ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਬਿਜਲੀ ਦੇ ਮੁੱਦੇ ‘ਤੇ ਪੰਜਾਬ ਨੂੰ 16 ਅਪ੍ਰੈਲ ਨੂੰ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਜ ਖਾਸ ਤੌਰ ‘ਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਸ਼ਰਧਾਂਜਲੀ ਦੇਣ ਜਲੰਧਰ ਪਹੁੰਚੇ ਸੀ। ਬਾਬਾ ਸਾਹਿਬ ਅੰਬੇਡਕਰ ਜਯੰਤੀ ਮੌਕੇ ਜਲੰਧਰ ‘ਚ ਸੂਬਾ ਪੱਧਰੀ ਸਮਾਗਮ ਰੱਖਿਆ ਗਿਆ ਹੈ।
ਇਸ ਮੌਕੇ ਪ੍ਰੈੱਸ ਕਾਨਫਰੰਸ ਦੌਰਾਨ ਸੀਐਮ ਮਾਨ ਨੇ ਖਾਸ ਐਲਾਨ ਕਰਦਿਆ ਕਿਹਾ ਕਿ ਬਿਜਲੀ ਦੇ ਮੁੱਦੇ ਤੇ ਪੰਜਾਬ ਨੂੰ 16 ਅਪ੍ਰੈਲ ਨੂੰ ਇੱਕ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਵਿੱਚ ਕਿਸੇ ਵੀ ਮੁੱਦੇ ‘ਤੇ ਫ਼ਾਈਨੈਂਸ਼ੀਅਲ ਡਿਸਆਰਡਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸੈਂਟਰ ਦਾ ਪੈਸਾ ਕਦੀ ਵੀ ਵਾਪਸ ਨਹੀਂ ਜਾਵੇਗਾ ਤੇ ਜਿਨ੍ਹਾਂ ਵੀ ਸਕੀਮਾਂ ਲਈ ਸੈਂਟਰ ਦਾ ਪੈਸਾ ਆਉਂਦਾ ਹੈ, ਉਸੇ ਹੀ ਸਕੀਮ ਵਿੱਚ ਉਸ ਪੈਸੇ ਨੂੰ ਲਗਾਇਆ ਜਾਏਗਾ।
ਉੱਥੇ ਹੀ ਪੰਜਾਬ ਵਿੱਚ ਕਣਕ ਦੀ ਖ਼ਰੀਦ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਣਕ ਦੀ ਖਰੀਦ ਬਿਲਕੁਲ ਸਹੀ ਢੰਗ ਨਾਲ ਚੱਲ ਰਹੀ ਹੈ ਤੇ ਕਿਸਾਨਾਂ ਨੂੰ ਐਮਐਸਪੀ ਤੋਂ ਵੱਧ ਰੇਟ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵਿੱਚ ਇੱਕ ਰਾਜਾ ਖੇਤੀਬਾੜੀ ਮੰਤਰੀ ਸੀ ਪਰ ਹੁਣ ਇੱਕ ਆਮ ਆਦਮੀ ਖੇਤੀਬਾੜੀ ਮੰਤਰੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਵੱਡਾ ਮੁੱਦਾ ਸਿੱਖਿਆ ਤੇ ਸਿਹਤ ਦਾ ਹੈ ਤੇ ਸਰਕਾਰ ਇਨ੍ਹਾਂ ਮੁੱਦਿਆਂ ‘ਤੇ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਜਦ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਸਾਬਕਾ ਕਾਂਗਰਸੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਉੱਪਰ ਸਰਕਾਰ ਕੀ ਕਾਰਵਾਈ ਕਰਨ ਜਾ ਰਹੀ ਤੇ ਉਨ੍ਹਾਂ ਕਿਹਾ ਕਿ ਜਲਦ ਹੀ ਸਾਧੂ ਸਿੰਘ ਧਰਮਸੋਤ ਨਾਰਮਲ ਸੈੱਲ ਤੋਂ ਸਪੈਸ਼ਲ ਸੈੱਲ ਮੰਗਦੇ ਹੋਏ ਨਜ਼ਰ ਆਉਣਗੇ।
ਇਸ ਦੇ ਨਾਲ ਉਨ੍ਹਾਂ ਕਾਂਗਰਸੀ ਆਗੂ ਪਰਗਟ ਸਿੰਘ ਵੱਲੋਂ ਕੀਤੇ ਟਵੀਟ ਦਾ ਵੀ ਜਵਾਬ ਦਿੱਤਾ ਤੇ ਕਿਹਾ ਕਿ ਥੋੜ੍ਹੇ ਦਿਨ ਰੁਕ ਜਾਓ ਮੰਤਰੀਆਂ ਨੂੰ ਵੱਡੀਆਂ ਗੱਡੀਆਂ ਤੇ ਕੀ ਪੁਰਾਣੇ ਵਿਧਾਇਕਾਂ ਕੋਲ ਜਿਹੜੀਆਂ ਸਰਕਾਰੀ ਗੱਡੀਆਂ ਨੇ ਉਹ ਵੀ ਵਾਪਸ ਲੈ ਲਈਆਂ ਜਾਣਗੀਆਂ।