ਪਾਕਿਸਤਾਨ ਵਿਚ ਹੜ੍ਹਾਂ ਤੋਂ ਬਾਅਦ ਵਧਦੀ ਮਹਿੰਗਾਈ ਕਾਰਨ ਲੋਕਾਂ ‘ਚ ਹਾਹਾਕਾਰ ਮਚੀ ਹੋਈ ਹੈ। ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਤੋਂ ਬੇਲਆਊਟ ਪੈਕੇਜ ਦੀ ਜ਼ਰੂਰਤ ਹੈ, ਪਰ ਆਈਐਮਐਫ ਦੀਆਂ ਸਖ਼ਤ ਸ਼ਰਤਾਂ ਨੂੰ ਸਵੀਕਾਰ ਕਰਨ ਤੋਂ ਬਾਅਦ ਪਾਕਿਸਤਾਨ ਵਿਚ ਮਹਿੰਗਾਈ ਹੋਰ ਵਧ ਸਕਦੀ ਹੈ। ਇਥੇ ਸਥਿਤੀ ਦਿਨੋ-ਦਿਨ ਬਦਤਰ ਹੁੰਦੀ ਜਾ ਰਹੀ ਹੈ, ਲੋਕਾਂ ਲਈ ਰੋਜ਼ਮਰ੍ਹਾ ਦੀਆਂ ਵਸਤੂਆਂ ਖਰੀਦਣੀਆਂ ਮੁਸ਼ਕਲ ਹੋ ਗਈਆਂ ਹਨ। ਹੁਣ ਖਬਰ ਆ ਰਹੀ ਹੈ ਕਿ ਦੁੱਧ ਅਤੇ ਮੁਰਗੇ ਦੇ ਭਾਅ ਫਿਰ ਵਧਾ ਦਿੱਤੇ ਗਏ ਹਨ।
ਪਾਕਿਸਤਾਨੀ ਅਖਬਾਰ ਡਾਨ ਨੇ ਖਬਰ ਦਿੱਤੀ ਹੈ ਕਿ ਖੁੱਲ੍ਹੇ ਦੁੱਧ ਦੀਆਂ ਕੀਮਤਾਂ 190 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 210 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ ਅਤੇ ਪਿਛਲੇ ਦੋ ਦਿਨਾਂ ਵਿੱਚ ਮੁਰਗੇ ਦੀ ਕੀਮਤ 30-40 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵਧੀ ਹੈ।ਡਾਨ ਦੀ ਰਿਪੋਰਟ ਮੁਤਾਬਕ ਚਿਕਨ ਹੁਣ 700-780 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ, ਜੋ ਪਹਿਲਾਂ 620-650 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਰਿਪੋਰਟ ਵਿਚ ਆਖਿਆ ਗਿਆ ਹੈ ਕਿ ਹੱਡੀ ਸਣੇ ਮਾਸ ਦੀ ਕੀਮਤ 1000 ਰੁਪਏ ਤੋਂ ਉਪਰ ਹੋ ਗਈ ਹੈ।
ਕਰਾਚੀ ਮਿਲਕ ਰਿਟੇਲਰ ਐਸੋਸੀਏਸ਼ਨ ਦੇ ਮੀਡੀਆ ਕੋਆਰਡੀਨੇਟਰ ਵਹੀਦ ਗਦੀ ਨੇ ਡਾਨ ਨੂੰ ਦੱਸਿਆ, “ਦੁਕਾਨਦਾਰ ਮਹਿੰਗੇ ਭਾਅ ‘ਤੇ ਦੁੱਧ ਵੇਚ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਡੇਅਰੀਆਂ ਅਤੇ ਥੋਕ ਵਿਕਰੇਤਾਵਾਂ ਵੱਲੋਂ ਐਲਾਨੇ ਗਏ ਭਾਅ ਵਿੱਚ ਵਾਧਾ ਇਸੇ ਤਰ੍ਹਾਂ ਰਿਹਾ ਤਾਂ ਦੁੱਧ ਦੀ ਕੀਮਤ 210 ਰੁਪਏ ਦੀ ਬਜਾਏ 220 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ।
ਪੋਲਟਰੀ ਦੇ ਵਧਦੇ ਰੇਟਾਂ ਉਤੇ ਸਿੰਧ ਪੋਲਟਰੀ ਹੋਲਸੇਲਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਕਮਲ ਅਖਤਰ ਸਿੱਦੀਕੀ ਨੇ ਦੱਸਿਆ ਕਿ ਜ਼ਿੰਦਾ ਮੁਰਗੀ ਦਾ ਥੋਕ ਰੇਟ 600 ਰੁਪਏ ਪ੍ਰਤੀ ਕਿਲੋ ਹੈ, ਜਦੋਂ ਕਿ ਇਸ ਦੇ ਮੀਟ ਦਾ ਰੇਟ 650 ਅਤੇ 700 ਰੁਪਏ ਹੈ।
ਨਵੀਂਆਂ ਕੀਮਤਾਂ ਆਈਐਮਐਫ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਵਿਚ ਰੁਕਾਵਟ ਦੇ ਵਿਚਕਾਰ ਆਈਆਂ ਹਨ। ਇਹ ਸ਼ਹਿਬਾਜ਼ ਸ਼ਰੀਫ ਦੀ ਸਰਕਾਰ ਲਈ ਇਕ ਝਟਕਾ ਹੈ ਕਿਉਂਕਿ ਦੇਸ਼ ਪਿਛਲੇ ਸਾਲ ਹੜ੍ਹਾਂ ਤੋਂ ਉਭਰਨ ਲਈ ਸੰਘਰਸ਼ ਕਰ ਰਿਹਾ ਹੈ ਜਿਸ ਵਿੱਚ 1,739 ਲੋਕ ਮਾਰੇ ਗਏ ਸਨ ਅਤੇ 20 ਲੱਖ ਘਰ ਤਬਾਹ ਹੋ ਗਏ ਸਨ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.