ਇੱਥੇ ਸੜਕ ਪਾਰ ਕਰ ਰਹੇ ਸਿਹਤ ਵਿਭਾਗ ਤੋਂ ਰਿਟਾਇਰ ਸੁਪਰੀਡੈਂਟ ਤਰਸੇਮ ਸਿੰਘ (68) ਨੂੰ ਚਿੱਟੇ ਰੰਗ ਦੀ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ ਸਮੇਂ ਉਸ ਦਾ ਦੂਜੀ ਕਲਾਸ ’ਚ ਪੜ੍ਹਦਾ ਪੋਤਾ ਅਭਿਜੋਤ (8) ਅਤੇ 5ਵੀਂ ਕਲਾਸ ’ਚ ਪੜ੍ਹਦੀ ਪੋਤੀ ਅਸੀਸਜੀਤ ਕੌਰ (12) ਨਾਲ ਸਨ। ਸੜਕ ਹਾਦਸੇ ’ਚ ਤਿੰਨੇ ਹੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਨੇੜੇ ਦੇ ਨਿੱਜੀ ਹਸਪਤਾਲ ਫਿਰ ਡੀ. ਐੱਮ. ਸੀ. ਹਸਪਤਾਲ ਲਿਜਾਇਆ ਗਿਆ, ਜਿੱਥੇ ਤਰਸੇਮ ਸਿੰਘ ਦੀ ਮੌਤ ਹੋ ਗਈ।ਉੱਥੇ ਹਾਦਸੇ ਤੋਂ ਬਾਅਦ ਚਾਲਕ ਕਾਰ ਸਮੇਤ ਫ਼ਰਾਰ ਹੋ ਗਿਆ। ਇਸ ਹਾਦਸੇ ਨੂੰ ਦੇਖ ਕੇ ਸਾਹਮਣੇ ਖੜ੍ਹੇ ਪੁੱਤ ਦੀਆਂ ਚੀਕਾਂ ਨਿਕਲ ਗਈਆਂ।ਇਸ ਮਾਮਲੇ ’ਚ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਤਰਸੇਮ ਸਿੰਘ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਛੋਟੇ ਬੇਟੇ ਅਮਰਜੋਤ ਸਿੰਘ ਨਿਵਾਸੀ ਫੁੱਲਾਂਵਾਲ ਨੇ ਦੱਸਿਆ ਕਿ ਉਹ ਆਪਣੇ ਪਿਤਾ ਤਰਸੇਮ ਸਿੰਘ (68), ਪਤਨੀ ਅਤੇ ਜ਼ਖਮੀਂ ਭਤੀਜਾ-ਭਤੀਜੀ ਨਾਲ ਆਪਣੇ ਦੋਸਤ ਗੁਰਵਿੰਦਰ ਸਿੰਘ ਦੇ ਮਾਡਲ ਟਾਊਨ ਸਥਿਤ ਘਰ ਖਾਣਾ ਖਾਣ ਗਿਆ ਸੀ। ਰਾਤ ਕਰੀਬ 9 ਵਜੇ ਘਰ ਵਾਪਸ ਆਉਣ ਲਈ ਨਿਕਲੇ ਤਾਂ ਉਹ ਪਹਿਲਾਂ ਸੜਕ ਦੇ ਦੂਜੇ ਪਾਸੇ ਖੜ੍ਹੀ ਕਾਰ ਕੋਲ ਚਲਾ ਗਿਆ, ਜਦ ਪਿਤਾ, ਭਤੀਜਾ ਅਭਿਜੋਤ ਅਤੇ ਭਤੀਜੀ ਅਸੀਸਜੀਤ ਕੌਰ ਉਨ੍ਹਾਂ ਵੱਲ ਸੜਕ ਪਾਰ ਕਰ ਕੇ ਆ ਰਹੇ ਸਨ ਤਾਂ ਚਿੱਟੇ ਰੰਗ ਦੀ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਹਾਦਸੇ ਤੋਂ ਬਾਅਦ ਸਾਰਿਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਪਿਤਾ ਦੀ ਮੌਤ ਹੋ ਗਈ।
ਫਿਰ ਭਤੀਜੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡੀ. ਐੱਮ. ਸੀ. ਰੈਫ਼ਰ ਕਰ ਦਿੱਤਾ ਗਿਆ, ਜਦੋਂਕਿ ਭਤੀਜੀ ਨੂੰ ਫਸਟ ਏਡ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।ਸੜਕ ਹਾਦਸਾ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਿਆ। ਪੁਲਸ ਵੱਲੋਂ ਫੁਟੇਜ ਵੀ ਕਬਜ਼ੇ ਵਿਚ ਲੈ ਲਈ ਗਈ ਹੈ, ਤਾਂ ਜੋ ਚਾਲਕ ਦਾ ਪਤਾ ਲੱਗ ਸਕੇ। ਸਟ੍ਰੀਟ ਲਾਈਟਾਂ ਨਾ ਲੱਗੀਆਂ ਹੋਣ ਕਾਰਨ ਗਲੀ ‘ਚ ਪੂਰੀ ਤਰ੍ਹਾਂ ਹਨ੍ਹੇਰਾ ਸੀ, ਜਿਸ ਕਾਰਨ ਕਾਰ ਦਾ ਨੰਬਰ ਨਜ਼ਰ ਨਹੀਂ ਆ ਰਿਹਾ ਅਤੇ ਪੁਲਸ ਬੇਵੱਸ ਦਿਖਾਈ ਦੇ ਰਹੀ ਹੈ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.