Home / ਪੰਜਾਬੀ ਖਬਰਾਂ / ਸਿੱਧੂ ਮੂਸੇਵਾਲਾ ਦੀ ਹਵੇਲੀ ਚ ਰੌਣਕਾਂ ਸ਼ੁਰੂ

ਸਿੱਧੂ ਮੂਸੇਵਾਲਾ ਦੀ ਹਵੇਲੀ ਚ ਰੌਣਕਾਂ ਸ਼ੁਰੂ

ਗਾਇਕ ਸ਼ੁਭਦੀਪ ਸਿੱਧੂ ਮੂਸੇਵਾਲਾ ਦੀ ਹਵੇਲੀ ਵਿੱਚ ਇੱਕ ਵਾਰ ਫਿਰ ਖੁਸ਼ੀਆਂ ਪਰਤ ਆਈਆਂ ਹਨ। ਮਾਤਾ ਚਰਨ ਕੌਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। ਇਹ ਖਬਰ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਹਵੇਲੀ ਵਿੱਚ ਹੜ੍ਹ ਆ ਗਿਆ ਹੈ।

ਸਿੱਧੂ ਮੂਸੇਵਾਲਾ ਦੀ ਹਵੇਲੀ ਵਿੱਚ ਇੱਕ ਵਾਰ ਫਿਰ ਖੁਸ਼ੀਆਂ ਪਰਤ ਆਈਆਂ ਹਨ। ਮਾਤਾ ਚਰਨ ਕੌਰ ਨੇ 58 ਸਾਲ ਦੀ ਉਮਰ ਵਿੱਚ ਆਈ.ਵੀ.ਐਫ. ਰਾਹੀਂ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਹੈ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। ਇਸ ਖੁਸ਼ਖਬਰੀ ਨੂੰ ਸੁਣ ਕੇ ਪਿੰਡ ਵਾਸੀਆਂ ਵੱਲੋਂ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚ ਕੇ ਲੱਡੂ ਵੰਡੇ ਜਾ ਰਹੇ ਹਨ ਅਤੇ ਪਿੰਡ ਦੀਆਂ ਔਰਤਾਂ ਵੱਲੋਂ ਗਿੱਦਾ ਪਾਇਆ ਜਾ ਰਿਹਾ ਹੈ। ਨਿੱਕੇ ਮਹਿਮਾਨ ਦੇ ਆਉਣ ਨਾਲ ਪਰਿਵਾਰ ਵਿੱਚ ਇੱਕ ਵਾਰ ਫਿਰ ਖੁਸ਼ੀਆਂ ਆ ਗਈਆਂ ਹਨ।

ਜਿਕਰਯੋਗ ਹੈ ਕਿ ਗਾਇਕ ਸ਼ੁਭਦੀਪ ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਪਿੰਡ ਮੂਸੇ ਵਿਖੇ ਹੋਇਆ ਸੀ। ਉਸ ਨੇ ਛੋਟੀ ਉਮਰ ‘ਚ ਹੀ ਪੰਜਾਬੀ ਇੰਡਸਟਰੀ ‘ਚ ਕਾਫੀ ਨਾਂ ਕਮਾ ਲਿਆ ਸੀ ਅਤੇ ਉਹ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੇ ਸਨ। ਇਸ ਦੌਰਾਨ ਦੁਸ਼ਮਣਾਂ ਦੀਆਂ ਅੱਖਾਂ ਵਿੱਚ ਕੰਡਾ ਬਣੇ ਹੋਏ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਇਸ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਨੇ ਲਈ ਸੀ। ਮਾਪੇ ਆਪਣੇ ਇਕਲੌਤੇ ਪੁੱਤਰ ਦੀ ਮੌਤ ਤੋਂ ਦੁਖੀ ਹਨ ਅਤੇ ਆਪਣੇ ਪੁੱਤਰ ਦੀ ਮੌਤ ਲਈ ਇਨਸਾਫ਼ ਦੀ ਲਗਾਤਾਰ ਮੰਗ ਕਰ ਰਹੇ ਹਨ। ਮੂਸੇਵਾਲਾ ਦੀ ਮੌਤ ਤੋਂ ਬਾਅਦ ਕਰੋੜਾਂ ਪ੍ਰਸ਼ੰਸਕ ਸਿੱਧੂ ਮੂਸੇ ਵਾਲਾ ਦੀ ਹਵੇਲੀ ਵਿੱਚ ਪਹੁੰਚ ਕੇ ਜਿੱਥੇ ਮਾਤਾ ਪਿਤਾ ਨਾਲ ਦੁੱਖ ਸਾਂਝਾ ਕਰਦੇ ਸਨ, ਉੱਥੇ ਹੀ ਪਰਮਾਤਮਾ ਅੱਗੇ ਅਰਦਾਸ ਵੀ ਕਰਦੇ ਸਨ ਕਿ ਸਿੱਧੂ ਮੂਸੇਵਾਲਾ ਨੂੰ ਨਿੱਕੇ ਪੈਰੀ ਵਾਪਸ ਇਸ ਹਵੇਲੀ ਦੇ ਵਿੱਚ ਪਰਮਾਤਮਾ ਭੇਜ ਦੇਵੇ, ਤਾਂ ਅੱਜ ਉਹਨਾਂ ਕਰੋੜਾਂ ਪ੍ਰਸ਼ੰਸਕਾਂ ਦੀ ਪਰਮਾਤਮਾ ਨੇ ਅਰਦਾਸ ਸੁਣ ਲਈ ਹੈ।

ਪੁੱਤਰ ਦੀ ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਬਿਲਕੁੱਲ ਇਕੱਲੇ ਰਹਿ ਗਏ ਸੀ। ਜਿਸ ਕਰਕੇ ਮਾਪਿਆਂ ਨੇ ਇੱਕ ਨਵੇਂ ਮਹਿਮਾਨ ਦਾ ਸਵਾਗਤ ਕਰਨ ਦਾ ਫੈਸਲਾ ਕੀਤਾ ਅਤੇ 58 ਸਾਲ ਦੀ ਉਮਰ ਵਿੱਚ ਕੁਦਰਤੀ ਤੌਰ ‘ਤੇ ਮਾਤਾ ਚਰਨ ਕੌਰ ਦਾ ਗਰਭਵਤੀ ਹੋਣਾ ਮੁਸ਼ਕਲ ਸੀ। ਇਸ ਲਈ ਉਨ੍ਹਾਂ ਨੇ ਆਈਵੀਐਫ ਦਾ ਸਹਾਰਾ ਲਿਆ, ਜਿਸ ਤੋਂ ਬਾਅਦ ਅੱਜ ਮਾਤਾ ਚਰਨ ਕੌਰ ਨੇ ਬੇਟੇ ਨੂੰ ਜਨਮ ਦੇ ਦਿੱਤਾ ਹੈ ਅਤੇ ਛੋਟੇ ਮੂਸੇਵਾਲਾ ਦੇ ਆਉਣ ਨਾਲ ਘਰ ਵਿੱਚ ਖੁਸ਼ੀਆਂ ਆਈਆਂ ਹਨ। ਇਹ ਖਬਰ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਹਵੇਲੀ ਵਿੱਚ ਹੜ੍ਹ ਆ ਗਿਆ ਹੈ।

Check Also

ਕੈਨੇਡਾ ‘ਚ ਜੰਗਲ ਦੀ ਅੱਗ ਦਾ ਕਹਿਰ

ਪੱਛਮੀ ਕੈਨੇਡਾ ਵਿੱਚ ਜੈਸਪਰ ਅਤੇ ਨੇੜਲੇ ਜੰਗਲਾਂ ਵਿੱਚ ਲੱਗੀ ਅੱਗ ਵਧਦੀ ਜਾ ਰਹੀ ਹੈ। ਅੱਗ …