ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਨੇ ਫ਼ਾਰਸੀ ਮੂਲ ਦੇ ‘ਲੰਗਰ’ ਦੇ ਸ਼ਾਬਦਿਕ ਅਰਥ ਦੇਦਿਆਂ ਲਿਖਿਆ ਹੈ ਉਹ ਥਾਂ ਜਿਥੇ ਗਰੀਬਾਂ/ਅਨਾਥਾਂ ਅਤੇ ਲੋੜਵੰਦਾਂ ਨੂੰ ਅੰਨ ਦਾ ਦਾਨ ਮਿਲੇ।
ਮੰਨਿਆ ਜਾਂਦਾ ਕਿ ਫ਼ਾਰਸੀ ਪ੍ਰੰਪਰਾ ਦੇ ਇਸ ਸ਼ਬਦ ਦੀ ਵਰਤੋਂ ਸ਼ੂਫ਼ੀਆਂ ਦੇ ਡੇਰਿਆਂ ਉਤੇ 12ਵੀਂ, 13ਵੀਂ ਸਦੀ ‘ਚ ਵੰਡੇ ਜਾਂਦੇ ਭੋਜਨ ਲਈ ਹੋਣੀ ਸ਼ੁਰੂ ਹੋ ਗਈ ਸੀ। ਸਿੱਖ ਧਰਮ ਵਿਚ ਇਸ ਦਾ ਆਰੰਭ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੋਇਆ ਜਦੋਂ ਗੁਰੂ-ਅਨੁਯਾਈਆਂ ਨੇ ਕਈ ਸੰਗਤਾਂ ਸਥਾਪਿਤ ਕੀਤੀਆਂ ਅਤੇ ਉਨ੍ਹਾਂ ‘ਚ ਭੋਜਨ ਵੰਡਣ ਦੀ ਵਿਵਸਥਾ ਕੀਤੀ । ਧਿਆਨ ਰਹੇ ਕਿ ਇਹ ਭੋਜਨ ਬਿਨਾਂ ਕਿਸੇ ਸਮਾਜਿਕ ਵਿਤਕਰੇ ਨਸਲ, ਜਾਤ, ਲਿੰਗ ਅਤੇ ਊਚ-ਨੀਚ ਦੇ ਇਕੋ ਪੰਕਤੀ ‘ਚ ਬੈਠ ਕੇ ਖਾਣਾ(ਛਕਣਾ) ਹੁੰਦਾ ਸੀ।
ਇਸ ਲਈ ਲੰਗਰ ਦੇ ਨਾਲ ਪੰਗਤ (ਪੰਕਤੀ) ਸ਼ਬਦ ਜੁੜ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਥੇ-ਜਿਥੇ ਆਪਣੇ ਧਰਮ ਦਾ ਪ੍ਰਚਾਰ ਕਰਕੇ ਸੰਗਤਾਂ ਬਣਾਈਆਂ, ਉਥੇ-ਉਥੇ ਲੰਗਰ ਚਲਾਉਣ ਦੀ ਤਾਕੀਦ ਕੀਤੀ, ਜਿਵੇਂ ਰਾਜਾ ਸ਼ਿਵਨਾਭ, ਭੂਮੀਆ ਚੋਰ, ਮਲਕ ਭਾਗੋ ਆਦਿ ਨੂੰ। ਕਰਤਾਰਪੁਰ ‘ਚ ਗੁਰੂ ਜੀ ਨੇ ਆਪਣੀ ਖੇਤੀ ਦੀ ਉਪਜ ਵਿਚ ਇਹ ਪ੍ਰਥਾ ਚਲਾਈ ਦੱਸੀ ਜਾਂਦੀ ਹੈ। ਲੰਗਰ ‘ਚ ਪਾਈ ਜਾਣ ਵਾਲੀ ਰਸਦ ਸਿੱਖਾਂ ਦੀ ਘਾਲ-ਕਮਾਈ ਜਾਂ ਦਸਾਂ ਨਹੁੰਆਂ ਦੀ ਕਿਰਤ ‘ਚੋਂ ਖ਼ਰੀਦੀ ਜਾਂਦੀ ਸੀ। ‘ਦਸਵੰਧ ਲਈ ਕੱਢੀ ਰਕਮ ਜ਼ਿਆਦਾਤਰ ਲੰਗਰ ‘ਤੇ ਹੀ ਖ਼ਰਚ ਕੀਤੀ ਜਾਂਦੀ ਹੈ। ਇਸ ਨੂੰ ਗੁਰੂ ਕਾ ਲੰਗਰ” ਕਿਹਾ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਸ ਪ੍ਰਥਾ ਦਾ ਬਹੁਤ ਵਿਕਾਸ ਕੀਤਾ ।
ਰਾਇ ਬਲਵੰਤ ਅਤੇ ਸਤਾ ਡੂਮ ਦੀ ਵਾਰ ‘ਚ ਇਸ ਬਾਰੇ ਵਿਸਥਾਰ ਸਹਿਤ ਵਰਣਨ ਹੈ – ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨਾ ਆਵੀ ਖਟੀਐ।। ( ਅੰਗ : 966 – 67 ) ਮਾਤਾ ਖੀਵੀ ਦਾ ਲੰਗਰ ‘ਵਿਸ਼ੇਸ਼ ਉੱਲੇਖ-ਯੋਗ ਹੈ- ਬਲਵੰਤ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ । ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ । ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ । ( ਅੰਗ : 967 ) ।