
ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਲੋਕ ਹਿੱਤਾਂ ਲਈ ਕੰਮ ਕਰਨ ਵਾਲੇ ਨੌਜਵਾਨ ਆਗੂਆਂ ਦੀ ਆਵਾਜ਼ ਦਬਾਉਣ ਲਈ ਪੰਜਾਬ ਸਰਕਾਰ ਝੂਠੇ ਪਰਚੇ ਦਰਜ ਕਰਨਾ ਬੰਦ ਕਰੇ। ਮਾਨ ਨੇ ਕਿਹਾ ਕਿ ਭਾਨਾ ਸਿੱਧੂ ਜੋ ਕਿ ਇੱਕ ਸਮਾਜ ਸੇਵਕ ਹੈ ਅਤੇ ਠੱਗ ਏਜੰਟਾਂ ਤੋਂ ਪੀੜਤ ਲੋਕਾਂ ਦੇ ਪੈਸੇ ਵਾਪਸ ਕਰਵਾਉਣ ਲਈ ਲਗਾਤਾਰ ਸੇਵਾ ਭਾਵਨਾ ਨਾਲ ਕੰਮ ਕਰ ਰਿਹਾ ਹੈ। ਇਸ ਸੇਵਾ ਭਾਵਨਾ ਦੇ ਨਾਲ-ਨਾਲ ਉਸ ਵੱਲੋਂ ਅਕਸਰ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਵਾਅਦਾਖਿਲਾਫੀਆਂ ਅਤੇ ਸਰਕਾਰ ਦੀਆਂ ਨਾਕਾਮੀਆਂ ‘ਤੇ ਵੀ ਸਵਾਲ ਉਠਾਏ ਜਾਂਦੇ ਰਹੇ ਹਨ।
ਇਸੇ ਕਰਕੇ ਭਾਨਾ ਸਿੱਧੂ ਕਾਫੀ ਸਮੇਂ ਤੋਂ ਸਰਕਾਰ ਦੀਆਂ ਅੱਖਾਂ ਵਿੱਚ ਰੜਕ ਰਿਹਾ ਸੀ। ਭਾਨਾ ਸਿੱਧੂ ਵਾਂਗ ਕੋਈ ਹੋਰ ਨੌਜਵਾਨ ਸਰਕਾਰ ਨੂੰ ਉਸਦੀ ਕਾਰਗੁਜਾਰੀ ਪ੍ਰਤੀ ਸਵਾਲ ਨਾ ਕਰੇ, ਇਸ ਕਰਕੇ ਉਸਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇਸ਼ਾਰੇ ‘ਤੇ ਟਾਰਗੇਟ ਕੀਤਾ ਜਾ ਰਿਹਾ ਹੈ। ਪਹਿਲਾਂ ਉਸ ਉਪਰ ਬਲੈਕਮੀਲਿੰਗ ਦਾ ਕੇਸ ਪਾਇਆ ਗਿਆ, ਜਦੋਂ ਉਸ ਵਿੱਚੋਂ ਜਮਾਨਤ ਮਿਲ ਗਈ ਤਾਂ ਸਾਜਿਸ਼ ਤਹਿਤ ਉਸਦੇ ਅਕਸ਼ ਨੂੰ ਖਰਾਬ ਕਰਨ ਲਈ ਪਟਿਆਲਾ ਵਿਖੇ ਚੈਨ ਸਨੈਚਿੰਗ ਦਾ ਕੇਸ ਦਰਜ ਕਰਵਾ ਦਿੱਤਾ, ਤਾਂ ਜੋ ਉਹ ਬਾਹਰ ਨਾ ਆ ਸਕੇ।ਮਾਨ ਸਰਕਾਰ ਨੂੰ ਦਿੱਤੀ ਚਿਤਾਵਨੀ: ਮਾਨ ਨੇ ਕਿਹਾ ਕਿ ਮੌਜੂਦਾ ਸਰਕਾਰ ਦੀ ਇਹ ਕਾਰਗੁਜਾਰੀ ਬੇਹੱਦ ਨਿੰਦਣਯੋਗ ਹੈ। ਪਹਿਲਾਂ ਲੋਕ ਹਿੱਤਾਂ ਦੀ ਗੱਲ ਕਰਨ ਵਾਲੇ ਸਿੱਖ ਨੌਜਵਾਨ ਆਗੂ ਭਾਈ ਅੰਮ੍ਰਿਤਪਾਲ ਪਾਲ ਸਿੰਘ ਨੂੰ ਝੂਠੇ ਕੇਸ ਪਾ ਕੇ ਡਿਬਰੂਗੜ੍ਹ ਜੇਲ੍ਹ ਅੰਦਰ ਬੰਦ ਕਰ ਦਿੱਤਾ।

ਹੁਣ ਭਾਨਾ ਸਿੱਧੂ ਦੀ ਆਵਾਜ਼ ਨੂੰ ਦਬਾਉਣ ਲਈ ਉਸ ਉਪਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਮਾਨ ਨੇ ਕਿਹਾ ਕਿ ਉਨ੍ਹਾਂ ਦੇ ਐਮ.ਪੀ. ਹਲਕੇ ਅਧੀਨ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਾਨਾ ਸਿੱਧੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਲੋਕਾਂ ਵਿੱਚ ਸਰਕਾਰ ਵਿਰੁੱਧ ਰੋਹ ਪੂਰਾ ਭਖ ਚੁੱਕਿਆ ਹੈ। ਜੇਕਰ ਪੰਜਾਬ ਸਰਕਾਰ ਨੇ ਭਾਨਾ ਸਿੱਧੂ ਵਿਰੁੱਧ ਦਰਜ ਕੀਤੇ ਝੂਠੇ ਕੇਸ ਵਾਪਸ ਲੈ ਕੇ ਉਸ ਨੂੰ ਤੁਰੰਤ ਰਿਹਾਅ ਨਾ ਕੀਤਾ ਤਾਂ ਮੁੱਖ ਮੰਤਰੀ ਪੰਜਾਬ ਦੇ ਵਿਧਾਨ ਸਭਾ ਹਲਕਾ ਧੂਰੀ ਵਿਖੇ 31 ਜਨਵਰੀ ਨੂੰ ਵੱਡਾ ਇਕੱਠ ਕਰਕੇ ਸਰਕਾਰ ਦੇ ਲੋਕ ਵਿਰੋਧੀ ਚਿਹਰੇ ਤੋਂ ਨਕਾਬ ਹਟਾਇਆ ਜਾਵੇਗਾ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.