ ਜਪਾਵੋ। ਹੇ ਹਰੀ ਜਨੋਂ! ਹਰੀ ਦੇ ਨਾਮ ਦਾ ਸਿੰਗਾਰ ਬਣਾਵੋ, ਤੇ ਖਿਮਾ ਦੀ ਪੁਸ਼ਾਕ ਪਹਿਨੋ। ਇਹੋ ਜਿਹਾ ਸ਼ਿੰਗਾਰ ਪਿਆਰੇ ਹਰੀ ਨੂੰ ਚੰਗਾ ਲੱਗਦਾ ਹੈ, ਹਰੀ ਨੂੰ ਪ੍ਰੇਮ ਦਾ ਸ਼ਿੰਗਾਰ ਪਿਆਰਾ ਲੱਗਦਾ ਹੈ। ਦਿਨ ਰਾਤ ਹਰੀ ਦਾ ਨਾਮ ਸਿਮਰੋ, ਇਕ ਪਲਕ ਵਿਚ ਸਾਰੇ ਪਾਪ ਕੱਟ ਦੇਵੇਗਾ। ਜਿਸ ਗੁਰਮੁਖ ਉਤੇ ਹਰੀ ਦਇਆਲ ਹੁੰਦਾ ਹੈ, ਉਹ ਹਰੀ ਦਾ ਸਿਮਰਨ ਕਰ ਕੇ (ਸੰਸਾਰ ਤੋਂ) ਜਿੱਤ (ਕੇ) ਜਾਂਦਾ ਹੈ ॥੨੧॥
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.