ਉੱਤਰ ਭਾਰਤ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਇਸੇ ਵਿਚਾਲੇ ਦੱਖਣ-ਪੱਛਮੀ ਭਾਰਤ ਵਿੱਚ ਮਾਨਸੂਨ ਨੇ ਅੰਡੇਮਾਨ ਤੇ ਨਿਕੋਬਾਰ ਟਾਪੂ ‘ਤੇ ਦਸਤਕ ਦੇ ਦਿੱਤੀ ਹੈ। ਟ੍ਰੋਪੋਸਫੀਅਰ ਦੇ ਹੇਠਲੇ ਪੱਧਰ ‘ਤੇ ਦੱਖਣ-ਪੱਛਮੀ ਹਵਾਵਾਂ ਬਹੁਤ ਜ਼ਿਆਦਾ ਮਜ਼ਬੂਤ ਹਨ, ਜਿਸ ਕਾਰਨ ਕਈ ਇਲਾਕਿਆਂ ਵਿੱਚ ਬਾਰਿਸ਼ ਹੋ ਰਹੀ ਹੈ । ਮੌਸਮ ਵਿਭਾਗ ਅਨੁਸਾਰ ਇਸ ਵਾਰ ਮਾਨਸੂਨ 27 ਮਈ ਤੱਕ ਕੇਰਲਾ ਪਹੁੰਚਣ ਦੀ ਸੰਭਾਵਨਾ ਹੈ।
ਉੱਥੇ ਹੀ ਦੂਜੇ ਪਾਸੇ ਮੰਗਲਵਾਰ ਤੋਂ ਦਿੱਲੀ ਸਣੇ ਉੱਤਰ ਭਾਰਤ ਦੇ ਕਈ ਇਲਾਕਿਆਂ ਵਿੱਚ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਭਾਰਤੀ ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਆਰਕੇ ਜੇਨਾਮਾਨੀ ਨੇ ਕਿਹਾ ਕਿ ਰਾਜਧਾਨੀ ਦਿੱਲੀ ਸਣੇ ਹੋਰ ਉੱਤਰੀ ਭਾਰਤ ਦੇ ਰਾਜਾਂ ਵਿੱਚ ਆਉਣ ਵਾਲੇ ਅਗਲੇ ਚਾਰ ਦਿਨਾਂ ਤੱਕ ਲੂ ਨਹੀਂ ਚੱਲੇਗੀ।
ਦੱਸ ਦੇਈਏ ਕਿ ਸੋਮਵਾਰ ਨੂੰ ਦਿੱਲੀ, ਰਾਜਸਥਾਨ, ਪੰਜਾਬ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਤਾਪਮਾਨ ਵਿੱਚ ਤਿੰਨ ਤੋਂ ਚਾਰ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਸੀ । ਮੌਸਮ ਵਿਭਾਗ ਮੁਤਾਬਕ 17 ਮਈ ਤੋਂ ਅਗਲੇ ਚਾਰ ਦਿਨਾਂ ਤੱਕ ਕਿਸੇ ਵੀ ਖੇਤਰ ਵਿੱਚ ਗਰਮੀ ਨਹੀਂ ਹੋਵੇਗੀ।
ਦੱਸ ਦੇਈਏ ਕਿ ਮੌਸਮ ਵਿਭਾਗ ਵੱਲੋਂ ਹਿਮਾਚਲ ਪ੍ਰਦੇਸ਼ ਵਿੱਚ ਅਗਲੇ ਦੋ ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ । ਮੌਸਮ ਵਿਭਾਗ ਵੱਲੋਂ ਮੰਗਲਵਾਰ ਨੂੰ ਲਾਹੌਲ ਸਪਿਤੀ ਨੂੰ ਛੱਡ ਕੇ ਰਾਜ ਦੇ ਬਾਕੀ ਜ਼ਿਲ੍ਹਿਆਂ ਵਿੱਚ 30 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।