ਕੈਨੇਡਾ ਵਿਚ ਭਾਰਤੀ ਵਿਦਿਆਰਥੀਆਂ ਨਾਲ ਤਸ਼ੱਦਦ ਦੇ ਮਾਮਲੇ ਵਧਦੇ ਜਾ ਰਹੇ ਹਨ। ਨੌਕਰੀਆਂ ਨਾ ਮਿਲਣ ਅਤੇ ਆਰਥਿਕ ਤੰਗੀ ਕਾਰਨ ਜਿਥੇ ਸਟੱਡੀ ਵੀਜ਼ੇ ’ਤੇ ਗਈਆਂ ਪੰਜਾਬੀ ਕੁੜੀਆਂ ਨਾਲ ਜਿਣਸੀ ਸ਼ੋਸ਼ਣ ਦੇ ਮਾਮਲੇ ਵੱਧ ਰਹੇ ਹਨ, ਉਥੇ ਹੀ ਦੂਜੇ ਪਾਸੇ ਮੁੰਡਿਆਂ ਨੂੰ ਪੈਸੇ ਦਾ ਲਾਲਚ ਦੇ ਕੇ ਨਸ਼ਿਆਂ ਦੇ ਧੰਦੇ ਵਿਚ ਫਸਾਇਆ ਜਾ ਰਿਹਾ ਹੈ। ਇਸ ਗੱਲ ਦਾ ਖੁਲਾਸਾ ਕਰਦਿਆਂ ਔਰਤਾਂ ਦੇ ਸਹਿਯੋਗੀ ਸੰਗਠਨ ਐਲਸਪੇਥ ਹੇਵਰਥ ਸੈਂਟਰ ਫਾਰ ਵੂਮੈਨ (ਈ.ਐੱਚ.ਸੀ.ਐੱਫ.ਡਬਲਯੂ.) ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਸ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਸੰਗਠਨ ਦਾ ਕਹਿਣਾ ਹੈ ਕਿ ਪੈਸੇ ਦੀ ਘਾਟ ਕਾਰਨ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੀਆਂ ਕੁੜੀਆਂ ਨੂੰ ਆਰਥਿਕ ਸਹਾਇਤਾ ਦੇਣ ਵਿਚ ਕੈਨੇਡੀਅਨ ਗੁਰਦੁਆਰੇ ਵੀ ਦਿਲਚਸਪੀ ਨਹੀਂ ਦਿਖਾ ਰਹੇ ਹਨ, ਇਸ ਕਰ ਕੇ ਵਿਦੇਸ਼ ਦੇ ਸਮੂਹ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਿੱਤੀ ਯੋਗਦਾਨ ਪਾਉਣ ਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ।
ਇਕ ਮੀਡੀਆ ਰਿਪੋਰਟ ਵਿਚ ਈ.ਐੱਚ.ਸੀ.ਐੱਫ.ਡਬਲਿਊ. ਦੀ ਕਾਰਜਕਾਰੀ ਨਿਰਦੇਸ਼ਕ ਸ਼੍ਰੀਮਤੀ ਸੁੰਦਰ ਸਿੰਘ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਟੱਡੀ ਵੀਜ਼ੇ ’ਤੇ ਕੈਨੇਡਾ ਆਈਆਂ ਪੰਜਾਬੀ ਕੁੜੀਆਂ ਦੇ ਜਿਣਸੀ ਸ਼ੋਸ਼ਣ ਦੀਆਂ ਵੱਧ ਰਹੀਆਂ ਘਟਨਾਵਾਂ ਵੱਲ ਸਮਾਜਿਕ ਸੰਸਥਾਵਾਂ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਸਾਲ ਤਕਰੀਬਨ 5 ਲੱਖ ਅੰਤਰਰਾਸ਼ਟਰੀ ਵਿਦਿਆਰਥੀ ਖਾਸ ਕਰ ਕੇ ਪੰਜਾਬ ਤੋਂ ਕੈਨੇਡਾ ਆਉਂਦੇ ਹਨ। ਉਹ ਮੌਜੂਦਾ ਆਰਥਿਕ ਸਥਿਤੀਆਂ ਅਤੇ ਰੋਜ਼ਗਾਰ ਦੇ ਬਾਜ਼ਾਰ ਵਿਚ ਢੁਕਵੇਂ ਘੰਟਿਆਂ ਦੇ ਹਿਸਾਬ ਨਾਲ ਯੋਗ ਨੌਕਰੀਆਂ ਦੀ ਘਾਟ ਕਾਰਨ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਸ਼੍ਰੀਮਤੀ ਸਿੰਘ ਨੇ ਸਟੱਡੀ ਵੀਜ਼ਾ ’ਤੇ ਕੈਨੇਡਾ ਆਉਣ ਵਾਲੀਆਂ ਕੁੜੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਨਵੇਂ ਜਾਣ-ਪਛਾਣ ਵਾਲਿਆਂ ਤੋਂ ਵਿੱਤੀ ਮਦਦ ਨਾ ਲੈਣ ਜਾਂ ਆਪਣੀ ਬੈਂਕ ਦੇ ਵੇਰਵੇ ਅਤੇ ਪਤੇ ਉਨ੍ਹਾਂ ਨਾਲ ਸਾਂਝੇ ਨਾ ਕਰਨ। ਕਈ ਅਜਿਹੇ ਉਦਾਹਰਣ ਹਨ, ਜਦੋਂ ਕੁੜੀਆਂ ਦੇ ਨਵੇਂ ਜਾਣ-ਪਛਾਣ ਵਾਲੇ ਉਨ੍ਹਾਂ ਨੂੰ ਆਰਥਿਕ ਸਹਾਇਤਾ ਦੇਣ ਤੋਂ ਬਾਅਦ ਹੋਰ ਦੋਸਤਾਂ ਨਾਲ ਸਮਾਂ ਬਿਤਾਉਣ ਲਈ ਮਜਬੂਰ ਕਰਦੇ ਹਨ। ਕੁੜੀਆਂ ਦੇ ਇਤਰਾਜ਼ਯੋਗ ਪੋਜ਼ ਵਿਚ ਚੁੱਪ-ਚੁਪੀਤੇ ਵੀਡੀਓ ਬਣਾ ਲਏ ਜਾਂਦੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਖ਼ਤਰੇ ਵਿਚ ਪਾ ਕੇ ਬਲੈਕਮੇਲ ਕੀਤਾ ਜਾਂਦਾ ਹੈ।
ਇਮੀਗ੍ਰੇਸ਼ਨ ਸਲਾਹਕਾਰ ਵੀ ਪੇਸ਼ ਕਰਦੇ ਹਨ ਗਲਤ ਤਸਵੀਰ
ਸ਼੍ਰੀਮਤੀ ਸਿੰਘ ਅਨੁਸਾਰ, ਭਾਰਤੀ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਉਦੋਂ ਤੱਕ ਕੈਨੇਡਾ ਨਹੀਂ ਭੇਜਣਾ ਚਾਹੀਦਾ ਜਦੋਂ ਤੱਕ ਉਹ ਗ੍ਰੈਜੂਏਟ ਅਤੇ ਸਿਆਣੇ ਨਹੀਂ ਹੋ ਜਾਂਦੇ ਕਿਉਂਕਿ ਇਥੇ ਜ਼ਿੰਦਗੀ ਆਸਾਨ ਨਹੀਂ ਹੈ। ਇਸ ਸਮੇਂ ਬੱਚਿਆਂ ਨੂੰ ਕੈਨੇਡਾ ਵਿਚ ਕਿਰਾਏ ਦੇ ਮਕਾਨ ’ਤੇ ਹੀ 50 ਤੋਂ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਖਰਚ ਕਰਨਾ ਪੈਂਦਾ ਹੈ। ਦੂਜਾ, ਭਾਰਤ ਵਿਚ ਇਮੀਗ੍ਰੇਸ਼ਨ ਸਲਾਹਕਾਰ ਗਾਹਕਾਂ ਨੂੰ ਕੈਨੇਡਾ ਵਿਚ ਬਹੁਤ ਖੁਸ਼ਹਾਲ ਜ਼ਿੰਦਗੀ ਦੀ ਪੇਸ਼ਕਸ਼ ਕਰ ਕੇ ਲੁਭਾਉਂਦੇ ਹਨ। ਉਨ੍ਹਾਂ ਲੋਕਾਂ ਦੇ ਮਾਮਲੇ ਵਿਚ ਸਥਿਤੀ ਵੱਖਰੀ ਹੋ ਸਕਦੀ ਹੈ, ਜਿਨ੍ਹਾਂ ਦੇ ਮਦਦਗਾਰ, ਰਿਸ਼ਤੇਦਾਰ ਕੈਨੇਡਾ ਵਿਚ ਸੈਟਲ ਹੋ ਗਏ ਹਨ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.