16ਵੀਂ ਵਿਧਾਨ ਸਭਾ ਦਾ ਪੰਜਾਬ ‘ਚ ਅਮਲ ਜਾਰੀ ਹੈ। ਜਿਵੇਂ ਹੀ ਅਮਲ ਪੂਰਾ ਹੋਏਗਾ ਨਾਲ਼ ਦੀ ਨਾਲ਼ ਭਗਵੰਤ ਸਿੰਘ ਮਾਨ ਨੂੰ 11000 ਕਰੋੜ ਦਾ ਸ਼ਗਨ ਬਿਜਲੀ ਮਹਿਕਮੇ ਨੂੰ ਸਬਸਿਡੀ ਦਾ ਦੇਣਾ ਪਵੇਗਾ, ਉਹ ਵੀ ਉਦੋਂ ਜਦੋਂ 8% ਬੇਰੁਜ਼ਗਾਰੀ ਤੇ 3 ਲੱਖ ਕਰੋੜ ਦੇ ਕਰਜ਼ੇ ਦਾ 18,000 ਕਰੋੜ ਸਲਾਨਾ ਵਿਆਜ਼ ਵਿਰਾਸਤ ‘ਚ ਮਿਲਿਆ ਹੋਵੇ।
। ਪਰ ਕਿਉਂਕਿ ਉਖਲੀ ‘ਚ ਸਿਰ ਦਿੱਤੈ ਹੁਣ ਇਹ ਸਭ ਕੁਛ ਕਰਨਾ ਪਵੇਗਾ ਕਿ ਕਿੱਥੋਂ ਲਿਆਉਣਾ ਹੈ ਤੇ ਕਿੱਥੇ ਦੇਣਾ ਹੈ। ਇਹ ਸਭ ਹੋਵੇਗਾ ਸਦਨ ਅੰਦਰ। ਵਿਧਾਨ ਸਭਾ ਤੈਅ ਕਰੇਗੀ ਕਿ ਪੰਜਾਬ ਵਿਚ ਬਦਲਾਅ ਦਾ ਰੰਗ ਕਿਹੋ ਜਿਹਾ ਹੋਊ। ਪਰ ਸਭ ਤੋਂ ਪਹਿਲਾਂ ਤਾਂ ਬਦਲਾਅ ਹੀ ਵਿਧਾਨ ਸਭਾ ਦਾ ਕਰਨ ਵਾਲ਼ਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲਾਂ ਤਾਂ ਸਦਨ ਦੀਆਂ ਬੈਠਕਾਂ 80 ਤੋਂ 100 ਕਰੇ। ਪਿਛਲੇ ਸਾਲ (2021) ਉਦੋਂ ਜਦੋਂ ਸਰਕਾਰ ਦਾ ਆਖਰੀ ਵਰ੍ਹਾ ਸੀ, ਪਤਾ ਕਿੰਨੀਆਂ ਬੈਠਕਾਂ ਹੋਈਆਂ ? ਸਿਰਫ 11 , ਜੋ ਅੱਜ ਤੀਕ ਦਾ ਸਭ ਤੋਂ ਘਟੀਆ ਰਿਕਾਰਡ ਹੈ।
ਪਿਛਲੇ 5 ਵਰ੍ਹਿਆਂ ਦਾ ਰਿਕਾਰਡ ਵੇਖੋਗੇ ਤਾਂ ਔਸਤ ਇੱਕ ਵਰ੍ਹੇ ‘ਚ ਸਿਰਫ 14 ਸੀਟਿੰਗਸ ਹੋਈਆਂ। ਇਹ ਕਿਹੋ ਜਿਹੀਆਂ ਹੋਈਆਂ ਤੁਸੀਂ ਵੀ ਬਿਹਤਰ ਜਾਣਦੇ ਹੋ। ਬਾਕੀ ਪੰਜ-ਪੰਜ,ਛੇ-ਛੇ ਪੈਨਸ਼ਨਾਂ ਵਾਲੇ ਵਿਧਾਨਕਾਰਾਂ ਦਾ ਮੁੱਦਾ ਤਾਂ ਸਾਨੂੰ ‘ਆਪ’ ਵਾਲੇ ਆਪ ਈ ਦੱਸਦੇ ਰਹੇ ਨੇ। ਟੈਲੀਫੋਨ ਦਾ ਬਿੱਲ 15,000 ਬਿੱਲ, ਬਿਨ੍ਹਾਂ ਕਿਸੇ ਸਬੂਤ ਤੋਂ 2 ਤੋਂ 4 ਲੱਖ ਦਾ ਸੈਰ ਸਪਾਟੇ ਦੀ ਵਸੂਲੀ ਤੇ ਅਥਾਹ ਮੈਡੀਕਲ ਬਿੱਲ ਇਤਿਆਦਿਕ ਬਹੁਤ ਸਾਰੇ ਸੁਧਾਰ ਤਾਂ ਪਹਿਲਾਂ ਵਿਧਾਨ ਸਭਾ ਦੇ ਹੋਣੇ ਚਾਹੀਦੇ ਨੇ।
ਬਾਕੀ ਬੈਠਕਾਂ ਵਧਾ ਕੇ ਲਾਈਵ ਕਰਨ ਦੀ ਲੋੜ ਇਆ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਬਦਲਾਅ ਦੀ ਬਹਾਰ ਆਏਗੀ ਕਿਵੇਂ ਤੇ ਇਹਦੀ ਫੋਟ ‘ਚ ਕਰੂੰਬਲਾਂ ਕੌਣ ਨੋਚਦੈ ਤੇ ਖਾਦ-ਪਾਣੀ ਕੌਣ ਦੇਂਦੈ। ਉਮੀਦ ਹੈ ਕਿ ਨੀਤੀਆਂ ਘੜਨ ਵੇਲੇ ਉਸਾਰੂ ਬਹਿਸ ਵੇਖਣ ਨੂੰ ਮਿਲੇਗੀ ਨਾ ਕਿ ਸਿੰਗ ਮਾਰੂ ਬਹਿਸ !!!!।।।-ਮਿੰਟੂ ਗੁਰੂਸਰੀਆ