Home / ਵੀਡੀਓ / ਗੁਰੂ ਨਾਨਕ ਦੇਵ ਜੀ ਦੀ ਸਾਖੀ ਜਰੂਰ ਸੁਣੋ

ਗੁਰੂ ਨਾਨਕ ਦੇਵ ਜੀ ਦੀ ਸਾਖੀ ਜਰੂਰ ਸੁਣੋ

ਗੁਰੂ ਨਾਨਕ ਜੀਨੇ ਪੌਣ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਂ ਆਖਿਆ ਹੈ। ਇਹ ਤਿੰਨੇ ਮੂਲ ਤੱਤ ਮਨੁੱਖ ਦੇ ਹੋਂਦ ਵਿਚ ਆਉਣ ਦੇ ਆਧਾਰ ਹਨ। ਪੌਣ ਬਿਨਾ ਸਾਹ ਲੈਣਾ ਹੀ ਸੰਭਵ ਨਹੀਂ ਅਤੇ ਪਾਣੀ ਬਗ਼ੈਰ ਸਾਡੀ ਹੋਂਦ ਹੀ ਸੰਭਵ ਨਹੀਂ ਪਰ ਜੀਵਨ ਧਰਤੀ ਉੱਤੇ ਧਰਤੀ ਵਿਚੋਂ ਉਪਜੀਆਂ ਨਿਆਮਤਾਂ ਖਾ ਕੇ ਹੀ ਜਿਊਂਦਾ ਰਹਿੰਦਾ ਹੈ। ਇਹ ਸਾਰੀ ਪ੍ਰਕਿਰਿਆ ਦਿਨ ਰਾਤ ਚੱਲਦੀ ਹੈ ਜੋ ਕੁਦਰਤ ਦੇ ਅਟੱਲ ਹੁਕਮ ਵਿਚ ਬੱਝੀ ਹੋਈ ਹੈ। ਗੁਰੂ ਜੀ ਨੇ ਦਿਨ ਰਾਤ ਨੂੰ ਦਾਈ ਜਾਂ ਖਿਡਾਵੀ ਦੇ ਰੂਪ ਵਿਚ ਦਰਸਾਇਆ ਹੈ ਜੋ ਜੀਵਨ ਨੂੰ ਪਾਲਦੀ ਹੈ। ਅਸਲ ਵਿਚ ਅੱਜ ਜਦੋਂ ਅਸੀਂ ਵਾਤਾਵਰਨ ਦੇ ਵਿਗਾੜ ਦੀ ਗੱਲ ਕਰਦੇ ਹਾਂ ਤਾਂ ਪਹਿਲੀ ਪੰਕਤੀ ਨੂੰ ਤਾਂ ਬਹੁਤ ਦੁਹਰਾ ਦਿੰਦੇ ਹਾਂ ਪਰ ਅਸਲ ਗੱਲ ਤਾਂ ਉਸ ਤੋਂ ਅੱਗੇ ਸ਼ੁਰੂ ਹੁੰਦੀ ਹੈ। ਜੇ ਇਨ੍ਹਾਂ ਤਿੰਨਾਂ ਮੂਲ, ਭਾਵ ਮਾਂ ਪਿਓ ਤੇ ਗੁਰੂ ਵਰਗੇ ਤੱਤਾਂ, ਧਰਤੀ ਪਾਣੀ ਤੇ ਪੌਣ ਵਿਚ ਵਿਗਾੜ ਪੈ ਰਿਹਾ ਹੈ ਤਾਂ ਉਸ ਦਾ ਹੱਲ ਕੀ ਹੋਵੇ?

ਜੇ ਇਸ ਤੋਂ ਅਗਲੀਆਂ ਪੰਕਤੀਆਂ ਪੜ੍ਹੀਏ ਤਾਂ ਦੋ ਸ਼ਬਦ ਆਉਂਦੇ ਹਨ, ਚੰਗਿਆਈਆਂ ਤੇ ਬੁਰਿਆਈਆਂ ਜਿਹੜੀਆਂ ਆਖ਼ਰੀ ਕਚਹਿਰੀ ਵਿਚ ਵਿਚਾਰੀਆਂ ਜਾਣੀਆਂ ਹਨ। ਆਖਿਰ ਇਹ ਸਾਡੇ ਸੋਚਣ ਦਾ ਮਸਲਾ ਹੈ ਕਿ ਚੰਗਾ ਕੀ ਹੈ ਤੇ ਬੁਰਾ ਕੀ ਹੈ? ਤੇ ਫੈਸਲਾ ਵੀ ਚੰਗੇ ਬੁਰੇ ਦੇ ਨਿਖੇੜੇ ਅਤੇ ਕੀਤੇ ਕਰਮਾਂ ਦੇ ਆਧਾਰ ਤੇ ਹੋਣਾ ਹੈ। ਲੋੜ ਇਸ ਗੱਲ ਦੀ ਹੈ ਕਿ ਅੱਜ ਵਿਚਾਰਿਆ ਜਾਵੇ ਕਿ ਜੇ ਅੱਜ ਅਸੀਂ ਅਧਿਆਤਮਿਕ ਪੰਕਤੀਆਂ ਦੇ ਦੁਨਿਆਵੀ ਪ੍ਰਸੰਗ ਵਿਚਾਰੀਏ ਤਾਂ ਸਪੱਸ਼ਟ ਦਿਸਦਾ ਹੈ ਕਿ ਉਹ ਕੌਣ ਹਨ ਜਿਹੜੇ ਮੁਨਾਫੇ ਦੀ ਅੰਨ੍ਹੀ ਹਿਰਸ ਵਿਚ ਸਾਡੀ ਮਿੱਟੀ ਪਲੀਤ ਕਰ/ਕਰਵਾ ਰਹੇ ਹਨ? ਪਾਣੀ ਨੂੰ ਗੰਧਲਾ ਕਰ ਰਹੇ ਹਨ ਅਤੇ ਪੌਣਾਂ ਨੂੰ ਦਮ ਘੋਟੂ ਬਣਾ ਰਹੇ ਹਨ। ਜੇ ਸੱਚੇ ਦਰਬਾਰ ਵਿਚ ਉਜਲਾ ਮੁੱਖ ਚਾਹੁੰਦੇ ਹਾਂ ਤਾਂ ਉਸ ਲਈ ਚੰਗੇ ਕਰਮ ਕਰਨ ਦੀ ਮਿਹਨਤ ਵੀ ਕਰਨੀ ਪੈਣੀ ਹੈ।

ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਪ੍ਰਚੱਲਤ ਧਾਰਮਿਕ ਪੂਜਾ ਅਰਚਨਾ ਦੀਆਂ ਵਿਧੀਆਂ ਦਾ ਨਿਖੇਧ ਵੀ ਕੀਤਾ ਅਤੇ ਉਨ੍ਹਾਂ ਦੇ ਅਸਲ ਅਰਥ ਵੀ ਸਮਝਾਏ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਦਰ ਦੀ ਵਿਰਾਟ ਰਚਨਾ ਕੁਦਰਤ ਦਾ ਮਹਿਮਾ ਗਾਣ ਕੀਤਾ ਅਤੇ ਉਸ ਦੇ ਵਿਸਮਾਦੀ ਰੂਪ ਨੂੰ ਖੂਬਸੂਰਤ ਰੂਪ ਵਿਚ ਚਿਤਰਿਆ। ਉਨ੍ਹਾਂ ਆਕਾਸ਼ ਨੂੰ ਥਾਲ, ਸੂਰਜ ਚੰਦ ਨੂੰ ਦੀਵੇ, ਤਾਰਿਆਂ ਨੂੰ ਮੋਤੀ, ਪਹਾੜ ਤੋਂ ਆਉਣ ਵਾਲੀ ਹਵਾ ਨੂੰ ਸਾਰੀ ਬਨਸਪਤੀ ਨੂੰ ਧੂਫ ਵਰਗੀ ਸੁਗੰਧ ਦੇਣ ਵਾਲੀ ਆਖਿਆ। ਅਸਲ ਵਿਚ ਤਾਂ ਗੁਰੂ ਜੀ ਨੇ ਮਨੁੱਖ ਵੱਲੋਂ ਕੀਤੀ ਜਾਂਦੀ ਸਾਧਾਰਨ ਆਰਤੀ ਦੇ ਮੁਕਾਬਲੇ ਵਿਸ਼ਾਲ ਪ੍ਰਕਿਰਤਕ ਵਿਸਮਾਦੀ ਆਰਤੀ ਦੀ ਗੱਲ ਕੀਤੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਵਿਸ਼ਾਲ ਆਰਤੀ ਨੂੰ ਭੁੱਲ ਕੇ ਅੱਜ ਵੀ ਧਾਰਮਿਕ ਸਥਾਨਾਂ ਦੇ ਵਿਚ ਚੰਦ ਸੂਰਜ ਤੇ ਭਰੋਸਾ ਨਾ ਕਰ ਕੇ ਦੀਵੇ ਜਗਾਏ ਜਾਂਦੇ ਹਨ, ਮੋਮਬੱਤੀਆਂ ਲਗਾਈਆਂ ਜਾਂਦੀਆਂ ਹਨ।

ਬਨਾਉਟੀ ਬਲਬ ਟਿਊਬਾਂ ਦੀ ਰੋਸ਼ਨੀ ਕੀਤੀ ਜਾਂਦੀ ਹੈ ਅਤੇ ਆਤਿਸ਼ਬਾਜ਼ੀ, ਅਨਾਰ, ਪਟਾਕਿਆਂ ਨਾਲ ਵਾਤਾਵਰਨ ਧੁੰਦਲਾ ਕੀਤਾ ਜਾਂਦਾ ਹੈ। ਇਸੇ ਪ੍ਰਕਾਰ ਕੁਦਰਤੀ ਬਨਸਪਤੀ ਦੀ ਚੰਦਨੀ ਮਹਿਕ ਦੀ ਥਾਵੇਂ ਅਗਰਬੱਤੀਆਂ ਧੁਖਾਈਆਂ ਜਾਂਦੀਆਂ ਹਨ ਅਤੇ ਵਾਤਾਵਰਨ ਦੂਸ਼ਿਤ ਕੀਤਾ ਜਾਂਦਾ ਹੈ। ਫੁੱਲਾਂ ਨੂੰ ਉਨ੍ਹਾਂ ਦੇ ਕੁਦਰਤੀ ਸਥਾਨਾਂ ਨਾਲੋਂ ਤੋੜ ਕੇ ਨਿਰਜੀਵ ਪੱਥਰਾਂ ਅੱਗੇ ਭੇਟ ਕੀਤਾ ਜਾਂਦਾ ਹੈ। ਕੁਦਰਤ ਦੇ ਝਰ ਝਰ ਕਰਦੇ ਝਰਨਿਆਂ, ਕਲ ਕਲ ਕਰਦੀਆਂ ਨਦੀਆਂ ਅਤੇ ਸ਼ੂਕਦੀਆਂ ਹਵਾਵਾਂ ਦੇ ਸੰਗੀਤ ਦੀ ਥਾਵੇਂ ਢੋਲ ਕੁੱਟੇ ਜਾਂਦੇ ਹਨ, ਨਰਸਿੰਗੇ ਵਜਾਏ ਜਾਂਦੇ ਹਨ ਅਤੇ ਰੱਬ ਨੂੰ ਬੋਲ਼ਾ ਜਾਣ ਉਸ ਸਪੀਕਰਾਂ ਦੇ ਸ਼ੋਰ ਸ਼ਰਾਬੇ ਨਾਲ ਵਾਤਾਵਰਨ ਵਿਚ ਸ਼ੋਰ ਪ੍ਰਦੂਸ਼ਣ ਕੀਤਾ ਜਾ ਰਿਹਾ ਹੈ। ਜਾਪਦਾ ਹੈ, ਗੁਰੂ ਜੀ ਦੀ ਬਾਣੀ ਸਾਨੂੰ ਸਮਝ ਨਹੀਂ ਆਉਂਦੀ ਜਾਂ ਅਸੀਂ ਸਮਝਣੀ ਨਹੀਂ ਚਾਹੁੰਦੇ।

Check Also

ਹਰਦੀਪ ਪੁਰੀ ਨੇ ਕੀਤਾ ਖੁਲਾਸਾ