ਜੇਕਰ ਤੁਸੀਂ ਏਟੀਐਮ ‘ਚੋਂ ਪੈਸੇ ਕਢਵਾਉਣ ਜਾ ਰਹੇ ਹੋ ਤੇ ਆਪਣਾ ਕਾਰਡ ਘਰ ਭੁੱਲ ਗਏ ਹੋ ਤਾਂ ਚਿੰਤਾ ਨਾ ਕਰੋ, ਹੁਣ ਤੁਸੀਂ ਬਗੈਰ ਕਾਰਡ ਦੇ ਵੀ ਏਟੀਐਮ ‘ਚੋਂ ਪੈਸੇ ਕਢਵਾ ਸਕਦੇ ਹੋ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਕਾਰਡ-ਲੈੱਸ ਕੈਸ਼ ਨਿਕਾਸੀ ਬਾਰੇ ਨਿਯਮ ਜਾਰੀ ਕੀਤੇ ਹਨ। ਇਹ ਸਹੂਲਤ ਜਲਦੀ ਹੀ ਦੇਸ਼ ਦੇ ਸਾਰੇ ਬੈਂਕਾਂ ਤੇ ਏਟੀਐਮ ਮਸ਼ੀਨਾਂ ‘ਚ ਸ਼ੁਰੂ ਹੋ ਜਾਵੇਗੀ।
RBI ਨੇ ਜਾਰੀ ਕੀਤਾ ਸਰਕੂਲਰ – ਇੱਕ ਰਿਪੋਰਟ ਅਨੁਸਾਰ RBI ਨੇ 19 ਮਈ 2022 ਨੂੰ ਇੱਕ ਸਰਕੂਲਰ ਜਾਰੀ ਕਰਕੇ ਸਾਰੇ ਬੈਂਕਾਂ ਨੂੰ ਇਹ ਸਹੂਲਤ ਜਲਦੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਸਹੂਲਤ 24 ਘੰਟੇ ‘ਚ ਉਪਲੱਬਧ ਹੋਵੇਗੀ। ਦਰਅਸਲ, 8 ਅਪ੍ਰੈਲ 2022 ਨੂੰ ਹੋਈ ਐਮਪੀਸੀ ਦੀ ਮੀਟਿੰਗ ‘ਚ ਰਿਜ਼ਰਵ ਬੈਂਕ ਵੱਲੋਂ ਇਸ ਸਹੂਲਤ ਦਾ ਐਲਾਨ ਕੀਤਾ ਗਿਆ ਸੀ। ਆਰਬੀਆਈ ਗਵਰਨਰ ਨੇ ਕਿਹਾ ਸੀ ਕਿ ਲਗਾਤਾਰ ਵੱਧ ਰਹੀ ਆਨਲਾਈਨ ਧੋਖਾਧੜੀ ਅਤੇ ਏਟੀਐਮ ‘ਤੇ ਕਾਰਡ ਕਲੋਨਿੰਗ ਵਰਗੀਆਂ ਘਟਨਾਵਾਂ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਨੁਕਸਾਨ ਨਾ ਹੋਵੇ, ਇਸ ਨੂੰ ਵੇਖਦੇ ਹੋਏ ਡਿਜ਼ੀਟਲ ਲੈਣ-ਦੇਣ ਨੂੰ ਸੁਰੱਖਿਅਤ ਬਣਾਉਣ ਦੇ ਉਦੇਸ਼ ਨਾਲ ਇਹ ਨਵਾਂ ਨਿਯਮ ਲਿਆਂਦਾ ਜਾ ਰਿਹਾ ਹੈ।
ਯੂਪੀਆਈ ਰਾਹੀਂ ਕਢਵਾਏ ਜਾ ਸਕਦੇ ਪੈਸੇ – ਕਾਰਡ ਲੈਸ ਨਕਦੀ ਕਢਵਾਉਣ ਦੀ ਸਹੂਲਤ ਦੇ ਤਹਿਤ ਹੁਣ ਯੂਪੀਆਈ ਦੀ ਮਦਦ ਨਾਲ ਕਿਸੇ ਵੀ ਬੈਂਕ ਦੇ ਏਟੀਐਮ ‘ਚੋਂ ਬਗੈਰ ਡੈਬਿਟ ਕਾਰਡ ਦੀ ਵਰਤੋਂ ਕੀਤੇ ਪੈਸੇ ਕਢਵਾਏ ਜਾ ਸਕਦੇ ਹਨ। ਦੱਸ ਦੇਈਏ ਕਿ ਕੁਝ ਚੁਣੇ ਹੋਏ ਬੈਂਕ ਪਹਿਲਾਂ ਹੀ ਆਪਣੇ ਗਾਹਕਾਂ ਨੂੰ ਇਹ ਕਾਰਡ ਲੈਸ ਸਹੂਲਤ ਪ੍ਰਦਾਨ ਕਰ ਰਹੇ ਹਨ। ਪਰ ਹੁਣ ਆਰਬੀਆਈ ਦੇ ਸਰਕੂਲਰ ਜਾਰੀ ਕਰਨ ਤੋਂ ਬਾਅਦ ਜਲਦੀ ਹੀ ਸਾਰੇ ਬੈਂਕਾਂ ਨੂੰ ਆਪਣੇ ਏਟੀਐਮ ‘ਤੇ ਇਹ ਸਹੂਲਤ ਪ੍ਰਦਾਨ ਕਰਨੀ ਪਵੇਗੀ। ਇਸ ਸਿਸਟਮ ਰਾਹੀਂ ਮੋਬਾਈਲ ਪਿੰਨ ਜਨਰੇਟ ਕਰਨਾ ਹੋਵੇਗਾ।
ਕੈਸ਼ਲੈਸ ਨਕਦੀ ਕਢਵਾਉਣ ਦੀ ਸਹੂਲਤ ‘ਚ ਲੈਣ-ਦੇਣ ਨੂੰ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਰਾਹੀਂ ਪੂਰਾ ਕੀਤਾ ਜਾਵੇਗਾ। ਇਹ ਸਹੂਲਤ ਸਿਰਫ਼ ਖੁਦ ਪੈਸੇ ਕਢਵਾਉਣ ‘ਤੇ ਹੀ ਮਿਲੇਗੀ। ਇਸ ਦੇ ਨਾਲ ਹੀ ਟਰਾਂਜੈਕਸ਼ਨ ਦੀ ਸੀਮਾ ਵੀ ਤੈਅ ਕੀਤੀ ਜਾਵੇਗੀ। ਰਿਪੋਰਟ ਮੁਤਾਬਕ ਅਜਿਹੇ ਟਰਾਂਜੈਕਸ਼ਨ ਦੀ ਸੀਮਾ 5 ਹਜ਼ਾਰ ਤੋਂ 10 ਹਜ਼ਾਰ ਰੁਪਏ ਹੈ।
ਖਾਤਾ ਧਾਰਕਾਂ ਦੀ ਪਛਾਣ ਹੋਵੇਗੀ ਪ੍ਰਮਾਣਿਤ- ਜ਼ਿਕਰਯੋਗ ਹੈ ਕਿ ਆਰਬੀਆਈ ਵੱਲੋਂ ਇਸ ਸਹੂਲਤ ਦਾ ਐਲਾਨ ਕਰਦੇ ਹੋਏ ਦੱਸਿਆ ਗਿਆ ਸੀ ਕਿ ਸਾਰੇ ਬੈਂਕਾਂ ਅਤੇ ਉਨ੍ਹਾਂ ਦੇ ਪੂਰੇ ਏਟੀਐਮ ਨੈੱਟਵਰਕਾਂ/ਆਪਰੇਟਰਾਂ ‘ਚ ਕਾਰਡ ਲੈੱਸ ਨਕਦੀ ਕਢਵਾਉਣ ਦੀ ਸੁਵਿਧਾ ਪ੍ਰਦਾਨ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ। ਇਸ ਸਹੂਲਤ ਦੇ ਜ਼ਰੀਏ ਜਦੋਂ ਕੋਈ ਵਿਅਕਤੀ ਕਿਸੇ ਏਟੀਐਮ ‘ਚੋਂ ਪੈਸੇ ਕਢਾਉਂਦਾ ਹੈ ਤਾਂ ਉਸ ਖਾਤਾ ਧਾਰਕ ਦੀ ਪਛਾਣ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਦੀ ਵਰਤੋਂ ਰਾਹੀਂ ਪ੍ਰਮਾਣਿਤ ਕੀਤੀ ਜਾਵੇਗੀ। ਇਸ ਤਰ੍ਹਾਂ ਧੋਖਾਧੜੀ ਦੇ ਮਾਮਲੇ ਘੱਟ ਹੋਣਗੇ।
ਲਗਾਤਾਰ ਵੱਧ ਰਹੇ ਧੋਖਾਧੜੀ ਦੇ ਮਾਮਲੇ – ਏਟੀਐਮ ਰਾਹੀਂ ਪੈਸੇ ਕਢਵਾਉਣ ਵਾਲੇ ਲੋਕਾਂ ਨਾਲ ਧੋਖਾਧੜੀ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਕੇਂਦਰੀ ਬੈਂਕ ਆਰਬੀਆਈ ਦੇ ਅਨੁਸਾਰ ਬਗੈਰ ਕਾਰਡ ਦੇ ਪੈਸੇ ਕਢਵਾਉਣ ਨਾਲ ਸਕਿਮਿੰਗ, ਕਾਰਡ ਕਲੋਨਿੰਗ, ਡਿਵਾਈਸ ਟੈਂਪਰਿੰਗ ਵਰਗੀਆਂ ਧੋਖਾਧੜੀਆਂ ਨੂੰ ਰੋਕਣ ‘ਚ ਮਦਦ ਮਿਲੇਗੀ। ਇਹੀ ਮੁੱਖ ਕਾਰਨ ਹੈ ਕਿ ਕੇਂਦਰੀ ਬੈਂਕ ਕਾਰਡ ਲੈੱਸ ਨਕਦੀ ਕਢਵਾਉਣ ਦੀ ਸਹੂਲਤ ਵਧਾਉਣ ਜਾ ਰਿਹਾ ਹੈ।