ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ 44 ’ਤੇ ਗੋਰਾਇਆ ’ਚ ਥਾਣੇ ਦੇ ਸਾਹਮਣੇ ਪੁਲ ’ਤੇ ਵਾਪਰੇ ਭਿਆਨਕ ਸੜਕ ਹਾਦਸੇ ’ਚ 2 ਕਾਰਾਂ ਦੀ ਆਪਸ ’ਚ ਟੱਕਰ ਹੋਣ ਕਾਰਨ ਦੋਵੇਂ ਕਾਰਾਂ ਦੇ ਪਰਖੱਚੇ ਉੱਡ ਗਏ । ਇਸ ਹਾਦਸੇ ’ਚ ਇਕ ਮਹਿਲਾ ਲੈਕਚਰਾਰ ਦੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਜੋ ਲੈਕਚਰਾਰ ਹੈ, ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਇਸ ਦੇ ਨਾਲ ਕੈਪਟਨ ਵੀ ਜ਼ਖ਼ਮੀ ਹੋਇਆ ਹੈ।
ਜਾਣਕਾਰੀ ਅਨੁਸਾਰ ਹੌਂਡਾ ਸਿਟੀ ਕਾਰ ਨੰਬਰ (ਸੀ. ਐੱਚ.-01ਏ.ਬੀ.-6049) ’ਚ ਇਕ ਆਰਮੀ ਕੈਪਟਨ ਜੰਮੂ ਤੋਂ ਲੁਧਿਆਣਾ ਵੱਲ ਜਾ ਰਿਹਾ ਸੀ। ਜਦੋਂ ਮੁੱਖ ਮਾਰਗ ’ਤੇ ਡੱਲੇਵਾਲ ਫਾਟਕ ਦੇ ਸਾਹਮਣੇ ਫਲਾਈਓਵਰ ’ਤੇ ਉਸ ਦੀ ਕਾਰ ਪੁੱਜੀ ਤਾਂ ਗੱਡੀ ਦਾ ਅੱਗੇ ਦਾ ਟਾਇਰ ਫਟ ਗਿਆ। ਗੱਡੀ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰਕੇ ਦੂਜੇ ਪਾਸੇ ਪਹੁੰਚ ਗਈ, ਜੋ ਫਿਲੌਰ ਤੋਂ ਫਗਵਾੜਾ ਵੱਲ ਆ ਰਹੀ ਸਵਿੱਫਟ ਡਿਜ਼ਾਇਰ ਗੱਡੀ (ਪੀਬੀ-09ਵਾਈ-4336) ਨਾਲ ਟਕਰਾ ਗਈ। ਮੌਕੇ ’ਤੇ ਰਾਹਗੀਰਾਂ ਅਤੇ ਪੀ. ਸੀ. ਆਰ. ਟੀਮ ਦੇ ਏ. ਐੱਸ. ਆਈ ਸਰਬਜੀਤ ਸਿੰਘ ਅਤੇ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਕਾਰਾਂ ’ਚ ਫਸੇ ਲੋਕਾਂ ਨੂੰ ਗੱਡੀਆਂ ’ਚੋਂ ਬਾਹਰ ਕੱਢਿਆ।
ਹੌਂਡਾ ਸਿਟੀ ਕਾਰ ’ਚ ਸਵਾਰ ਆਰਮੀ ਦੇ ਕੈਪਟਨ ਗੁਰਕਮਲ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਲੁਧਿਆਣਾ ਅਤੇ ਡਿਜ਼ਾਇਰ ’ਚ ਸਵਾਰ ਲੈਕਚਰਾਰ ਪਤੀ-ਪਤਨੀ ਨੀਰਜ ਸ਼ਰਮਾ ਅਤੇ ਮੀਨਾਕਸ਼ੀ ਕਾਲੀਆ ਨੂੰ 108 ਐਂਬੂਲੈਂਸ ’ਚ ਫਗਵਾੜਾ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਜ਼ਖ਼ਮੀਆਂ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਜਲੰਧਰ ਦੇ ਨਿੱਜੀ ਹਸਪਤਾਲਾਂ ’ਚ ਰੈਫਰ ਕਰ ਦਿੱਤਾ ਗਿਆ ਹੈ।
ਪਤੀ-ਪਤਨੀ ਨੀਰਜ ਸ਼ਰਮਾ ਅਤੇ ਮੀਨਾਕਸ਼ੀ ਕਾਲੀਆ ਗੋਰਾਇਆ ਦੇ ਬੜਾ ਪਿੰਡ ਦੇ ਸਰਕਾਰੀ ਸਕੂਲ ’ਚ ਕੈਮਿਸਟਰੀ ਅਤੇ ਫਿਜ਼ਿਕਸ ਦੇ ਲੈਕਚਰਾਰ ਹਨ। ਉਹ ਸਕੂਲ ਤੋਂ ਛੁੱਟੀ ਤੋਂ ਬਾਅਦ ਫਗਵਾੜਾ ਸਥਿਤ ਆਪਣੇ ਘਰ ਪਰਤ ਰਹੇ ਸਨ। ਹਾਦਸੇ ਤੋਂ ਬਾਅਦ ਹਾਈਵੇਅ ’ਤੇ ਲੰਮਾ ਜਾਮ ਲੱਗ ਗਿਆ ਅਤੇ ਪੁਲਸ ਨੂੰ ਲਿੰਕ ਸੜਕ ਤੋਂ ਆਵਾਜਾਈ ਮੋੜਨੀ ਪਈ। ਉਧਰ ਦੇਰ ਰਾਤ ਜ਼ਖ਼ਮੀ ਲੈਕਚਰਾਰ ਮੀਨਾਕਸ਼ੀ ਕਾਲੀਆ ਦੀ ਹਸਪਤਾਲ ’ਚ ਮੌਤ ਹੋ ਜਾਣ ਦੀ ਖ਼ਬਰ ਹੈ।
ਪਤੀ-ਪਤਨੀ ਸਨ ਖ਼ੁਸ਼, ਵਿਦੇਸ਼ ਦਾ ਵੀਜ਼ਾ ਮਿਲ ਗਿਆ ਸੀ—ਲੈਕਚਰਾਰ ਨੀਰਜ ਸ਼ਰਮਾ ਦਾ ਵਿਦੇਸ਼ ਦਾ ਵੀਜ਼ਾ ਲੱਗ ਗਿਆ ਸੀ। ਦੋਵੇਂ ਪਤੀ-ਪਤਨੀ ਬਹੁਤ ਖ਼ੁਸ਼ ਸਨ ਪਰ ਉਨ੍ਹਾਂ ਨੂੰ ਕਿ ਪਤਾ ਸੀ ਕਿ ਉਨ੍ਹਾਂ ਦੀਆਂ ਖ਼ੁਸ਼ੀਆਂ ਨੂੰ ਨਜ਼ਰ ਲੱਗ ਜਾਵੇਗੀ। ਉੱਥੇ ਹੀ ਹੌਂਡਾ ਸਿਟੀ ਗੱਡੀ ਜਿਸ ’ਚ ਕੈਪਟਨ ਸਵਾਰ ਸੀ, ਜਿਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਉਸ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿਸ ਤੋਂ ਬਾਅਦ ਲੁਧਿਆਣਾ ਤੋਂ ਆਰਮੀ ਦੇ ਜਵਾਨ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਗੱਡੀ ’ਚ ਪਿਆ ਕੈਪਟਨ ਦਾ ਪਰਸ ਅਤੇ ਹੋਰ ਦਸਤਾਵੇਜ਼ ਆਪਣੇ ਕਬਜ਼ੇ ’ਚ ਲੈ ਲਏ, ਜਿਸ ਤੋਂ ਬਾਅਦ ਪਤਾ ਲੱਗਾ ਕਿ ਗੱਡੀ ’ਚ ਇਕ ਆਰਮੀ ਕੈਪਟਨ ਸਫ਼ਰ ਕਰ ਰਿਹਾ ਸੀ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.