ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਖਤਮ ਕਰਵਾਉਣ ਲਈ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਦਾ ਤੀਜਾ ਗੇੜ ਵੀਰਵਾਰ ਰਾਤੀਂ ਕਰੀਬ ਡੇਢ ਵਜੇ ਖ਼ਤਮ ਹੋਇਆ।ਚੰਡੀਗੜ੍ਹ ਦੇ ਸੈਕਟਰ 26 ਵਿਚਲੇ ਮਹਾਤਮਾ ਗਾਂਧੀ ਇੰਸਟੀਚਿਊਟ ਵਿੱਚ 6 ਘੰਟਿਆਂ ਤੋਂ ਵੱਧ ਸਮਾਂ ਚੱਲੀ ਇਸ ਗੱਲਬਾਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰੀ ਖੇਤੀ ਮੰਤਰੀ ਅਰਜੁਨ ਮੁੰਡਾ ਨੇ ਸਾਰਥਕ ਗੱਲਬਾਤ ਦੱਸਿਆ ਹੈ।
ਐੱਮਐੱਸਪੀ, ਸਵਾਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਤੇ ਕਿਸਾਨਾਂ ਦੇ ਕਰਜ਼ੇ ਸਣੇ ਸਾਰੀਆਂ ਮੰਗਾਂ ਉੱਤੇ ਚਰਚਾ ਹੋਈ ਹੈ। ਇਨ੍ਹਾਂ ਉੱਤੇ ਜੋ ਚਰਚਾ ਦੀ ਲੋੜ ਸੀ। ਹੁਣ ਕੇਂਦਰੀ ਮੰਤਰੀ ਸਰਕਾਰ ਨਾਲ ਚਰਚਾ ਕਰਕੇ ਐਤਵਾਰ ਨੂੰ ਮੁੜ ਗੱਲਬਾਤ ਲਈ ਆਉਂਣਗੇ।ਸਰਕਾਰ ਇਸ ਉੱਤੇ ਪੇਪਰ ਵਰਕ ਕਰਕੇ ਐਤਵਾਰ ਨੂੰ ਨਤੀਜਾ ਕੱਢ ਕੇ ਪ੍ਰਸਤਾਵ ਨਾਲ ਆਵੇਗੀ। ਇਸ ਦੌਰਾਨ ਚੋਣਾਂ ਲਈ ਲੱਗਣ ਵਾਲੇ ਕੋਡ ਆਫ਼ ਕੰਡਕਟ ਦੀ ਵੀ ਚਰਚਾ ਹੋਈ ਹੈ।
ਕਿਸਾਨ ਆਗੂ ਸਰਵਨ ਪੰਧੇਰ ਨੇ ਕਿਹਾ, ‘‘ਐੱਮਐੱਸਪੀ ਦੀ ਗਾਰੰਟੀ ਦਾ ਕਾਨੂੰਨ, ਸੀ ਪਲੱਸ 2 ਦੀ ਸਿਫਾਰਿਸ਼ ਤੇ ਕਿਸਾਨਾਂ ਦੇ ਕਰਜ਼ੇ ਵਰਗੇ ਅਹਿਮ ਮੁੱਦਿਆਂ ਉੱਤੇ ਬੈਠਕ ਦੌਰਾਨ ਕਿਸਾਨਾਂ ਉੱਤੇ ਸ਼ੈਲਿੰਗ ਹੋਈ, ਉਸ ਦੇ ਸਬੂਤ ਦਿੱਤੇ ਅਤੇ ਗਰਮਾ-ਗਰਮੀ ਵੀ ਹੋਈ। ਅਸੀਂ ਸੁਖਦ ਹੱਲ ਚਾਹੁੰਦੇ ਹਾਂ। ਅਸੀਂ ਸਾਥੀ ਜਥੇਬੰਦੀਆਂ ਨਾਲ ਅੱਜ ਦੀ ਗੱਲਬਾਤ ਸਾਂਝੀ ਕਰਾਂਗੇ।’’
‘‘ਜਦੋਂ ਗੱਲਬਾਤ ਚੱਲ ਰਹੀ ਹੈ ਤਾਂ ਇਸ ਦੇ ਨਤੀਜੇ ਬਾਰੇ ਨਹੀਂ ਕਿਹਾ ਜਾ ਸਕਦਾ, ਪਰ ਅਹਿਮ ਮੁੱਦਿਆਂ ਉੱਤੇ ਗੰਭੀਰ ਤੇ ਭਰਪੂਰ ਚਰਚਾ ਹੋਵੇਗੀ। ਜੋ ਗੱਲਬਾਤ ਹੋਈ ਜੇ ਉਸ ਉੱਤੇ ਅਮਲ ਹੋ ਗਿਆ ਤਾਂ ਗੱਲਬਾਤ ਅੱਗੇ ਵਧੇਗੀ।’’ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਨੇ ਕੀ ਕਿਹਾ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ, ‘‘ਲੰਬੀ ਚੌੜੀ ਗੱਲਬਾਤ ਹੋਈ ਹੈ, ਇਸ ਤੀਜੀ ਬੈਠਕ ਦੌਰਾਨ, ਮੈਂ ਪੰਜਾਬ ਦੇ ਮੁਖੀ ਹੋਣ ਦੇ ਨਾਤੇ ਆਪਣੇ ਲੋਕਾਂ ਦੇ ਹੱਕ ਵਿੱਚ ਆਇਆ ਹਾਂ। ਇਹ ਗੱਲਬਾਤ ਬਹੁਤ ਦੀ ਗੰਭੀਰ ਮੁੱਦਿਆਂ ਉੱਤੇ ਸਾਰਥਕ ਢੰਗ ਨਾਲ ਹੋਈ ਹੈ।’’
ਮੁੱਖ ਮਤੰਰੀ ਨੇ ਕਿਹਾ ਕਿ ਉਨ੍ਹਾਂ ਪੰਜਾਬ ਨਾਲ ਸਬੰਧਤ ਪਟਿਆਲਾ, ਸੰਗਰੂਰ ਤੇ ਫਤਹਿਗੜ੍ਹ ਜ਼ਿਲ੍ਹਿਆਂ ਵਿੱਚ ਕੇਂਦਰ ਨੇ ਜੋ ਇੰਟਰਨੈੱਟ ਬੰਦ ਕਰਵਾਇਆ, ਉਸ ਦਾ ਸਖ਼ਤ ਵਿਰੋਧ ਕੀਤਾ। ਮੁੱਖ ਮੰਤਰੀ ਨੇ ਪੰਜਾਬ ਦੇ ਖੇਤਰ ਵਿੱਚ ਕਿਸਾਨਾਂ ਉੱਤੇ ਬਰਸਾਏ ਜਾ ਰਹੇ ਹੰਝੂ ਗੈਸ ਦੇ ਗੋਲ਼ਿਆ ਉੱਤੇ ਵੀ ਆਪਣਾ ਰੋਸ ਜਾਹਰ ਕੀਤਾ। ਕੇਂਦਰ ਨੂੰ ਕਿਹਾ ਗਿਆ ਕਿ ਉਹ ਹਰਿਆਣਾ ਸਰਕਾਰ ਨੂੰ ਕਾਬੂ ਵਿੱਚ ਰੱਖੇ।