ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਧਨਾਸਰੀ ਮਹਲਾ ੫ ॥ ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ ਸਾਸਿ ਸਾਸਿ ਮਨੁ ਨਾਮੁ ਸਮ੍ਹ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥ ਤੁਮ੍ਹ੍ਹ ਕਰਹੁ ਦਇਆ ਮੇਰੇ ਸਾਈ ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥ ਤੁਮ੍ਹ੍ਹਰੀ ਕ੍ਰਿਪਾ ਤੇ ਮੋਹੁ ਮਾਨੁ ਛੂਟੈ ਬਿਨਸਿ ਜਾਇ ਭਰਮਾਈ ॥ ਅਨਦ ਰੂਪੁ ਰਵਿਓ ਸਭ ਮਧੇ ਜਤ ਕਤ ਪੇਖਉ ਜਾਈ ॥੨॥ ਤੁਮ੍ਹ੍ਹ ਦਇਆਲ ਕਿਰਪਾਲ ਕ੍ਰਿਪਾ ਨਿਧਿ ਪਤਿਤ ਪਾਵਨ ਗੋਸਾਈ ॥ ਕੋਟਿ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ॥੩॥ ਜਾਪ ਤਾਪ ਭਗਤਿ ਸਾ ਪੂਰੀ ਜੋ ਪ੍ਰਭ ਕੈ ਮਨਿ ਭਾਈ ॥ ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤਿ ਅਘਾਈ ॥੪॥੧੦॥ {ਪੰਨਾ 673}
ਪਦਅਰਥ: ਪੀਸਉ = ਪੀਸਉਂ, ਮੈਂ (ਆਟਾ) ਪੀਹਾਂ। ਸੰਤ ਆਗੈ = ਸੰਤਾਂ ਦੀ ਸੇਵਾ ਵਿਚ। ਜਸੁ = ਸਿਫ਼ਤਿ-ਸਾਲਾਹ। ਗਾਈ = ਗਈਂ, ਮੈਂ ਗਾਵਾਂ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਮ੍ਹ੍ਹਾਰੈ = ਯਾਦ ਕਰਦਾ ਰਹੇ। ਬਿਸ੍ਰਾਮ ਨਿਧਿ = ਸੁਖ ਦਾ ਖ਼ਜ਼ਾਨਾ। ਪਾਈ = ਪਾਈਂ, ਮੈਂ ਹਾਸਲ ਕਰ ਲਵਾਂ।੧। ਮੇਰੇ ਸਾਈ = ਹੇ ਮੇਰੇ ਸਾਈਂ! ਠਾਕੁਰ = ਹੇ ਮਾਲਕ! ਧਿਆਈ = ਧਿਆਈਂ, ਮੈਂ ਧਿਆਵਾਂ।੧।ਰਹਾਉ।
ਤੇ = ਤੋਂ, ਨਾਲ। ਛੁਟੈ = ਮੁੱਕ ਜਾਏ। ਭਰਮਾਈ = ਭਟਕਣਾ। ਅਨਦ = ਆਨੰਦ। ਰਵਿਓ = ਵਿਆਪਕ। ਮਧੇ = ਵਿਚ। ਜਤ ਕਤ = ਜਿੱਥੇ ਕਿੱਥੇ। ਪੇਖਉ = ਪੇਖਉਂ, ਮੈਂ ਵੇਖਾਂ। ਜਾਈ = ਜਾਇ, ਜਾ ਕੇ।੨। ਨਿਧਿ = ਖ਼ਜ਼ਾਨਾ। ਪਤਿਤ ਪਾਵਨ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ। ਗੋਸਾਈ = ਹੇ ਧਰਤੀ ਦੇ ਖਸਮ! ਕੋਟਿ = ਕ੍ਰੋੜਾਂ। ਤੇ = ਤੋਂ, ਨਾਲ। ਮੁਖ ਤੇ = ਮੂੰਹੋਂ। ਨਿਮਖ = ਅੱਖ ਝਮਕਣ ਜਿਤਨੇ ਸਮੇ ਲਈ। ਬੁਲਾਈ = ਬੁਲਾਈਂ, ਮੈਂ (ਤੇਰਾ ਨਾਮ) ਉਚਾਰਾਂ।੩।ਸਾ = ਉਹ {ਇਸਤ੍ਰੀ ਲਿੰਗ}। ਕੈ ਮਨਿ = ਦੇ ਮਨ ਵਿਚ। ਭਾਈ = ਪਸੰਦ ਆਉਂਦੀ ਹੈ। ਤ੍ਰਿਪਤਿ ਅਘਾਈ = ਪੂਰਨ ਤੌਰ ਤੇ ਰੱਜ ਜਾਈਦਾ ਹੈ।੪। ਅਰਥ: ਹੇ ਮੇਰੇ ਖਸਮ-ਪ੍ਰਭੂ! ਮੇਰੇ ਉੱਤੇ) ਦਇਆ ਕਰ। ਹੇ ਮੇਰੇ ਠਾਕੁਰ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ।੧।ਰਹਾਉ।
(ਹੇ ਪ੍ਰਭੂ! ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ ਸੇਵਾ ਵਿਚ (ਰਹਿ ਕੇ, ਉਹਨਾਂ ਵਾਸਤੇ) ਪਾਣੀ (ਢੋਂਦਾ ਰਹਾਂ, ਉਹਨਾਂ ਨੂੰ) ਪੱਖਾ (ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ) ਪੀਂਹਦਾ ਰਹਾਂ, ਤੇ, ਹੇ ਗੋਬਿੰਦ! ਤੇਰੀ ਸਿਫ਼ਤਿ-ਸਾਲਾਹ ਤੇਰੇ ਗੁਣ ਗਾਂਦਾ ਰਹਾਂ। ਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ।੧।
ਹੇ ਪ੍ਰਭੂ! ਤੇਰੀ ਕਿਰਪਾ ਨਾਲ (ਮੇਰਾ ਅੰਦਰੋਂ) ਮਾਇਆ ਦਾ ਮੋਹ ਮੁੱਕ ਜਾਏ, ਅਹੰਕਾਰ ਦੂਰ ਹੋ ਜਾਏ, ਮੇਰੀ ਭਟਕਣਾ ਦਾ ਨਾਸ ਹੋ ਜਾਏ, ਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ, ਸਭਨਾਂ ਵਿਚ ਮੈਨੂੰ ਤੂੰ ਆਨੰਦ-ਸਰੂਪ ਹੀ ਵੱਸਦਾ ਦਿੱਸੇਂ।੨।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.